ਆਂਗਣਵਾੜੀ ਸੈਂਟਰਾਂ ਦਾ ਨਹੀਂ ਬਦਲਿਆ ਸਮਾਂ:ਹਰਗੋਬਿੰਦ ਕੌਰ
ਅਸ਼ੋਕ ਵਰਮਾ
ਬਠਿੰਡਾ,16 ਮਈ 2022: ਪੰਜਾਬ ਵਿਚ ਇਸ ਵੇਲੇ 47 ਡਿਗਰੀ ਤੱਕ ਤਾਪਮਾਨ ਚਲਾ ਗਿਆ ਹੈ ਪਰ ਆਂਗਣਵਾੜੀ ਸੈਂਟਰਾਂ ਦਾ ਸਮਾਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਬਰਾਬਰ ਤਬਦੀਲ ਨਹੀਂ ਕੀਤਾ ਗਿਆ। ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਦੀ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਕਿਹਾ ਕਿ ਵਿਭਾਗ ਦੀ ਮੰਤਰੀ ਡਾਕਟਰ ਬਲਜੀਤ ਕੌਰ ਇਸ ਸਬੰਧੀ ਗੱਲ ਹੀ ਨਹੀਂ ਸੁਣ ਰਹੇ,ਜਦੋਂ ਕਿ ਉਹਨਾਂ ਨੂੰ ਕਈ ਵਾਰ ਮਿਲ ਕੇ ਮੰਗ ਪੱਤਰ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਆਂਗਣਵਾੜੀ ਸੈਂਟਰਾਂ ਵਿਚ ਬੱਚਿਆਂ ਦੇ ਲਈ ਪੀਣ ਲਈ ਸਾਫ ਸੁਥਰਾ ਪਾਣੀ ਨਹੀਂ ਹੈ । ਕਈਆਂ ਸੈਂਟਰਾਂ ਵਿਚ ਬਿਜਲੀ ਨਹੀਂ , ਪੱਖੇ ਨਹੀਂ ਹਨ ਤੇ ਹੋਰ ਸਹੂਲਤਾਂ ਤੋਂ ਸੱਖਣੇ ਹਨ।
ਉਨ੍ਹਾਂ ਕਿਹਾ ਕਿ ਭਾਵੇਂ ਆਂਗਣਵਾੜੀ ਸੈਂਟਰਾਂ ਦੇ ਬੱਚੇ 2017 ਤੋਂ ਸਰਕਾਰ ਨੇ ਖੋਹ ਕੇ ਪ੍ਰਾਇਮਰੀ ਸਕੂਲਾਂ ਵਿਚ ਬਿਠਾਏ ਹੋਏ ਹਨ ਪਰ ਜਿੰਨਾਂ ਸੈਂਟਰਾਂ ਵਿਚ ਬੱਚੇ ਆਉਂਦੇ ਹਨ ਉਹਨਾਂ ਨਿੱਕੇ ਨਿੱਕੇ ਬੱਚਿਆਂ ਦਾ ਗਰਮੀਂ ਕਾਰਨ ਬੁਰਾ ਹਾਲ ਹੋ ਰਿਹਾ ਹੈ । ਸੂਬੇ ਭਰ ਦੀਆਂ ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਮਾਰਚ ਮਹੀਨੇ ਤੋਂ ਬਾਅਦ ਤਨਖਾਹਾਂ ਨਹੀਂ ਮਿਲੀਆਂ ਜਿਸ ਕਰਕੇ ਵਰਕਰਾਂ ਤੇ ਹੈਲਪਰਾਂ ਘੋਰ ਨਿਰਾਸ਼ਾ ਵਿਚ ਹਨ ਪਰ ਪੰਜਾਬ ਸਰਕਾਰ ਘੂਕ ਸੁੱਤੀ ਪਈ ਹੈ । ਉਨ੍ਹਾਂ ਕਿਹਾ ਕਿ ਇਹ ਪਹਿਲੀ ਵਾਰ ਹੈ ਕਿ ਸਰਕਾਰ ਯੂਨੀਅਨ ਦੀ ਗੱਲ ਨਹੀਂ ਸੁਣ ਰਹੀ ।ਕੀ ਇਹ ਹੀ ਬਦਲਾਅ ਹੈ,ਕਈ ਵਰਕਰ ਹੈਲਪਰ ਇਸੇ ਮਾਣ ਭੱਤੇ ਤੇ ਨਿਰਭਰ ਕਰਦੀਆਂ ਹਨ, ਇਸ ਵੇਲੇ ਉਹ ਸਰਕਾਰ ਨੂੰ ਬਦਦੁਆਵਾਂ ਦੇ ਰਹੀਆਂ ਹਨ, ਇਹੋ ਜਿਹੇ ਹਾਲਾਤਾਂ ਤੋਂ ਮਜਬੂਰ ਹੋ ਕੇ ਜਥੇਬੰਦੀ ਨੂੰ ਸੰਘਰਸ਼ ਦੇ ਰਾਹ ਪੈਣਾ ਪਵੇਗਾ।