ਮਜਦੂਰਾਂ ਦੇ ਰੁਜਗਾਰ ਉਜਾੜੇ ਦੀ ਪੂਰਤੀ ਲਈ ਨਰੇਗਾ ਦਿਹਾੜੀਆਂ ਵਧਾਉਣ ਦੀ ਮੰਗ
ਅਸ਼ੋਕ ਵਰਮਾ
ਬਠਿੰਡਾ,16 ਮਈ 2022: ਪੰਜਾਬ ਖੇਤ ਮਜਦੂਰ ਯੂਨੀਅਨ ਨੇ ਝੋਨੇ ਦੀ ਸਿੱਧੀ ਬਿਜਾਈ ਕਾਰਨ ਖੇਤ ਮਜਦੂਰਾਂ ਦੇ ਹੋਣ ਵਾਲੇ ਰੁਜਗਾਰ ਉਜਾੜੇ ਦੀ ਭਰਪਾਈ ਲਈ ਪੰਜਾਬ ਸਰਕਾਰ ਤੋਂ ਮਨਰੇਗਾ ਤਹਿਤ ਕੰਮ ਦਿਹਾੜੀਆਂ ‘ਚ ਵਾਧਾ ਕਰਕੇ ਦਿਹਾੜੀ ਦੇ ਰੇਟਾਂ ‘ਚ ਵਾਧਾ ਕਰਨ ਦੀ ਮੰਗ ਕੀਤੀ ਹੈ। ਯੂਨੀਅਨ ਦੇ ਸੂਬਾ ਪ੍ਰਧਾਨ ਜੋਰਾ ਸਿੰਘ ਨਸਰਾਲੀ ਤੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ ਨੇ ਪ੍ਰੈਸ ਬਿਆਨ ਰਾਹੀਂ ਕਿਹਾ ਕਿ ਜੇਕਰ ਸਰਕਾਰ ਬਾਸਮਤੀ ਦੀ ਲਾਹੇਵੰਦ ਭਾਅ ‘ਤੇ ਸਰਕਾਰੀ ਖਰੀਦ ਦੀ ਗਰੰਟੀ ਕਰੇ ਤਾਂ ਬਾਸਮਤੀ ਦੀ ਲਵਾਈ, ਹੱਥੀਂ ਕਟਾਈ ਤੇ ਝੜਾਈ ਕਾਰਨ ਪਾਣੀ ਬਚਾਉਣ ਦੇ ਨਾਲ -ਨਾਲ ਖੇਤ ਮਜਦੂਰਾਂ ਦੇ ਰੁਜਗਾਰ ‘ਚ ਵੀ ਵਾਧਾ ਹੋ ਸਕਦਾ ਹੈ ਅਤੇ ਪਰਾਲੀ ਪਸ਼ੂਆਂ ਦੇ ਚਾਰੇ ਲਈ ਤੂੜੀ ਦੀ ਘਾਟ ਪੂਰਤੀ ਦਾ ਸਾਧਨ ਵੀ ਬਣ ਸਕਦੀ ਹੈ। ਉਹਨਾਂ ਕਿਹਾ ਕਿ ਅਸਲ ਵਿੱਚ ਤਾਂ ਪਾਣੀ ਬਚਾਉਣ ਦੇ ਲਈ ਨਰਮੇ ਸਮੇਤ ਮੱਕੀ ਤੇ ਦਾਲਾਂ ਆਦਿ ਫਸਲਾਂ ਦੀ ਲਾਹੇਵੰਦ ਭਾਅ ‘ਤੇ ਸਰਕਾਰੀ ਖਰੀਦ ਦੀ ਗਰੰਟੀ ਕਰਨ ਵਰਗੇ ਕਈ ਹੋਰ ਵੱਡੇ ਕਦਮ ਸਰਕਾਰ ਵੱਲੋਂ ਚੁੱਕੇ ਜਾਣ ਦੀ ਜਰੂਰਤ ਹੈ ।
ਉਹਨਾਂ ਕਿਹਾ ਕਿ ਨਰਮੇ - ਕਪਾਹ ਦੀ ਲਾਹੇਵੰਦ ਭਾਅ ‘ਤੇ ਸਰਕਾਰੀ ਖਰੀਦ ਦੀ ਸੰਵਿਧਾਨਕ ਗਾਰੰਟੀ ਨਾਲ ਨਾ ਸਿਰਫ ਪਾਣੀ ਦੀ ਡਿੱਗ ਰਹੇ ਪੱਧਰ ਅਤੇ ਪਰਾਲੀ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ ਸਗੋਂ ਖੇਤ ਮਜਦੂਰਾਂ ਲਈ ਵੱਡੀ ਪੱਧਰ ‘ਤੇ ਰੁਜਗਾਰ ਪੈਦਾ ਅਤੇ ਬਾਲਣ ਦੀ ਸਮੱਸਿਆ ਵੀ ਹੱਲ ਕੀਤੀ ਜਾ ਸਕਦੀ ਹੈ। ਖੇਤ ਮਜਦੂਰ ਆਗੂਆਂ ਨੇ ਝੋਨਾ ਲਵਾਈ ਦੇ ਰੇਟਾਂ ਨੂੰ ਲੈਕੇ ਮਜਦੂਰਾਂ ਦੇ ਬਾਈਕਾਟ ਕਰਨ ਲਈ ਪਾਸ ਕੀਤੇ ਜਾ ਰਹੇ ਮਤਿਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਅਜਿਹੇ ਮਤੇ ਗੈਰ ਕਾਨੂੰਨੀ ਤੇ ਗੈਰ ਸਮਾਜਿਕ ਹਨ ਜਿਹਨਾਂ ਨੂੰ ਰੋਕਣ ਲਈ ਤੁਰੰਤ ਸਖਤ ਕਦਮ ਚੁੱਕੇ ਜਾਣੇ ਚਾਹੀਦੇ ਹਨ। ਉਹਨਾਂ ਕਿਹਾ ਜੇਕਰ ਕਿਸਾਨਾਂ ਨੂੰ ਫਸਲਾਂ ਦੀ ਐਮ ਐਸ ਪੀ ਅਤੇ ਹੋਰਨਾਂ ਵਰਗਾਂ ਨੂੰ ਆਪਣੀਆਂ ਉਜਰਤਾਂ ‘ਚ ਵਾਧੇ ਦੀ ਮੰਗ ਕਰਨ ਦਾ ਹੱਕ ਹੈ ਤਾਂ ਖੇਤ ਮਜਦੂਰਾਂ ਨੂੰ ਵੀ ਇਸ ਮੰਗ ਤੋਂ ਮਜਦੂਰਾਂ ਨੂੰ ਵਾਝਾ ਨਹੀਂ ਕੀਤਾ ਜਾ ਸਕਦਾ ।
ਉਹਨਾਂ ਕਿਹਾ ਕਿ ਦਿਨੋਂ ਦਿਨ ਵਧ ਰਹੀ ਮਹਿੰਗਾਈ ਤੇ ਸੁੰਗੜਦੇ ਰੁਜਗਾਰ ਕਰਕੇ ਖੇਤ ਮਜਦੂਰ ਬੇਹੱਦ ਤੰਗੀਆਂ ਚ ਜੂਨ ਗੁਜਾਰਾ ਕਰ ਰਹੇ ਹਨ ਇਸ ਲਈ ਮਜਦੂਰੀ ਰੇਟਾਂ ‘ਚ ਵਾਜਿਬ ਵਾਧਾ ਹੋਣਾ ਬੇਹੱਦ ਜਰੂਰੀ ਹੈ। ਉਹਨਾਂ ਕਿਹਾ ਕਿ ਮਜਦੂਰਾਂ ਵੱਲੋਂ ਕੀਤੀ ਜਾ ਰਹੀ ਮੰਗ ਨਾਲ ਕਿਸੇ ਦਾ ਅਸਹਿਮਤ ਹੋਣਾ ਤਾਂ ਸਮਝਣ ਯੋਗ ਹੈ, ਜਿਸ ਉੱਪਰ ਵਿਚਾਰ ਚਰਚਾ ਕੀਤੀ ਜਾ ਸਕਦੀ ਹੈ ਅਤੇ ਆਪਸੀ ਸਹਿਮਤੀ ਨਾਲ ਵਾਜਿਬ ਵਾਧਾ ਕੀਤਾ ਜਾ ਸਕਦਾ ਹੈ ਪਰ ਮਜਦੂਰਾਂ ਦਾ ਅਪਰਾਧ ਹੈ। ਉਹਨਾਂ ਕਿਹਾ ਕਿ ਜਮੀਨ ਮਾਲਕਾਂ ਵੱਲੋਂ ਝੋਨਾ ਲਵਾਈ ਤੇ ਦਿਹਾੜੀ ਦੇ ਮਨਮਰਜੀ ਦੇ ਰੇਟ ਤਹਿ ਕਰਨ ਦੇ ਮਤਿਆਂ ਤੋਂ ਇਲਾਵਾ ਮਜਦੂਰਾਂ ਦੇ ਇੱਕ ਹਿੱਸੇ ਵੱਲੋਂ ਵੀ ਝੋਨਾ ਲਵਾਈ ਦੇ ਰੇਟ ਤਹਿ ਕਰਕੇ ਘੱਟ ਰੇਟ ਉਤੇ ਕੰਮ ਕਰਨ ਵਾਲੇ ਮਜਦੂਰਾਂ ਨੂੰ ਜੁਰਮਾਨੇ ਲਾਉਣ ਅਤੇ ਬਾਹਰੀ ਲੇਬਰ ਨੂੰ ਪਿੰਡ ‘ਚ ਆਉਣ ਤੋਂ ਰੋਕਣ ਵਰਗੇ ਮਤੇ ਪਾਉਣਾ ਜਾਂ ਪ੍ਰਚਾਰ ਕਰਨਾ ਵੀ ਵਾਜਿਬ ਨਹੀਂ ਸਗੋਂ ਮਜਦੂਰਾਂ ਦੇ ਹਿਤ ਪੂਰਨ ਦੀ ਥਾਂ ਨੁਕਸਾਨਦਾਇਕ ਹੈ ।
ਉਹਨਾਂ ਕਿਹਾ ਕਿ ਦੋਹਾਂ ਪਾਸਿਆਂ ਤੋਂ ਜਿਦਬਾਜੀ ਵਿੱਚ ਪੈ ਰਹੇ ਮਤਿਆਂ ਕਾਰਨ ਪਿੰਡਾਂ ‘ਚ ਟਕਰਾਅ ਦਾ ਮਾਹੌਲ ਪੈਦਾ ਹੋਣਾ ਮੰਦਭਾਗਾ ਹੈ, ਜੋ ਮਜਦੂਰ ਕਿਸਾਨ ਦੋਖੀ ਤਾਕਤਾਂ ਨੂੰ ਪੂਰੀ ਤਰ੍ਹਾਂ ਰਾਸ ਬੈਠਦਾ ਹੈ । ਉਹਨਾਂ ਕਿਹਾ ਕਿ ਖੇਤ ਮਜਦੂਰਾਂ ਤੇ ਕਿਸਾਨਾਂ ਦੇ ਕੁਝ ਹਿੱਸੇ ਤਾਂ ਸੋਸ਼ਲ ਮੀਡੀਆ ‘ਤੇ ਚਲਦੀ ਚਰਚਾ ਤੋਂ ਪ੍ਰਭਾਵਿਤ ਹੋ ਕੇ ਮਤੇ ਪਾਉਣ ‘ਚ ਸ਼ਾਮਲ ਹੋ ਰਹੇ ਹਨ ਪਰੰਤੂ ਦੋਹੇਂ ਪਾਸਿਓਂ ਕੁੱਝ ਸਵਾਰਥੀ ਤੇ ਸਿਆਸੀ ਅਨਸਰਾਂ ਵੱਲੋਂ ਜਾਣਬੁੱਝ ਕੇ ਦੋਹਾਂ ਧਿਰਾਂ ‘ਚ ਟਕਰਾਅ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਜਿਨ੍ਹਾਂ ਤੋਂ ਮਜਦੂਰਾਂ ਕਿਸਾਨਾਂ ਨੂੰ ਬਚਣ ਦੀ ਲੋੜ ਹੈ।
ਉਹਨਾਂ ਕਿਹਾ ਕਿ ਮੌਜੂਦਾ ਖੇਤੀ ਮਾਡਲ ਤਹਿਤ ਖੇਤੀ ਖੇਤਰ ‘ਚ ਆਈ ਤਕਨੀਕ ਤੇ ਮਸ਼ੀਨਰੀ ਦੀ ਬਦੌਲਤ ਖੇਤੀ ‘ਚੋਂ ਲਗਾਤਾਰ ਰੁਜਗਾਰ ਘਟਣ ਕਰਕੇ ਖੇਤ ਮਜਦੂਰਾਂ ਦੀ ਦਿਹਾੜੀ ਮਜਦੂਰੀ ਦੇ ਰੇਟਾਂ ‘ਚ ਵੀ ਵਾਜਿਬ ਵਾਧਾ ਨਹੀਂ ਹੋ ਰਿਹਾ ਅਤੇ ਕਿਸਾਨਾਂ ਦੀ ਆਰਥਿਕ ਹਾਲਤ ਵੀ ਨਿੱਘਰਦੀ ਜਾ ਰਹੀ ਹੈ। ਉਹਨਾਂ ਕਿਹਾ ਕਿ ਕਾਰਪੋਰੇਟ ਪੱਖੀ ਖੇਤੀ ਮਾਡਲ ਦੀ ਬਦੌਲਤ ਵਧ ਰਹੀ ਬੇਰੁਜਗਾਰੀ, ਮਹਿੰਗਾਈ ਤੇ ਕਰਜੇ ਵਰਗੀਆਂ ਅਲਾਮਤਾਂ ਮਜਦੂਰਾਂ ਕਿਸਾਨਾਂ ਨੂੰ ਖੁਦਕੁਸ਼ੀਆਂ ਦੇ ਰਾਹ ਧੱਕ ਰਹੀਆਂ ਹਨ। ਉਹਨਾਂ ਕਿਹਾ ਕਿ ਮੌਜੂਦਾ ਸਮੇਂ ਜਥੇਬੰਦਕ ਅਤੇ ਆਰਥਿਕ ਤੇ ਸਮਾਜਿਕ ਪੱਖ ਤੋਂ ਮਾਲਕ ਕਿਸਾਨੀ ਤੇ ਕਿਸਾਨ ਜਥੇਬੰਦੀਆਂ ਨੂੰ ਖੇਤ ਮਜਦੂਰਾਂ ਦੇ ਹਿਤਾਂ ਦਾ ਧਿਆਨ ਰੱਖਦਿਆਂ ਪਹਿਲਕਦਮੀ ਕਰਨੀ ਚਾਹੀਦੀ ਹੈ।