157 ਸ਼ਰਧਾਲੂਆਂ ਦਾ ਜਥਾ ਕਰਤਾਰਪੁਰ ਸਾਹਿਬ (ਪਾਕਿ:) ਦੇ ਦਰਸ਼ਨ ਦੀਦਾਰ ਕਰਕੇ ਪਰਤਿਆ ਵਾਪਿਸ
ਚੰਡੀਗੜ੍ਹ- 16 ਮਈ 2022- ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪਵਿੱਤਰ ਅਸਥਾਨ ਗੁਰਦੁਆਰਾ ਸਚਖੰਡ ਦਰਬਾਰ ਸਾਹਿਬ ਕਰਤਾਰਪੁਰ ਸਾਹਿਬ (ਪਾਕਿਸਤਾਨ) ਦੇ ਦਰਸ਼ਨਾਂ ਲਈ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਅਤੇ ਗੁਰੂ ਕੀ ਰਸੋਈ ਵਲੋਂ ਭੇਜਿਆ ਗਿਆ 157 ਮੈਂਬਰਾਂ ਦਾ ਜੱਥਾ ਗੁਰਦੁਆਰਾ ਦਰਬਾਰ ਸਾਹਿਬ ਪਾਕਿਸਤਾਨ ਦੇ ਦਰਸ਼ਨ ਦੀਦਾਰ ਕਰਕੇ ਅੱਜ ਦੇਰ ਰਾਤ ਵਾਪਿਸ ਪਰਤਿਆ।
ਨਵਾਂਸ਼ਹਿਰ, ਬੰਗਾ, ਰਾਹੋਂ ਅਤੇ ਹੋਰ ਨਾਲ ਲੱਗਦੇ ਪਿੰਡਾਂ ਤੋਂ ਇਸ ਜਥੇ ਵਿਚ ਸ਼ਾਮਲ ਹੋਏ ਸ਼ਰਧਾਲੂ ਗੁਰਦੁਆਰਾ ਸਾਹਿਬ ਵਿਖੇ ਗੁਰੂ ਚਰਨਾਂ ਵਿਚ ਨਤਮਸਤਕ ਹੋਏ। ਭਾਰੀ ਗਰਮੀ ਦੇ ਬਾਵਜੂਦ ਜਥੇ ਦੇ ਮੈਂਬਰਾਂ ਵਿਚ ਪਵਿੱਤਰ ਅਸਥਾਨ ਦੇ ਦਰਸ਼ਨਾਂ ਲਈ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਜਥੇ ਵਿਚ ਸ਼ਾਮਲ ਸ਼ਰਧਾਲੂਆ ਨੇ ਦੱਸਿਆ ਕਿ ਜਿਸ ਰੂਹਾਨੀ ਅਸਥਾਨ ਤੋਂ ਗੁਰੂ ਨਾਨਕ ਦੇਵ ਜੀ ਨੇ ਮਾਨਵਤਾ ਨੂੰ ਨਾਮ ਜਪਣ, ਕਿਰਤ ਕਰਨ ਅਤੇ ਵੰਡ ਛਕਣ ਦਾ ਉਪਦੇਸ਼ ਬਖਸ਼ਿਆ ਉਸ ਅਸਥਾਨ ਤੇ ਆ ਕੇ ਇਕ ਵਖਰੇ ਹੀ ਤਰਾਂ ਦੀ ਖੁਸ਼ੀ ਅਤੇ ਅਨੰਦ ਅਹਿਸਾਸ ਹੁੰਦਾ ਹੈ।
ਗੁਰਦੁਆਰਾ ਸਚਖੰਡ ਦਰਬਾਰ ਸਾਹਿਬ ਕਰਤਾਰਪੁਰ ਜੀ ਦੇ ਹੈੱਡ ਗ੍ਰੰਥੀ ਭਾਈ ਗੋਬਿੰਦ ਸਿੰਘ ਜੀ ਵਲੋਂ ਗੁਰਦੁਆਰਾ ਸਾਹਿਬ ਵਿਖੇ ਨਵਾਂਸ਼ਹਿਰ ਤੋਂ ਆਏ ਜਥੇ ਨੂੰ ਜੀ ਆਇਆਂ ਕਿਹਾ ਗਿਆ। ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਵਲੋਂ ਭਾਈ ਸਾਹਿਬ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਉਪਰੰਤ ਗੁਰਦੁਆਰਾ ਸਾਹਿਬ ਵਲੋਂ ਜਥੇ ਦੇ ਮੈਂਬਰਾ ਨੂੰ ਸਿਰੋਪੇ ਦੇ ਕੇ ਜਥੇ ਦਾ ਸਨਮਾਨ ਵੀ ਕੀਤਾ ਗਿਆ। ਇਸ ਤੋਂ ਇਲਾਵਾ ਉਥੋਂ ਦੇ ਮੁਸਲਿਮ ਭਾਈਚਾਰੇ ਵਲੋਂ ਵੀ ਜੱਥੇ ਵਿਚ ਸ਼ਾਮਲ ਸ਼ਰਧਾਲੂਆ ਦਾ ਖੈਰਮਕਦਮ ਕੀਤਾ ਗਿਆ ਅਤੇ ਅਸਥਾਨ ਦਰਸ਼ਨ ਕਰਨ ਦੇ ਅਨੁਭਵ ਬਾਰੇ ਪੁੱਛਿਆ ਗਿਆ।
ਇਹ ਜਾਣਕਾਰੀ ਦਿੰਦੇ ਹੋਏ ਗੁਰੂ ਨਾਨਕ ਮਿਸ਼ਨ ਸੇਵਾ ਸੁਸਾਇਟੀ ਦੇ ਮੁੱਖ ਸੇਵਾਦਾਰ ਸੁਰਜੀਤ ਸਿੰਘ ਨੇ ਦੱਸਿਆ ਕਿ ਇਸ ਜਥੇ ਵਿਚ ਗੁਰੂ ਕੀ ਰਸੋਈ ਖੈਰੜ ਅੱਛਰਵਾਲ, ਬੇਦੀ ਦਲ ਖਾਲਸਾ ਸੁੱਜੋਂ, ਬੰਗਾ, ਰਾਮਰਾਇ ਪੁਰ, ਵਜੀਦਪੁਰ, ਤੋਂ ਇਲਾਵਾ ਰਾਹੋਂ ਤੋਂ ਵੀ ਸੰਗਤਾ ਸ਼ਾਮਲ ਸਨ।
ਜਥੇ ਵਿਚ ਸ਼ਾਮਲ ਸ਼ਰਧਾਲੂਆ ਵਿਚ ਕੁਲਵੰਤ ਸਿੰਘ ਮੁੱਖ ਸੇਵਾਦਾਰ ਗੁਰੂ ਕੀ ਰਸੋਈ ਖੈਰੜ ਅੱਛਰਵਾਲ, ਭਾਈ ਸਰਬਜੀਤ ਸਿੰਘ ਸੁੱਜੋਂ ਮੁੱਖ ਸੇਵਾਦਾਰ ਬੇਦੀ ਦਲ ਖਾਲਸਾ, ਸੁਸਾਇਟੀ ਸਰਪ੍ਰਸਤ ਬਲਵੰਤ ਸਿੰਘ ਸੋਇਤਾ, ਡਾ: ਬਲਵੀਰ ਕੁਮਾਰ ਆਰਥੋਪੈਡੀਸ਼ੀਅਨ, ਐਡਵੋਕੇਟ ਜਸਵਿੰਦਰ ਸਿੰਘ ਛੋਕਰ, ਨਰਿੰਦਰਪਾਲ ਸਿੰਘ ਝਿੱਕਾ, ਮਨਜੀਤ ਸਿੰਘ ਰਾਹੋਂ, ਪ੍ਰਿੰਸੀਪਲ ਦਿਲਬਾਗ ਸਿੰਘ, ਕੁਲਵਿੰਦਰ ਸਿੰਘ ਗੁਲਪੁਰ, ਦਲਜੀਤ ਕੌਰ, ਬਲਦੀਸ਼ ਕੌਰ ਬੰਗਾ, ਇਕਬਾਲ ਸਿੰਘ ਜੇ ਈ ਅਤੇ ਵੱਡੀ ਗਿਣਤੀ ਵਿਚ ਸੰਗਤਾਂ ਸ਼ਾਮਲ ਸਨ।