ਆਖਿਰ ਕਿੱਥੇ ਜਾ ਰਿਹਾ ਹੈ ਬਿਸਤ ਦੁਆਬ ਦਾ 1452 ਕਿਊਸਿਕ ਪਾਣੀ?
ਪੰਜਾਬ ਵਿਚ ਤੇਜ਼ੀ ਨਾਲ ਹੇਠਾ ਨੂੰ ਜਾ ਰਿਹਾ ਹੈ ਦੁਆਬੇ ਦਾ ਪਾਣੀ
ਮੌਜੂਦਾ ਦੌਰ ਵਿੱਚ ਪਾਣੀ ਨੂੰ ਬਚਾਉਂਣਾ ਸਮੇਂ ਦੀ ਮੁੱਖ ਲੋੜ:- ਸੰਤ ਸੀਚੇਵਾਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 16 ਮਈ 2022 -ਵਿਸ਼ਵ ਵਾਤਾਵਰਣ ਪ੍ਰੇਮੀ ਪਦਮਸ੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਵੱਲੋਂ ਅੱਜ ਆਪਣੇ ਫੇਸਬੁੱਕ ਪੇਜ਼ ਤੇ ਲਾਇਵ ਹੁੰਦਿਆਂ ਸਰਕਾਰਾਂ, ਪ੍ਰਸ਼ਾਸਨਿਕ ਅਧਿਕਾਰੀਆਂ, ਨਹਿਰੀ ਵਿਭਾਗ ਤੇ ਕਿਸਾਨਾਂ ਨੂੰ ਸਵਾਲ ਕਰਦਿਆ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀਂ ਵੇਈਂ ਵਿੱਚ ਵਹਿ ਰਹਿ ਰਹੇ 250 ਕਿਊਸਿਕ ਪਾਣੀ ਤੋਂ ਛੇ ਗੁਣਾਂ ਵੱਧ ਬਿਸਤ ਦੁਆਬ ਦਾ 1452 ਕਿਊਸਿਕ ਪਾਣੀ ਆਖਿਰ ਕਿੱਥੇ ਜਾ ਰਿਹਾ ਹੈ। ਉਹਨਾਂ ਇਕ ਸਰਵੇ ਰਿਪੋਰਟ ਅਨੁਸਾਰ ਜਾਣਕਾਰੀ ਦਿੰਦਿਆ ਕਿਹਾ ਕਿ ਮੌਜੂਦਾ ਦੌਰ ਵਿਚ ਵਿਚ ਪੰਜਾਬ ਦੇ 147 ਬਲਾਕਾਂ ਵਿਚੋਂ 108 ਬਲਾਕ ਡਾਰਕ ਜ਼ੋਨ ਘੋਸ਼ਿਤ ਕਰ ਦਿੱਤੇ ਗਏ ਹਨ, ਜਿਸ ਵਿਚ ਦੁਆਬੇ ਦੇ ਲਗਭਗ ਸਾਰੇ ਬਲਾਕ ਸ਼ਾਮਿਲ ਹਨ।
ਉਹਨਾਂ ਕਿਹਾ ਕਿ ਪੰਜਾਬ ਵਿਚ ਜੇਕਰ ਕਿਧਰੇ ਸਭ ਤੋਂ ਵੱਧ ਤੇਜ਼ੀ ਨਾਲ ਪਾਣੀ ਹੇਠ ਜਾ ਰਿਹਾ ਹੈ ਤਾਂ ਉਹ ਦੁਆਬੇ ਦਾ ਹੈ। ਅਜਿਹੇ ਵਿਚ ਦੁਆਬੇ ਦੇ ਹਿੱਸੇ ਦਾ ਸਰਕਾਰੀ ਰਿਕਾਰਡਾਂ ਮੁਤਾਬਿਕ ਸਿੰਚਾਈ ਲਈ 1452 ਕਿਊਸਿਕ ਪਾਣੀ ਕਿੱਥੇ ਜਾ ਰਿਹਾ ਹੈ ਤੇ ਕੌਣ ਲਗਾ ਰਿਹਾ ਹੈ ਇਸ ਬਾਰੇ ਨਾ ਤਾਂ ਮਹਿਕਮੇ ਕੋਲ ਹੈ ਜਵਾਬ ਹੈ, ਨਾ ਹੀ ਸਰਕਾਰ ਕੋਲ, ਨਾ ਹੀ ਦੁਆਬੇ ਦੇ ਕਿਸਾਨ ਕੋਲ ਤੇ ਨਾ ਹੀ ਸਬੰਧਿਤ ਨਿਹਾਰੀ ਤੇ ਸਿੰਚਾਈ ਵਿਭਾਗ ਕੋਲ। ਕੇਂਦਰ ਸਰਕਾਰ ਵੱਲੋਂ ਕਰਵਾਏ ਗਏ ਇਕ ਸਰਵੇ ਮੁਤਾਬਿਕ ਪੰਜਾਬ ਦੀ ਧਰਤੀ ਕੋਲ ਸਿਰਫ 17 ਸਾਲਾਂ ਦਾ ਪਾਣੀ ਹੀ ਬਚਿਆ ਹੈ, ਪਰ ਇਸ ਵੱਲ ਨਾ ਤਾਂ ਸਰਕਾਰਾਂ ਧਿਆਨ ਦੇ ਰਹੀਆਂ ਹਨ ਤੇ ਨਾ ਹੀ ਜਿੰਮੇਵਾਰ ਅਧਿਕਾਰੀ। ਪਰ ਜੋ ਹਲਾਤ ਦੁਆਬੇ ਦੇ ਹਨ ਉਸਨੂੰ ਦੇਖ ਕੇ ਨਹੀ ਲੱਗ ਰਿਹਾ ਕਿ ਦੁਆਬੇ ਕੋਲ 17 ਸਾਲ ਦਾ ਵੀ ਪਾਣੀ ਬਚਿਆ ਹੋਊ।
ਪਵਿੱਤਰ ਕਾਲੀ ਵੇਈਂ ਦਾ ਜ਼ਿਕਰ ਕਰਦਿਆ ਸੰਤ ਸੀਚੇਵਾਲ ਨੇ ਕਿਹਾ ਕਿ ਬਾਬੇ ਨਾਨਕ ਦੀ ਚਰਨ ਛੋਹ ਪ੍ਰਾਪਤ ਪਵਿੱਤਰ ਕਾਲੀ ਵੇਈਂ ਜੋ ਕਿ ਕਿਸੇ ਵੇਲੇ ਪੂਰੀ ਤਰ੍ਹਾਂ ਨਾਲ ਸੁੱਕ ਗਈ ਸੀ ਤੇ ਕੂੜੇ ਦੇ ਢੇਰਾਂ ਨਾਲ ਭਰੀ ਪਈ ਸੀ। ਜਿਸਨੂੰ ਗੁਰਸੰਗਤਾਂ ਕਾਰਸੇਵਾ ਰਾਹੀਂ ਮੁੜ ਸੁਰਜੀਤ ਕੀਤਾ ਗਿਆ ਤੇ ਇਸ ਵਿਚ 250 ਕਿਊਸਿਕ ਪਾਣੀ ਛੱਡਿਆ ਗਿਆ। ਜਿਸ ਨਾਲ ਜਿੱਥੇ ਪੂਰੇ ਪੰਜਾਬ ਦਾ ਧਰਤੀ ਹੇਠਲਾ ਪਾਣੀ ਨੀਚੇ ਜਾ ਰਿਹਾ ਸੀ, ਉਥੇ ਸੁਲਤਾਨਪੁਰ ਲੋਧੀ ਵਿਖੇ ਪਵਿੱਤਰ ਕਾਲੀ ਵੇਈਂ ਦੀ ਕਾਰ ਸੇਵਾ ਨਾਲ ਇਸ ਇਲਾਕੇ ਦਾ ਧਰਤੀ ਹੇਠਲਾ ਪਾਣੀ ਉਪਰ ਆ ਰਿਹਾ ਹੈ।
ਇਹ ਤਾਂ ਹੀ ਸੰਭਵ ਹੋ ਸਕਿਆ ਹੈ ਕਿਉਂਕਿ ਇਸ ਦੀ ਖੁਦਾਈ ਕਰਕੇ ਇਸ ਦਾ ਬਿੱਡ ਰੇਤਾ ਤੱਕ ਨੰਗਾ ਕੀਤਾ ਗਿਆ। ਉਹਨਾਂ ਕਿਹਾ ਕਿ ਪੰਜਾਬ ਕੋਲੋਂ ਇਸ ਵੇਲੇ ਪਹਿਲਾਂ ਹੀ ਪਾਣੀ ਸਿਰਫ 17 ਸਾਲਾਂ ਦਾ ਬਚਿਆ ਹੈ, ਪਰ ਫਿਰ ਵੀ ਕਿਸਾਨ ਧਰਤੀ ਹੇਠੋਂ ਸਾਫ ਪਾਣੀ ਕੱਢਕੇ ਖੇਤੀ ਨੂੰ ਲਾ ਰਹੇ ਹਨ ਤੇ ਗੰਦੇ ਪਾਣੀ ਜਾਂ ਟਰੀਟਡ ਪਾਣੀਆਂ ਨੂੰ ਡਰੇਨਾਂ ਵਿਚ ਪਾ ਕਾ ਪਾਣੀ ਦੇ ਕੁਦਰਤੀ ਸਰੋਤਾਂ ਨੂੰ ਵੀ ਦੂਸ਼ਿਤ ਕਰ ਰਹੇ ਹਨ। ਇਸ ਸਬੰਧੀ ਬਾਬੇ ਨਾਨਕ ਦੀ ਵੇਈਂ ਤੇ ਸੀਚੇਵਾਲ ਮਾਡਲ ਦੇਸ਼ ਲਈ ਰੋਲ ਮਾਡਲ ਪਰ ਨਾ ਤਾਂ ਸਰਕਾਰਾਂ ਇਸ ਵੱਲ ਧਿਆਨ ਦੇ ਰਹੀਆਂ ਤੇ ਨਾ ਹੀ ਕਿਸਾਨ ਜੱਥੇਬੰਦੀਆਂ।
ਉਹਨਾਂ ਕਿਹਾ ਕਿ ਜੇਕਰ ਬਾਬੇ ਨਾਨਕ ਦੀ ਵੇਈਂ ਵਿਚ 250 ਕਿਊਸਿਕ ਪਾਣੀ ਵੱਗਣ ਨਾਲ ਇਲਾਕੇ ਦੇ ਪਾਣੀ ਦਾ ਪੱਧਰ ਵੱਧ ਰਿਹਾ ਹੈ ਤਾਂ ਸਰਕਾਰਾਂ ਕਿਉਂ ਨਹੀ ਸਾਰੀਆਂ ਨਦੀਆਂ ਵਿਚ ਸਾਫ ਪਾਣੀ ਛੱਡ ਰਹੀਆਂ ਸਾਰੇ ਰਾਹ ਹੋਣ ਦੇ ਬਾਵਜੂਦ ਵੀ। ਉਹਨਾਂ ਕਿਹਾ ਕਿ ਜੇਕਰ 1452 ਕਿਊਸਿਕ ਦੁਆਬੇ ਦਾ ਪਾਣੀ ਖੇਤੀ ਨੂੰ ਮਿਲਣ ਲੱਗ ਜਾਏ ਤਾਂ ਦੁਆਬੇ ਦਾ ਧਰਤੀ ਹੇਠਲਾ ਕਿੰਨਾ ਹੀ ਪਾਣੀ ਬਚਾਇਆ ਜਾ ਸਕਦਾ ਹੈ।
ਕੀ ਨਹਿਰੀ ਵਿਭਾਗ ਦਾ ਕੰਮ ਕੇਵਲ 300 ਕਰੋੜ ਖਰਚਣਾ ਹੀ ਸੀ.?
ਸੰਤ ਸੀਚੇਵਾਲ ਨੇ ਨਹਿਰੀ ਵਿਭਾਗ ਕੋਲੋ ਸਵਾਲ ਕਰਦਿਆ ਕਿਹਾ ਕਿ 300 ਕਰੋੜ ਦੀ ਲਾਗਤ ਨਾਲ ਪੱਕੀਆਂ ਕੀਤੀਆਂ ਗਈਆਂ ਨਹਿਰਾਂ ਦਾ ਕੰਮ ਸਿਰਫ 300 ਕਰੋੜ ਹੀ ਖਰਚ ਕਰਨਾ ਸੀ। ਜਿਸ ਲਈ ਇਹ 200 ਕਰੋੜ ਖਰਚਿਆ ਗਿਆ ਉਸ ਵੱਲ ਨਾ ਤਾਂ ਸਰਕਾਰਾਂ ਨੇ ਧਿਆਨ ਦਿੱਤਾ ਤੇ ਨਾ ਹੀ ਸੰਬੰਧਿਤ ਵਿਭਾਗ ਨੇ ਤੇ ਨਾ ਹੀ ਕਦੇ ਕਿਸਾਨਾਂ ਨੇ ਕਿ ਇਹਨਾਂ ਪੱਕੀਆਂ ਕੀਤੀਆਂ ਗਈਆਂ ਨਹਿਰਾਂ ਰਾਹੀਂ ਉਹਨਾਂ ਕੋਲ ਪਾਣੀ ਪਹੁੰਚਿਆ ਕਿ ਨਹੀ।