ਪੰਜਾਬੀ ਯੂਨੀਵਰਸਿਟੀ ਦੇ ਧਰਮ ਅਧਿਐਨ ਵਿਭਾਗ 'ਚ ਬੁੱਧ ਜੈਅੰਤੀ ਮਨਾਈ ਗਈ
ਬੁੱਧ ਜੈਅੰਤੀ ਨੂੰ ਸਮਰਪਿਤ ਪੰਜਾਬੀ ਯੂਨੀਵਰਸਿਟੀ 'ਚ ਕਰਵਾਇਆ ਸਮਾਗਮ
ਬੁੱਧ ਧਰਮ ਇੱਕ ਅਧਿਆਤਮਕਵਾਦੀ ਧਰਮ ਹੈ ਜੋ ਸ਼ਾਂਤੀ ਅਤੇ ਪ੍ਰੇਮ ਦਾ ਮੁਦਈ ਹੈ
ਪਟਿਆਲਾ, 16 ਮਈ 2022- ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਵੱਲੋਂ ਬੁੱਧ ਜਯੰਤੀ ਬੜੇ ਧੂਮ-ਧਾਮ ਨਾਲ ਮਨਾਈ ਗਈ। ਇਸ ਸਮਾਗਮ ਵਿਚ ਅਮਰੀਕਾ ਤੋਂ ਪੰਜਾਬੀ ਯੂਨੀਵਰਸਿਟੀ ਵਿਚ ਆਏ ਵਿਜਟਿੰਗ ਪ੍ਰੋਫੈਸਰ ਲੈਲਾ ਚਮਨਖਾਨ ਨੇ ਵਿਸ਼ੇਸ਼ ਸ਼ਿਰਕਤ ਕੀਤੀ। ਲੈਲਾ ਚਮਨਖਾਨ ਨੇ ਕਿਹਾ ਕਿ ਬੁੱਧ ਧਰਮ ਇਕ ਅਧਿਆਤਮਵਾਦੀ ਧਰਮ ਹੈ ਜੋ ਸ਼ਾਂਤੀ ਅਤੇ ਪ੍ਰੇਮ ਨਾਲ ਰਹਿ ਕੇ ਜ਼ਿੰਦਗੀ ਦਾ ਨਿਰਬਾਹ ਕਰਨ ਦਾ ਯਤਨ ਕਰਦਾ ਹੈ। ਇਸ ਸਾਰੇ ਸਮਾਗਮ ਦੀ ਪ੍ਰਧਾਨਗੀ ਵਿਭਾਗ ਦੇ ਮੁਖੀ ਪ੍ਰੋ. ਮੁਹਮੰਦ ਹਬੀਬ ਜੀ ਨੇ ਕੀਤੀ। ਉਹਨਾ ਸ਼ਾਇਰ ਮੁਹੰਮਦ ਇਕਬਾਲ ਦੇ ਸ਼ੇਅਰ ਨਾਲ ਗੌਤਮ ਬੁੱਧ ਤੋਂ ਲੈ ਕੇ ਗੁਰੂ ਨਾਨਕ ਜੀ ਦੇ ਸਮੇਂ ਤੱਕ ਦੇ ਇਤਿਹਾਸ ਨੂੰ ਸੰਖੇਪ ਰੂਪ ਵਿਚ ਸਾਹਮਣੇ ਰੱਖਿਆ। ਉਹਨਾਂ ਦੱਸਿਆ ਕਿ ਵਿਅਕਤੀਗਤ ਅਨੁਭਵ ਤੋਂ ਪੈਦਾ ਹੋਣ ਵਾਲੇ ਧਰਮਾਂ ਵਿਚੋਂ ਬੁੱਧ ਧਰਮ ਆਪਣੀ ਪੈੜ ਜਮਾਈ ਬੈਠਾ ਹੈ। ਸੂਤਰਧਾਰ ਦੀ ਭੂਮਿਕਾ ਬੁੱਧ ਧਰਮ ਦੇ ਅਧਿਆਪਕ ਡਾ. ਅਰਵਿੰਦ ਰਿਤੂਰਾਜ ਜੀ ਨੇ ਬਾਖ਼ੂਬੀ ਨਿਭਾਈ।
ਉਹਨਾਂ ਬੁੱਧ ਧਰਮ ਦੇ ਸਿਧਾਂਤਾ ਅਤੇ ਉਹਨਾਂ ਦੇ ਵਿਵਹਾਰਕ ਜੀਵਨ ਦੀਆਂ ਝਲਕਾਂ ਨੂੰ ਸਰੋਤਿਆਂ ਦੇ ਸਾਹਮਣੇ ਰੱਖਿਆ। ਇਸ ਤੋਂ ਇਲਾਵਾ ਉਹਨਾਂ ਨੇ ਬੋਧੀਆਂ ਵੱਲੋਂ ਅਧਿਆਤਮ ਲਈ ਵਰਤੇ ਜਾਂਦੇ ਕੁਝ ਵਿਸ਼ੇਸ਼ ਸਮਾਨ ਜਿਵੇਂ ਗਉਂਦੀ ਹੋਇਆ ਬਾਊਲ ਆਦਿ ਦੇ ਦਰਸ਼ਨ ਵੀ ਕਰਵਾਏ। ਇਸ ਮੌਕੇ ਵਿਭਾਗ ਦੇ ਅਧਿਆਪਕ ਸਹਿਬਾਨ ਨੇ ਆਪਣੇ ਵਿਚਾਰ ਸਾਂਝੇ ਕੀਤੇ। ਪ੍ਰੋ. ਗੁਰਮੇਲ ਸਿੰਘ ਨੇ ਆਪਣੇ ਨਿੱਜੀ ਤਜ਼ਰਬਿਆਂ ਵਿਚੋਂ ਗੱਲ ਸਾਂਝੀ ਕਰਦਿਆਂ ਕਿਹਾ ਕਿ ਸਾਰਨਾਥ ਵਿਚ ਸਾਧਨਾ ਕਰਨ ਦੀ ਵਿਧੀ ਬਹੁਤ ਨਿਵੇਕਲੀ ਲੱਗੀ ਜਿੱਥੇ ਸਾਨੂੰ ਆਪਣੇ ਅਕੀਦਿਆਂ ਮੁਤਾਬਕ ਸ਼ਬਦ ਉਚਾਰਨ ਦਾ ਸਮਾਂ ਅਤੇ ਸਥਾਨ ਦਿੱਤਾ। ਲੋੜ ਹੈ ਸਾਨੂੰ ਉਹਨਾਂ ਦੇ ਸਿਧਾਤਾਂ ਅਨੁਸਾਰ ਸਮਝਣ ਦੀ ਕਿਉਂਕਿ ਸਮੱਸਿਆ ਸਾਡੇ ਮਨੁੱਖਾਂ ਵਿਚ ਹੈ ਬੁੱਧ ਵਿਚ ਨਹੀਂ।
ਪ੍ਰੋ. ਜਸਵਿੰਦਰ ਸਿੰਘ ਨੇ ਕਿਹਾ ਕਿ ਅਜਿਹੇ ਮੌਕੇ ਬੁੱਧ ਦੀਆਂ ਵਿਚਾਰਾਂ ਜਿੱਥੇ ਵਿਦਿਆਰਥੀਆਂ ਲਈ ਲਾਭਦਾਇਕ ਹਨ ਉੱਥੇ ਨਵੇਂ ਖੋਜ ਵਿਸ਼ਿਆਂ ਨੂੰ ਵੀ ਪੈਦਾ ਕਰਨ ਵਿਚ ਸਹਾੲਕਿ ਹੁੰਦੀਆਂ ਹਨ। ਪ੍ਰੋ. ਗੁਰਮੀਤ ਸਿੰਘ ਸਿੱਧੂ ਨੇ ਕਿਹਾ ਕਿ ਅਜਿਹੇ ਮੌਕਿਆਂ ਉੱਪਰ ਵਿਸ਼ੇਸ਼ ਤੌਰ ’ਤੇ ਲੈਕਚਰ ਕਰਵਾਉਣਾ ਅਤੇ ਇਕ ਪੈਗੰਬਰ ਨੂੰ ਯਾਦ ਕਰਨਾ ਭਾਰਤੀ ਪਰੰਪਰਾ ਦਾ ਜਿੱਥੇ ਹਿੱਸਾ ਰਿਹਾ ਹੈ ਉੱਥੇ ਜਿਗਿਆਸੂਆਂ ਲਈ ਇਸਦੀ ਮਹੱਤਤਾ ਹੋਰ ਵਧੇਰੇ ਸਾਰਥਕ ਹੋ ਜਾਂਦੀ ਹੈ। ਸਿੱਖ ਵਿਸ਼ਵਕੋਸ਼ ਵਿਭਾਗ ਦੇ ਮੁਖੀ ਪ੍ਰੋ. ਪਰਮਵੀਰ ਸਿੰਘ ਨੇ ਸਿੱਖ ਅਤੇ ਬੁੱਧ ਧਰਮ ਦੇ ਸਿਧਾਂਤਾ ਉੱਪਰ ਗੁਰਬਾਣੀ ਦੇ ਮਾਧਿਅਮ ਰਾਹੀਂ ਚਾਨਣਾ ਪਾਇਆ। ਸਿੱਖ ਵਿਵਹਾਰ ਦੀਆਂ ਸਮਾਨਤਾਵਾਂ ਦੇ ਅੰਸ਼ ਬੁੱਧ ਧਰਮ ਵਿਚ ਮੌਜੂਦ ਹਨ। ਇਸਦਾ ਮਕਸਦ ਲੋਕਾਂ ਨੂੰ ਉਸ ਦੁੱਖ ਤੋਂ ਮੁਕਤੀ ਦਿਵਾਉਣਾ ਹੈ ਜਿਸ ਲਈ ਮਨੁੱਖ ਸਾਰਾ ਜੀਵਨ ਅਜਾਈਂ ਗੁਆ ਦਿੰਦਾ ਹੈ। ਇਸ ਸਮੇਂ ਡਾ. ਪ੍ਰਦੀਪ ਕੌਰ ਨੇ ਬੁੱਧ ਧਰਮ ਦੀ ਔਰਤਾਂ ਦੇ ਸੰਬੰਧ ਵਿਚ ਹੋਈ ਖੋਜ ਨਾਲ ਹਾਜ਼ਰੀਨ ਨੂੰ ਜਾਣੂ ਕਰਵਾਇਆ। ਖੋਜਾਰਥੀ ਮਨਪ੍ਰੀਤ ਕੌਰ ਨੇ ਵਿਗਿਆਨਵਾਦ ਦੇ ਸੰਦਰਭ ਨੂੰ ਮੁੱਖ ਰੱਖਦਿਆਂ ਆਪਣੀ ਗੱਲ ਰੱਖੀ ਅਤੇ ਖੋਜਾਰਥੀ ਰਸਵਿੰਦਰ ਸਿੰਘ ਨੇ ਬੁੱਧ ਧਰਮ ਦੀਆਂ ਚੰਗੀਆਂ ਗੱਲਾਂ ਸਮੇਤ ਇਸਦੇ ਹੋਰ ਪਹਿਲੂਆਂ ਉੱਪਰ ਖੋਜ ਕਾਰਜ ਕਰਨ ਦਾ ਸੁਝਾਅ ਪੇਸ਼ ਕੀਤਾ। ਇਸ ਮੌਕੇ ਵਿਭਾਗ ਦੇ ਖੋਜਾਰਥੀਆਂ ਅਤੇ ਵਿਦਿਆਰਥੀਆਂ ਨੇ ਭਰਪੂਰ ਹਾਜ਼ਰੀ ਭਰੀ। ਅਖੀਰ ਵਿਚ ਇਸ ਮੌਕੇ ਸਾਰਿਆਂ ਨੇ ਨੇ ਰਲ ਕੇ ਚਾਹ ਦੇ ਪਿਆਲੇ ਦੀ ਸਾਂਝ ਪਾਈ।