ਕੀ ਮਨਪ੍ਰੀਤ ਬਾਦਲ ਨੇ ਕਾਂਗਰਸ ਨੂੰ ਛੱਡਣ ਦਾ ਮਨ ਬਣਾਇਆ ?
ਅਸ਼ੋਕ ਵਰਮਾ
ਬਠਿੰਡਾ,17 ਮਈ2022:ਕੀ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਕਾਂਗਰਸ ਨੂੰ ਛੱਡਣ ਦਾ ਮਨ ਬਣਾ ਲਿਆ ਹੈ? ਸਿਆਸੀ ਹਲਕਿਆਂ ਅਤੇ ਸੋਸ਼ਲ ਮੀਡੀਆ ’ਚ ਇਹ ਸਵਾਲ ਵੱਡੀ ਪੱਧਰ ’ਤੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਵੱਲੋਂ ਫੇਸਬੁੱਕ ਤੇ ਪਾਈ ਪੋਸਟ ਨੇ ਇਸ ਚੁੰਝ ਚਰਚਾ ਨੂੰ ਹਵਾ ਦਿੱਤੀ ਹੈ। ਪੋਸਟ ’ਚ ਕਾਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਕਾਰਜਕਾਰੀ ਪ੍ਰਧਾਨ ਭਾਰਤ ਭੂਸ਼ਣ ਆਸ਼ੂ ਨੂੰ ਸਿੱਧੇ ਤੌਰ ਤੇ ਨਿਸ਼ਾਨਾ ਬਣਾਇਆ ਗਿਆ ਹੈ ਜਦੋਂਕਿ ਹਾਈਕਮਾਂਡ ਨੂੰ ਨਸੀਹਤ ਦਿੱਤੀ ਗਈ ਹੈ। ਸਿਆਸੀ ਹਲਕੇ ਵੀ ਮੰਨਦੇ ਹਨ ਕਿ ਜੋਜੋ ਵੱਲੋਂ ਏਦਾਂ ਦੀ ਤਿੱਖੀ ਸੁਰ ਵਾਲੀ ਪੋਸਟ ਪਾਉਣਾ ਸਹਿਜ ਨਹੀਂ ਹੈ ਬਲਕਿ ਇਸ ਪਿੱਛੇ ਕੋਈ ਸੋਚੀ ਸਮਝੀ ਰਣਨੀਤੀ ਹੋ ਸਕਦੀ ਹੈ।
ਪੋਸਟ ਮੁਤਾਬਕ ‘ ਮੈਂ ਚੋਣਾਂ ਵੇਲੇ ਵੀ ਚੁੱਪੀ ਧਾਰੀ ਹੋਈ ਸੀ ਕਿ ਵੜਿੰਗ ਨੂੰ ਉਸ ਵੇਲੇ ਦੇ ਵਿਧਾਇਕ ਅਤੇ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਖਿਲਾਫ ਬੋਲਣ ਦਾ ਮੁੱਦਾ ਕਿਉਂ ਬਣਾਇਆ ਜਾਵੇ। ਉਨ੍ਹਾਂ ਨੇ ਸਟੇਜਾਂ ‘ਤੇ ਖੁੱਲ੍ਹ ਕੇ ਲੋਕਾਂ ਨੂੰ ਬਠਿੰਡਾ ਸ਼ਹਿਰੀ ਹਲਕੇ ’ਚ ਕਾਂਗਰਸ ਖਿਲਾਫ ਵੋਟ ਪਾਉਣ ਦੀ ਅਪੀਲ ਕੀਤੀ ਸੀ । ਆਸ਼ੂ ਦਾ ਆਡੀਓ ਵਾਇਰਲ ਹੋਇਆ ਸੀ, ਜਿਸ ‘ਚ ਉਸ ਨੇ ਮਨਪ੍ਰੀਤ ਖਿਲਾਫ ਵੋਟਾਂ ਪਾਉਣ ਦੀ ਗੱਲ ਕਹੀ ਸੀ। ਇੱਕ ਨੂੰ ਪੰਜਾਬ ਕਾਂਗਰਸ ਦਾ ਪ੍ਰਧਾਨ ਅਤੇ ਦੂਜੇ ਨੂੰ ਕਾਰਜਕਾਰੀ ਪ੍ਰਧਾਨ ਬਣਾਇਆ ਗਿਆ ਹੈ।
ਪਾਰਟੀ ਨੂੰ ਨਸੀਹਤ ਦਿੰਦਿਆਂ ਜੌਹਲ ਲਿਖਦਾ ਹੈ ‘ਉਦੈਪੁਰ ਵਿੱਚ ਚਿੰਤਨ ਇਹ ਹੋਣਾ ਚਾਹੀਦਾ ਸੀ ਕਿ ਜੇਕਰ ਕੋਈ ਆਪਣੀ ਹੀ ਪਾਰਟੀ ਦੇ ਉਮੀਦਵਾਰਾਂ ਵਿਰੁੱਧ ਬੋਲਦਾ ਹੈ ਤਾਂ ਉਸ ਨੂੰ ਅਹੁਦਿਆਂ ਨਾਲ ਨਿਵਾਜਿਆ ਜਾਂਦਾ ਹੈ ਅਤੇ ਜਾਖੜ ਨੂੰ ਕਾਰਨ ਦੱਸੋ ਨੋਟਿਸ ਦਿੱਤਾ ਜਾਂਦਾ ਹੈ? ਜੇਕਰ ਅਜਿਹਾ ਹੈ ਤਾਂ ਵਰਕਰਾਂ ਦੇ ਤੌਰ ‘ਤੇ ਹਰ ਕਿਸੇ ਨੂੰ ਕਿਸੇ ਦੇ ਖਿਲਾਫ ਬੋਲਣ ਦੀ ਖੁੱਲ੍ਹ ਹੋਣੀ ਚਾਹੀਦੀ ਹੈ । ਜੈਜੀਤ ਪੋਸਟ ਰਾਹੀਂ ਸਵਾਲ ਕਰਦਾ ਹੈ ਕਿ ਉਨ੍ਹਾਂ ਨੂੰ ਆਪਣੀ ਹੀ ਪਾਰਟੀ ਦੇ ਉਮੀਦਵਾਰ ਅਤੇ ਵਿਤ ਮੰਤਰੀ ਵਿਰੁੱਧ ਬੋਲਣ ਦੀ ਇਜਾਜਤ ਕਿਉਂ ਦਿੱਤੀ ਗਈ? ਕੋਈ ਪਾਰਟੀ ਅਨੁਸ਼ਾਸ਼ਨ ਦੀ ਆਸ ਕਿਵੇਂ ਰੱਖ ਸਕਦੀ ਹੈ ਅਤੇ ਮੇਰੇ ਵਰਗੇ ਵਰਕਰ ਤੋਂ ਇਹਨਾਂ ਦੋਵਾਂ ਦਾ ਸਤਿਕਾਰ ਕਰਨ ਦੀ ਉਮੀਦ ਕਿਵੇਂ ਰੱਖੀ ਜਾ ਸਕਦੀ ਹੈ।
ਓਧਰ ਇਸ ਪੋਸਟ ਤੋਂ ਜਾਹਰ ਹੈ ਕਿ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਵਿਚਕਾਰ ਚੋਣਾਂ ਵੇਲੇ ਬਣੀ ਕੁੜੱਤਣ ਬਰਕਰਾਰ ਹੈ। ਮਨਪ੍ਰੀਤ ਬਾਦਲ ਨੂੰ ਵਿਧਾਨ ਸਭਾ ਚੋਣਾਂ ਦੌਰਾਨ ਉਸ ਦੇ ਆਪਣੇ ਹੀ ਸਾਥੀ ਰਹੇ ਕੌਸਲਰ ਜਗਰੂਪ ਸਿੰਘ ਗਿੱਲ ਹੱਥੋਂ 63 ਹਜ਼ਾਰ ਤੋਂ ਵੱਧ ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸਾਲ 2017 ’ਚ ਮਨਪ੍ਰੀਤ ਬਾਦਲ ਨੇ ਬਠਿੰਡਾ ਸ਼ਹਿਰੀ ਹਲਕੇ ਤੋਂ ਕਾਂਗਰਸ ਦੀ ਟਿਕਟ ਤੇ 17 ਹਜ਼ਾਰ ਵੋਟਾਂ ਨਾਲ ਜਿੱਤ ਹਾਸਲ ਕੀਤੀ ਸੀ। ਇੰਨ੍ਹਾਂ ਚੋਣਾਂ ’ਚ ਮਨਪ੍ਰੀਤ ਨੂੰ 63,942 ਵੋਟਾਂ ਪਈਆਂ ਸਨ ਜਦੋਂਕਿ 2022 ’ਚ 63,581 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਹੈ। ਕਰਾਰੀ ਹਾਰ ਦੇ ਇਸ ਦਰਦ ਨੂੰ ਮਨਪ੍ਰੀਤ ਬਾਦਲ ਸੰਘੋਂ ਹੇਠਾਂ ਨਹੀਂ ਉਤਾਰ ਸਕੇ ਹਨ।
ਇਸ ਕਰਕੇ ਉਨ੍ਹਾਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਬਠਿੰਡਾ ਹਲਕੇ ’ਚ ਬਿਲਕੁਲ ਵੀ ਗੇੜਾ ਨਹੀਂ ਮਾਰਿਆ ਬਲਕਿ ਵਿਦੇਸ਼ ਚਲੇ ਗਏ ਹਨ। ਸੂਤਰ ਦੱਸਦੇ ਹਨ ਕਿ ਅਸਲ ’ਚ ਮਨਪ੍ਰੀਤ ਖੇਮੇ ਨੂੰ ਰਾਜਾ ਵੜਿੰਗ ਦੀ ਅਗਵਾਈ ਹੇਠ ਕੰਮ ਕਰਨਾ ਔਖਾ ਹੋ ਰਿਹਾ ਹੈ। ਵਿੱਤ ਮੰਤਰੀ ਹੁੰਦਿਆਂ ਨਤਮਸਤਕ ਹੋਣ ਲਈ ਲਾਈਨ ਬਣਾਕੇ ਖਲੋਤੇ ਰਹਿਣ ਵਾਲੇ ਕਾਂਗਰਸੀ ਆਗੂਆਂ ਵੱਲੋਂ ਪ੍ਰਧਾਨ ਬਣਨ ਤੇ ਰਾਜਾ ਵੜਿੰਗ ਨੂੰ ਇੱਕ ਦੂਜੇ ਤੋਂ ਮੋਹਰੀ ਹੋ ਹੋਕੇ ਦਿੱਤੀਆਂ ਵਧਾਈਆਂ ਨੇ ਵੀ ਮਨਪ੍ਰੀਤ ਬਾਦਲ ਦਾ ਸਿਆਸੀ ਦਰਦ ਵਧਾਇਆ ਹੈ। ਕਈ ਕਾਂਗਰਸੀ ਲੀਡਰ ਤਾਂ ਮਨਪ੍ਰੀਤ ਬਾਦਲ ਦੀ ਛਤਰ ਛਾਇਆ ਹੇਠ ਲਗਾਤਾਰ ਪੰਜ ਸਾਲ ਸੱਤਾ ਦਾ ਆਨੰਦ ਮਾਣਦੇ ਰਹੇ ਪਰ ਹੁਣ ਰਾਜਾ ਵੜਿੰਗ ਨਾਲ ‘ਹੱਥ ਮਿਲਾ ਲਿਆ ਹੈ।
ਅਕਾਲੀ ਦਲ ’ਚ ਜਾਣ ਦੀ ਚੁੰਝ ਚਰਚਾ
ਸਿਆਸੀ ਹਲਕਿਆਂ ’ਚ ਮਨਪ੍ਰੀਤ ਸਿੰਘ ਬਾਦਲ ਦੇ ਮੁੜ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਚਰਚਾ ਨੇ ਜੋਰ ਫੜ੍ਹਿਆ ਹੋਇਆ ਹੈ। ਅਕਾਲੀ ਦਲ ’ਚ ਹੁੰਦਿਆਂ ਮਨਪ੍ਰੀਤ ਨੇ ਹਰ ਚੋਣ ਗਿੱਦੜਬਾਹਾ ਹਲਕੇ ਤੋਂ ਲੜੀ ਅਤੇ ਜਿੱਤੀ। ਸਿਆਸੀ ਗੁੜ੍ਹਤੀ ਤਾਏ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਤੋਂ ਮਿਲੀ ਹੋਣ ਕਾਰਨ ਮਨਪ੍ਰੀਤ ਬਾਦਲ ਲੱਛੇਦਾਰ ਭਾਸ਼ਣਾਂ ਦੇ ਮਾਹਿਰ ਹਨ। ਸੂਤਰ ਆਖਦੇ ਹਨ ਕਿ ਬਾਦਲ ਪ੍ਰੀਵਾਰਾਂ ’ਚ ਹੁਣ ਪਹਿਲਾਂ ਵਾਲੀ ਦੂਰੀ ਨਹੀਂ ਰਹੀ ਅਤੇ ‘ਝਾੜੂ’ ਹੱਥੋਂ ਬੁਰੀ ਤਰਾਂ ਪੀੜਤ ਹੋਣ ਕਾਰਨ ਦੋਵਾਂ ਪ੍ਰੀਵਾਰਾਂ ਵੱਲੋਂ ਇੱਕ ਦੂਸਰੇ ਦੀ ਲੋੜ ਮਹਿਸੂਸ ਕੀਤੀ ਜਾ ਰਹੀ ਹੈ। ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਨੇ ਅਜਿਹੀ ਗੱਲ ਤੋਂ ਅਣਜਾਣਤਾ ਜਤਾਈ ਪਰ ਰੱਦ ਨਹੀਂ ਕੀਤਾ ਹੈ।
ਕਾਂਗਰਸ ਛੱਡਣ ਦਾ ਸਵਾਲ ਨਹੀਂ:ਜੌਹਲ
ਮਨਪ੍ਰੀਤ ਬਾਦਲ ਦੇ ਕਰਤਾ ਧਰਤਾ ਜੈਜੀਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਕਾਂਗਰਸ ਛੱਡਣ ਦਾ ਸਵਾਲ ਹੀ ਨਹੀਂ ਹੈ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਉਮੀਦ ਸੀ ਕਿ ਉਦੇਪੁਰ ਬੈਠਕ ’ਚ ਮਨਪ੍ਰੀਤ ਬਾਦਲ ਖਿਲਾਫ ਕੀਤੇ ਭੰਡੀ ਪ੍ਰਚਾਰ ਬਾਰੇ ਚਿੰਤਨ ਕਰਨ ਤੋਂ ਬਾਅਦ ਢੁੱਕਵੇਂ ਦਿਸ਼ਾ ਨਿਰਦੇਸ਼ ਜਾਰੀ ਹੋਣਗੇ। ਉਨ੍ਹਾਂ ਕਿਹਾ ਕਿ ਜਦੋਂ ਅਜਿਹਾ ਨਾਂ ਹੋਇਆ ਤਾਂ ਉਨ੍ਹਾਂ ਨੇ ਪੋਸਟ ਰਾਹੀਂ ਇੱਕ ਦੂਜੇ ਵਿਰੁੱਧ ਬੋਲਣ ਦੇ ਮਾਮਲੇ ’ਚ ਸਾਰਿਆਂ ਦੀਆਂ ਵਾਗਾਂ ਖੁੱਲ੍ਹੀਆਂ ਛੱਡਣ ਦੀ ਮੰਗ ਕੀਤੀ ਹੈ। ਉਨ੍ਹਾਂ ਮਨਪ੍ਰੀਤ ਬਾਦਲ ਵੱਲੋਂ ਅਕਾਲੀ ਦਲ ’ਚ ਸ਼ਾਮਲ ਹੋਣ ਦੀ ਚੁੰਝ ਚਰਚਾ ਨੂੰ ਪੂਰੀ ਤਰਾਂ ਬੇਬੁਨਿਆਦ ਕਰਾਰ ਦਿੱਤਾ ਹੈ।