‘ਡੰਡੇ’ ਦੇ ਜੋਰ ’ਤੇ ਕੀਤੀ ‘ਪੁਲਿਸ ਸੇਵਾ ਚੋਂ ਮੇਵਾ’ ਖੱਟ ਰਹੇ ਦੁਕਾਨਦਾਰ
ਅਸ਼ੋਕ ਵਰਮਾ
ਬਠਿੰਡਾ,16 ਮਈ 2022: ਬਠਿੰਡਾ ਪੁਲਿਸ ਦਾ ਰੁਤਬਾ ਹੈ ਕਿ ਇੱਕ ਸੰਦੇਸ਼ਾ ਮਿਲਣ ਸਾਰ ਹੀ ਵਪਾਰੀ ਪੁਲਿਸ ਦੀ ਸੇਵਾ ’ਚ ਹਾਜ਼ਰ ਹੋ ਜਾਂਦੇ ਹਨ। ਪੁਲਿਸ ਵੱਲੋਂ ਦਿੱਤੇ ਸੇਵਾ ਕਾਰਜਾਂ ਨੂੰ ਪੂਰਾ ਕਰਨ ਵੇਲੇ ਕੋਈ ਹੀਲ ਹੁੱਜਤ ਵੀ ਨਹੀਂ ਕਰਦਾ ਬਲਕਿ ਹੁਣ ਤਾਂ ਕਾਰੋਬਾਰੀ ਪੁਲਿਸ ਦੀ ‘ਸੇਵਾ ਵਿੱਚੋਂ ਮੇਵਾ ਖੱਟਣ ਲੱਗੇ ਹਨ। ਮਾਮਲਾ ਬਠਿੰਡਾ ਪੁਲਿਸ ਦੇ ਬੈਰੀਕੇਡਾਂ, ਮੋਬਾਇਲ ਪਿਕਟਾਂ ਅਤੇ ਵੱਖ ਵੱਖ ਥਾਵਾਂ ’ਤੇ ਲੱਗੇ ਬੀਟ ਬਾਕਸਾਂ ਆਦਿ ਤੇ ਪ੍ਰਾਈਵੇਟ ਵਪਾਰੀਆਂ ਵੱਲੋਂ ਕੀਤੀ ਆਪਣੇ ਕਾਰੋਬਾਰਾਂ ਦੀ ਮਸ਼ਹੂਰੀ ਲਈ ਲਾਏ ਪ੍ਰਚਾਰ ਬੋਰਡਾਂ ਨਾਲ ਜੁੜਿਆ ਹੈ ਜਿਸ ਦਾ ਪੁਲਿਸ ਪ੍ਰਸ਼ਾਸ਼ਨ ਕੋਲ ਕੋਈ ਰਿਕਾਰਡ ਨਹੀਂ ਹੈ।
ਲੋਕਾਂ ਹਿੱਤ ਲਈ ਕੰਮ ਕਰਦੀ ਸੰਸਥਾ ਗਾਹਕ ਜਾਗੋ ਦੇ ਜਰਨਲ ਸਕੱਤਰ ਸੰਜੀਵ ਗੋਇਲ ਨੇ ਜਿਲ੍ਹਾ ਪੁਲਿਸ ਕੋਲੋਂ ਸੂਚਨਾ ਦੇ ਅਧਿਕਾਰ ਐਕਟ ਤਹਿਤ ਜਾਣਕਾਰੀ ਹਾਸਲ ਕੀਤੀ ਹੈ ਜਿਸ ’ਚ ਇਹ ਤੱਥ ਸਾਹਮਣੇ ਆਏ ਹਨ। ਸੰਜੀਵ ਗੋਇਲ ਨੇ ਅੱਜ ਦੱਸਿਆ ਕਿ ਸੂਚਨਾ ਦੇ ਅਧਿਕਾਰ ਤਹਿਤ ਜਿਲ੍ਹਾ ਪੁਲਿਸ ਕੋਲੋਂ ਜਾਣਕਾਰੀ ਮੰਗਣ ਤੋਂ ਬਾਅਦ ਕਈ ਥਾਵਾਂ ਤੋਂ ਪ੍ਰਚਾਰ ਬੋਰਡਾਂ ਨੂੰ ਹਟਾ ਵੀ ਦਿੱਤਾ ਗਿਆ ਜਦੋਂਕਿ ਅਜੇ ਵੀ ਕਈ ਸਥਾਨਾਂ ’ਤੇ ਲੱਗੇ ਹੋਏ ਹਨ। ਉਨ੍ਹਾਂ ਆਖਿਆ ਕਿ ਜੇਕਰ ਪੁਲਿਸ ਨੂੰ ਪਤਾ ਹੀ ਨਹੀਂ ਹੈ ਕਿ ਇਹ ਪ੍ਰਚਾਰ ਸਮੱਗਰੀ ਕਿਸ ਨੇ ਲਾਈ ਹੈ ਤਾਂ ਇਸ ਨੂੰ ਤੁਰੰਤ ਲਾਹ ਦੇਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਨਿਯਮਾਂ ਮੁਤਾਬਕ ਨਗਰ ਨਿਗਮ ਦੀ ਹੱਦ ਅੰਦਰ ਕੀਤੀ ਇਸ਼ਤਿਹਾਰਬਾਜੀ ਦਾ ਟੈਕਸ ਅਦਾ ਕਰਨਾ ਹੁੰਦਾ ਹੈ । ਸੂਤਰ ਦੱਸਦੇ ਹਨ ਕਿ ਵਪਾਰੀਆਂ ਵੱਲੋਂ ਪੁਲਿਸ ਨੂੰ ਅਜਿਹਾ ਸਮਾਨ ਤਿਆਰ ਕਰਵਾ ਕੇ ਦਿੱਤਾ ਜਾਂਦਾ ਹੈ ਜਿਸ ਤੇ ਕਾਰੋਬਾਰੀ ਆਪਣੀ ਮਸ਼ਹੂਰੀ ਲਈ ਇਸ਼ਤਿਹਾਰ ਲਗਾ ਦਿੰਦੇ ਹਨ। ਪ੍ਰਚਾਰ ਬੋਰਡਾਂ ’ਤੇ ਮੋਟੇ ਅੱਖਰਾਂ ’ਚ ਕਾਰੋਬਾਰੀ ਫਰਮ ਦਾ ਨਾਮ , ਮੋਬਾਇਲ ਨੰਬਰ ਤੇ ਪਤਾ ਵੀ ਲਿਖਿਆ ਹੁੰਦਾ ਹੈ। ਵਪਾਰੀ ਲੋਕ ਖੁਸ਼ ਹਨ ਕਿ ਸ਼ਹਿਰ ਦੀਆਂ ਅਹਿਮ ਥਾਵਾਂ ਤੇ ਇਸ਼ਤਿਹਾਰੀ ਬੋਰਡਾਂ ਰਾਹੀਂ ਪੁਲਿਸ ਨੇ ਉਨ੍ਹਾਂ ਦਾ ਪ੍ਰਚਾਰ ਕਰ ਦਿੱਤਾ ਹੈ ਜਦੋਂਕਿ ਪੁਲਿਸ ਸਮਝਦੀ ਹੈ ਕਿ ਹਿੰਗ ਲੱਗੇ ਨਾਂ ਫਟਕੜੀ ਰੰਗ ਚੋਖਾ ਆਇਆ ਹੈ।
ਬਠਿੰਡਾ ’ਚ ਪਿੱਛੇ ਜਿਹੇ ਆਇਆ ਮਠਿਆਈ ਦਾ ਇੱਕ ਨਾਮੀ ਕਾਰੋਬਾਰੀ ਤਾਂ ਪੁਲਿਸ ਦਾ ਬੇਹੱਦ ਧੰਨਵਾਦੀ ਹੈ। ਪੁਲਿਸ ਰਾਹੀਂ ਪ੍ਰਚਾਰ ਸਹਾਰੇ ਉਸ ਦਾ ਧੰਦਾ ਦਿਨਾਂ ’ਚ ਹੀ ਲਿਸ਼ਕਣ ਲੱਗਿਆ ਹੈ। ਇਹ ਸਿਰਫ ਇੱਕ ਕਾਰੋਬਾਰ ਦੀ ਗੱਲ ਨਹੀਂ ਬਲਕਿ ਬਠਿੰਡਾ ਪੁਲਿਸ ਦੇ ਜਿਆਦਾਤਰ ਬੈਰੀਕੇਡਾਂ ਤੇ ਕਿਸੇ ਨਾਂ ਕਿਸੇ ਦੁਕਾਨ ਜਾਂ ਕਾਰੋਬਾਰ ਦੀ ਮਸ਼ਹੂਰੀ ਲਿਖੀ ਹੋਈ ਹੈ। ਦੇਖਣ ’ਚ ਆਉਂਦਾ ਹੈ ਕਿ ਕਈ ਥਾਣਿਆਂ ਅੱਗੇ ਨਾਮ ਵਾਲੇ ਬੋਰਡ ਵੀ ਕਾਰੋਬਾਰੀ ਫਰਮਾਂ ਲਾਉਂਦੀਆਂ ਹਨ। ਇੱਕ ਪ੍ਰਾਈਵੇਟ ਬੈਂਕ ਤਾਂ ਪੁਲਿਸ ਲਈ ਸੰਜੀਵਨੀ ਬਣਿਆ ਹੋਇਆ ਹੈ। ਟਰੈਫਿਕ ਪੁਲਿਸ ਦੇ ਬੋਰਡਾਂ ’ਚ ਵੀ ਪ੍ਰਾਈਵੇਟ ਫਰਮਾਂ ਦੀ ਮਸ਼ਹੂਰੀ ਕੀਤੀ ਹੁੰਦੀ ਹੈ। ਐਨ ਆਰ ਆਈ ਥਾਣੇ ਦਾ ਬੋਰਡ ਇੱਕ ਕੇਬਲ ਫਰਮ ਨੇ ਲਾਇਆ ਹੈ।
ਸਰਕਾਰੀ ਸੂਤਰਾਂ ਦਾ ਕਹਿਣਾ ਹੈ ਕਿ ਅਸਲ ’ਚ ਇੰਨ੍ਹਾਂ ਕੰਮਾਂ ਵਾਸਤੇ ਕੋਈ ਫੰਡ ਨਹੀਂ ਮਿਲਦੇ ਹਨ ਜਿਸ ਕਰਕੇ ਦਾਨੀ ਸੱਜਣਾ ਦੀ ਸਹਾਇਤਾ ਲੈ ਲਈ ਜਾਂਦੀ ਹੈ। ਲੋਕਾਂ ’ਚ ਚੁੰਝ ਚਰਚਾ ਹੈ ਕਿ ਪੁਲਿਸ ਦਾ ਰੁਤਬਾ ਸੇਵਾ ਕਰਵਾ ਲੈਂਦਾ ਹੈ ਜਿਸ ਦੇ ਬਦਲੇ ’ਚ ਵਪਾਰੀਆਂ ਨੇ ਮੇਵਾ ਲੁੱਟਣਾ ਸ਼ੁਰੂ ਕੀਤਾ ਹੋਇਆ ਹੈ। ਮਹੱਤਵਪੂਰਨ ਤੱਥ ਹੈ ਕਿ ਇਸ ਤਰਾਂ ਦੀ ਸੇਵਾ ਨਾਲ ਨਗਰ ਨਿਗਮ ਨੂੰ ਇਸ਼ਤਿਹਾਰੀ ਟੈਕਸ ਦਾ ਰਗੜਾ ਲੱਗ ਰਿਹਾ ਹੈ।
ਫਿਰ ਵੀ ਅਫਸਰਾਂ ’ਚ ਐਨੀ ਹਿੰਮਤ ਨਹੀਂ ਹੈ ਕਿ ਪੁਲਿਸ ਦੇ ਬੈਰੀਕੇਡਾਂ ਆਦਿ ਤੇ ਲੱਗੇ ਪ੍ਰਚਾਰ ਬੋਰਡਾਂ ਨੂੰ ਉਹ ਚਿਮਟੇ ਨਾਲ ਵੀ ਛੂਹ ਸਕਣ ਲਾਹੁਣਾ ਤਾਂ ਦੂਰ ਦੀ ਗੱਲ ਹੈ। ਨਿਯਮਾਂ ਮੁਤਾਬਕ ਹਰ ਤਰਾਂ ਦੇ ਪ੍ਰਚਾਰ ਬੋਰਡਾਂ ਤੇ ਇਸ਼ਤਿਹਾਰ ਟੈਕਸ ਵਸੂਲਣਾ ਹੁੰਦਾ ਹੈ। ਨਗਰ ਨਿਗਮ ਦੀ ਪ੍ਰਵਾਨਗੀ ਤੋਂ ਬਗੈਰ ਕੋਈ ਇਸ਼ਤਿਹਾਰੀ ਬੋਰਡ ਲੱਗ ਹੀ ਨਹੀਂ ਸਕਦਾ ਹੈ ਪਰ ਨਾਂ ਬੋਰਡ ਲਾਉਣ ਵਾਲਾ ਤੇ ਨਾਂ ਹੀ ਟੈਕਸ ਉਗਰਾਹੁਣ ਵਾਲੇ ਇਸ ਦੀ ਪ੍ਰਵਾਹ ਕਰਦੇ ਹਨ।
ਬਣਦੀ ਕਾਰਵਾਈ ਦੀ ਮੰਗ
ਗਾਹਕ ਜਾਗੋ ਸੰਸਥਾ ਦੇ ਜਰਨਲ ਸਕੱਤਰ ਸੰਜੀਵ ਗੋਇਲ ਨੇ ਖਦਸ਼ਾ ਜਤਾਇਆ ਕਿ ਅਜਿਹੇ ਇਸ਼ਤਿਹਾਰ ਲਾਉਣ ਪਿੱਛੇ ਕਿਸੇ ਅਧਿਕਾਰੀ ਦੀ ਕਥਿਤ ਮਿਲੀਭੁਗਤ ਵੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਸਬੰਧ ’ਚ ਬਠਿੰਡਾ ਰੇਂਜ ਦੇ ਆਈ ਜੀ ਅਤੇ ਐਸ ਐਸ ਪੀ ਨੂੰ ਸ਼ਕਾਇਤ ਭੇਜ ਰਹੇ ਹਨ। ਉਨ੍ਹਾਂ ਮਾਮਲੇ ਦੀ ਪੜਤਾਲ ਕਰਕੇ ਕਸੂਰਵਾਰਾਂ ਖਿਲਾਫ ਕਾਰਵਾਈ ਅਤੇ ਇਸ਼ਤਿਹਾਰ ਲੁਹਾਉਣ ਦੀ ਮੰਗ ਵੀ ਕੀਤੀ ਹੈ।
ਦਾਨੀ ਸੱਜਣਾਂ ਦਾ ਸਹਿਯੋਗ :ਐਸਪੀ
ਐਸ ਪੀ (ਹੈਡਕੁਆਟਰ) ਰਾਜਵੀਰ ਸਿੰਘ ਬੋਪਾਰਾਏ ਦਾ ਕਹਿਣਾ ਸੀ ਕਿ ਦਾਨੀ ਲੋਕ ਪੁਲਿਸ ਨਾਲ ਸਹਿਯੋਗ ਕਰਕੇ ਅਜਿਹਾ ਸਮਾਨ ਮੁਹੱਈਆ ਕਰਵਾਉਂਦੇ ਹਨ। ਉਨ੍ਹਾਂ ਕਿਹਾ ਕਿ ਪਿਛੋਕੜ ’ਚ ਤਾਂ ਕਈ ਵੱਡੇ ਘਰਾਣਿਆ ਨੇ ਪੁਲਿਸ ਨੂੰ ਗਸ਼ਤ ਖਾਤਰ ਦਰਜਨਾਂ ਐਕਟਿਵਾ ਅਤੇ ਸਕੂਟਰ ਵੀ ਦਿੱਤੇ ਸਨ। ਉਨ੍ਹਾਂ ਬੈਰੀਕੇਡਾਂ ਵਗੈਰਾ ਤੇ ਲੱਗੇ ਇਸ਼ਤਿਹਾਰਾਂ ਬਾਰੇ ਅਣਜਾਣਤਾ ਜਤਾਈ ਹੈ।
ਪਤਾ ਲਾਵਾਂਗੀ:ਕਮਿਸ਼ਨਰ
ਨਗਰ ਨਿਗਮ ਬਠਿੰਡਾ ਦੀ ਕਮਿਸ਼ਨਰ ਪੱਲਵੀ ਚੌਧਰੀ ਦਾ ਕਹਿਣਾ ਸੀ ਕਿ ਜੇਕਰ ਕੋਈ ਗੈਰਕਾਨੂੰਨੀ ਬੋਰਡ ਲੱਗਿਆ ਹੁੰਦਾ ਹੈ ਤਾਂ ਉਹ ਲੁਹਾ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਪੁਲਿਸ ਦੇ ਸਮਾਨ ਤੇ ਲੱਗੇ ਪ੍ਰਚਾਰ ਬੋਰਡਾਂ ਬਾਰੇ ਪਤਾ ਲਾਉਣਗੇ ਅਤੇ ਲੋੜ ਪਈ ਤਾਂ ਪੁਲਿਸ ਪ੍ਰਸ਼ਾਸ਼ਨ ਨੂੂੰ ਵੀ ਲਿਖਿਆ ਜਾਏਗਾ।