ਗਵਾਂਢੀ ਨਾਲ ਹੋਏ ਮਾਮੂਲੀ ਤਕਰਾਰ ਦੌਰਾਨ ਗੋਲੀ ਚੱਲਣ ਨਾਲ ਇਕ ਵਿਅਕਤੀ ਦੀ ਮੌਤ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 17 ਮਈ 2022 - ਸੁਲਤਾਨਪੁਰ ਲੋਧੀ ਅਧੀਨ ਪੈਂਦੇ ਕਸਬਾ ਤਲਵੰਡੀ ਚੌਧਰੀਆਂ ਵਿਖੇ ਗੋਲੀ ਚੱਲਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਤਲਵੰਡੀ ਚੌਧਰੀਆਂ ਵਿਖੇ ਸੁਖਵਿੰਦਰ ਸਿੰਘ ਵੱਲੋਂ ਮਕਾਨਾਂ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਜਿਸ ਕਾਰਨ ਬਣਾਏ ਜਾ ਰਹੇ ਨਵੇਂ ਮਕਾਨਾਂ ਦੀ ਗਲੀ ਵਿਚ ਪੈੜ ਕੀਤੀ ਗਈ ਸੀ। ਜਿਸ ਤੇ ਹਰਦੇਵ ਸਿੰਘ ਏਐਸਆਈ ਜੋ ਕਿ ਉਨ੍ਹਾਂ ਦੇ ਗਵਾਂਡ ਵਿੱਚ ਰਹਿੰਦਾ ਹੈ ਅਤੇ ਜ਼ਿਲਾ ਕਪੂਰਥਲਾ ਵਿਖੇ ਪੁਲਿਸ ਵਿਚ ਬਤੌਰ ਤਮੀਲੀ ਸਟਾਫ਼ ਡਿਊਟੀ ਕਰ ਰਿਹਾ ਸੀ। ਉਹ ਅੱਜ 9 ਦਿਨਾਂ ਦੀ ਛੁੱਟੀ ਲੈ ਕੇ ਘਰ ਆਇਆ ਸੀ।
ਜਦੋਂ ਉਹ ਸੁਖਵਿੰਦਰ ਸਿੰਘ ਦੇ ਬਣ ਰਹੇ ਮਕਾਨ ਕੋਲ ਪਹੁੰਚਿਅ ਤਾਂ ਉਸ ਨੇ ਗਲੀ ਵਿਚ ਹੋਈ ਪੈੜ ਦੇਖ ਕੇ ਆਪਣੇ ਮਕਾਨ ਬਣਾ ਰਹੇ ਗੁਆਂਢੀ ਨੂੰ ਮਾੜਾ-ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਕਹਿਣ ਲੱਗਾ ਕਿ ਪੈੜ ਪਾਸੇ ਕੀਤੀ ਜਾਵੇ ਮੈਨੂੰ ਕਾਰ ਅੰਦਰ ਕਰਨ ਵਿੱਚ ਦਿਕਤ ਆਉਂਦੀ ਹੈ। ਗੁਆਂਢੀ ਨੇ ਕਿਹਾ ਕਿ ਸਾਡਾ ਅੱਜ ਕੰਮ ਖਤਮ ਹੋ ਜਾਣਾ ਕੱਲ੍ਹ ਅਸੀਂ ਰਸਤਾ ਸਾਫ਼ ਕਰ ਦਿਆਂਗੇ। ਹਰਦੇਵ ਸਿੰਘ ਨੇ ਗੁੱਸੇ ਵਿੱਚ ਕਿਹਾ ਕਿ ਮੈਨੂੰ ਗਲੀ ਸਾਫ਼ ਕਰਾਉਣੀ ਆਉਂਦੀ ਹੈ। ਸੁਖਵਿੰਦਰ ਸਿੰਘ ਦੀ ਘਰਵਾਲੀ ਹਰਦੇਵ ਸਿੰਘ ਨਾਲ ਗੱਲਬਾਤ ਕਰ ਰਹੀ ਸੀ ਕਿ ਜਸਵੀਰ ਸਿੰਘ ਉਮਰ ਕਰੀਬ 55 ਸਾਲ ਜੋ ਸੁਖਵਿੰਦਰ ਸਿੰਘ ਦੇ ਨਾਲ ਦੇ ਮਕਾਨ ਵਿੱਚ ਰਹਿੰਦਾ ਸੀ।
ਉਹ ਆਪਣੀ ਭਰਜਾਈ ਨੂੰ ਚੁੱਪ ਕਰਾਉਣ ਲਈ ਅੱਗੇ ਵਧਿਆ ਏਨੇ ਨੂੰ ਹਰਦੇਵ ਸਿੰਘ ਆਪਣੇ ਘਰ ਅੰਦਰ ਗਿਆ ਤੇ ਦੋਨਾਲੀ ਬੰਦੂਕ ਲਿਆ ਕਿ ਜਸਵੀਰ ਸਿੰਘ ਤੇ ਫਾਇਰ ਕਰ ਦਿੱਤੇ ਜਿਸ ਨਾਲ ਉਹ ਉਥੇ ਹੀ ਡਿੱਗ ਪਿਆ। ਉਸ ਨੂੰ ਆਸ ਪਾਸ ਦੇ ਲੋਕਾਂ ਨੇ ਤੁਰੰਤ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਪਰ ਉਸ ਦੀ ਇਲਾਜ਼ ਅਧੀਨ ਮੌਤ ਹੋ ਗਈ। ਮੌਕੇ ਤੇ ਪਹੁੰਚੇ ਡੀ ਐਸ ਪੀ ਰਾਜੇਸ਼ ਕੱਕੜ ਨੇ ਦੱਸਿਆ ਕਿ ਮਿ੍ਤਕ ਦੇ ਪਰਿਵਾਰ ਦੇ ਬਿਆਨਾਂ ਦੇ ਆਧਾਰ ਤੇ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਅਤੇ ਜਲਦ ਹੀ ਦੋਸ਼ੀਆਂ ਨੂੰ ਕਾਬੂ ਕਰ ਲਿਆ ਜਾਵੇਗਾ।