‘ਬਠਿੰਡਾ ਦੇ ਕਾਂਗਰਸੀਆਂ ’ਚ ‘ਖੜਕੀ ਦਾ ਖੜਕਾ ਦੜਕਾ’ ਦਿੱਲੀ ਤੱਕ ਹੋਇਆ
ਅਸ਼ੋਕ ਵਰਮਾ
ਬਠਿੰਡਾ,18ਮਈ2022:ਮੰਗਲਵਾਰ ਨੂੰ ਬਠਿੰਡਾ ਸ਼ਹਿਰੀ ਹਲਕੇ ’ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਦੇ ਸਮਰਥਕਾਂ ਵਿਚਕਾਰ ਆਪਸ ’ਚ ਹੋਏ ਕਾਟੋ ਕਲੇਸ਼ ਦੀ ਗੱਲ ਕਾਂਗਰਸ ਹਾਈਕਾਂਮਡ ਤੱਕ ਪੁੱਜ ਗਈ ਹੈ। ਸੂਤਰਾਂ ਦੀ ਮੰਨੀਏ ਤਾਂ ਰਾਜਾ ਵੜਿੰਗ ਦੇ ਹਮਾਇਤੀਆਂ ਨੇ ਆਪਣੇ ਸੰਪਰਕ ਰਾਹੀਂ ਕਾਂਗਰਸ ਦੀ ਆਹਲਾ ਲੀਡਰਸ਼ਿਪ ਅਤੇ ਸੂਬਾ ਪ੍ਰਧਾਨ ਨੂੰ ਸਥਿਤੀ ਤੋਂ ਜਾਣੂੰ ਕਰਵਾ ਦਿੱਤਾ। ਸੂਤਰ ਦੱਸਦੇ ਹਨ ਕਿ ਰਾਜਾ ਵੜਿੰਗ ਗਰੁੱਪ ਦੇ ਕਾਂਗਰਸੀ ਆਗੂਆਂ ਨੇ ਮੰਗਲਵਾਰ ਸ਼ਾਮ ਨੂੰ ਆਪਣੀ ਮੀਟਿੰਗ ਕਰਕੇ ਹਾਲਾਤਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਹੈ। ਜਿਲ੍ਹਾ ਪ੍ਰਧਾਨਗੀ ਨੂੰ ਲੈਕੇ ਜਿਸ ਤਰਾਂ ਬਠਿੰਡਾ ਦੇ ਕਾਂਗਰਸੀਆਂ ’ਚ ਭੜਥੂ ਪਿਆ ਹੈ ਉਸ ਤਰਾਂ ਦਾ ਮਹੌਲ ਹੋਰ ਕਿਧਰੇ ਵੀ ਨਹੀਂ ਬਣਿਆ ਹੈ।
ਮੰਨਿਆ ਜਾ ਰਿਹਾ ਹੈ ਕਿ ਦੋਵੇਂ ਕਾਂਗਰਸੀ ਆਗੂਆਂ ਦੇ ਹਮਾਇਤੀਆਂ ’ਚ ਗੱਲ ਮੁੱਕੀ ਨਹੀਂ ਬਲਕਿ ਅਗਲੇ ਦਿਨੀਂ ਜਦੋਂ ਨਿਯੁਕਤੀ ਹੋਣੀਆਂ ਹਨ ਤਾਂ ਮਾਮਲਾ ਮੁੜ ਭੜਕ ਸਕਦਾ ਹੈ। ਅੱਜ ਰਾਜਾ ਵੜਿੰਗ ਦੇ ਹਮਾਇਤੀ ਕਾਂਗਰਸੀ ਆਗੂ ਨੇ ਦੱਸਿਆ ਕਿ ਅਹੁਦੇਦਾਰ ਤਾਂ ਸੂਬਾ ਲੀਡਰਸ਼ਿਪ ਵੱਲੋਂ ਹੀ ਨਿਯੁਕਤ ਕੀਤੇ ਜਾਣਗੇ ਜਦੋਂਕਿ ਸਾਬਕਾ ਵਿੱਤ ਮੰਤਰੀ ਦੇ ਹਮਾਇਤੀ ਆਗੂ ਹਲਕਾ ਇੰਚਾਰਜ ਹੋਣ ਦੇ ਨਾਤੇ ਮਨਪ੍ਰੀਤ ਬਾਦਲ ਦੀ ਸਲਾਹ ਨੂੰ ਅਹਿਮੀਅਤ ਦੇਣ ਦੀ ਮੰਗ ਤੇ ਅੜੇ ਹੋਏ ਹਨ। ਅਸਲ ’ਚ ਮਨਪ੍ਰੀਤ ਬਾਦਲ ਅਤੇ ਰਾਜਾ ਵੜਿੰਗ ਵਿਚਕਾਰ ਸਾਲ 2019 ਦੀਆਂ ਲੋਕ ਸਭਾ ਦੇ ਨਤੀਜਿਆਂ ਨੂੰ ਲੈਕੇ ਰੱਫੜ ਖੜ੍ਹਾ ਹੋਇਆ ਸੀ।
ਇਸ ਮੌਕੇ ਸ਼ਹਿਰੀ ਹਲਕੇ ਵਿੱਚੋਂ ਅਕਾਲੀ ਦਲ ਦੀ ਉਮੀਦਵਾਰ ਅਤੇ ਮਨਪ੍ਰੀਤ ਬਾਦਲ ਦੀ ਸਕੀ ਭਰਜਾਈ ਨੂੰ ਪਹਿਲੀ ਵਾਰ ਹਰਸਿਮਰਤ ਨੂੰ 3,743 ਵੋਟਾਂ ਦੀ ਲੀਡ ਮਿਲੀ ਸੀ ਜਦੋਂ ਕਿ ਪਿਛਲੀ ਚੋਣ ’ਚ ਉਹ ਬਠਿੰਡਾ ਵਿੱਚੋਂ 29,316 ਵੋਟਾਂ ਨਾਲ ਪਛੜੇ ਹਨ। ਰੌਚਕ ਪਹਿਲੂ ਹੈ ਕਿ ਸਾਲ 2017 ’ਚ ਮਨਪ੍ਰੀਤ ਬਾਦਲ 18 ਹਜ਼ਾਰ 480 ਵੋਟਾਂ ਨਾਲ ਚੋਣ ਜਿੱਤੇ ਸਨ। ਦੋ ਸਾਲਾਂ ’ਚ ਵੋਟਾਂ ਭੁਗਤਣ ’ਚ ਪਿਆ ਫਰਕ ਰਾਜਾ ਵੜਿੰਗ ਨੂੰ ਲਗਾਤਾਰ ਚੁਭਦਾ ਆ ਰਿਹਾ ਹੈ। ਭਾਵੇਂ ਲੋਕ ਸਭਾ ਚੋਣਾਂ ’ਚ ਰਾਜਾ ਵੜਿੰਗ ਹਾਰ ਗਿਆ ਪਰ ਸ਼ਹਿਰੀ ਹਲਕੇ ਕਾਰਨ ਦੋਵਾਂ ਵਿਚਕਾਰ ਕੁੜੱਤਣ ਬਣ ਗਈ ਜੋ ਗਾਹੇ ਬਗਾਹੇ ਸਾਹਮਣੇ ਆਉਂਦੀ ਰਹਿੰਦੀ ਹੈੇ।
ਇਸੇ ਕਾਰਨ ਹੀ ਰਾਜਾ ਵੜਿੰਗ ਨੇ ਵਿਧਾਨ ਸਭਾ ਚੋਣਾਂ ’ਚ ਰਾਜਾ ਵੜਿੰਗ ਨੇ ਬਠਿੰਡਾ ਤੋਂ ਜਲਾਲਾਬਾਦ ਤੱਕ ਸਾਰੇ ਬਾਦਲਾਂ ਨੂੰ ਹਰਾਉਣ ਦਾ ਸੱਦਾ ਦੇ ਦਿੱਤਾ ਜੋ ਮਨਪ੍ਰੀਤ ਦੀ ਕਰਾਰੀ ਹਾਰ ਕਾਰਨ ਬਲਦੀ ਤੇ ਤੇਲ ਪਾਉਣ ਵਾਲਾ ਸਾਬਤ ਹੋਇਆ ਹੈ। ਤਾਜਾ ਮਾਮਲਾ ਉਦੋਂ ਸ਼ੁਰੂ ਹੋਇਆ ਜਦੋਂ ਕਾਂਗਰਸ ਹਾਈਕਮਾਂਡ ਵੱਲੋਂ ਨਿਯੁਕਤ ਅਧਿਕਾਰੀ ਸ਼ਹਿਰੀ ਜਿਲ੍ਹਾ ਪ੍ਰਧਾਨ ਤੇ ਬਲਾਕਾਂ ਦੇ ਪ੍ਰਧਾਨ ਬਨਾਉਣ ਵਾਸਤੇ ਵਿਚਾਰ ਵਟਾਂਦਰੇ ਲਈ ਕਾਂਗਰਸ ਭਵਨ ’ਚ ਪੁੱਜੇ ਸਨ । ਜਾਣਕਾਰੀ ਅਨੁਸਾਰ ਸੀਨੀਅਰ ਡਿਪਟੀ ਮੇਅਰ ਅਸ਼ੋਕ ਕੁਮਾਰ ਨੇ ਕਿਸੇ ਗੱਲ ਨੂੰ ਲੈਕੇ ਕੁੱਝ ਤਲਖੀ ਦਿਖਾਈ ਤਾਂ ਕਾਂਗਰਸੀ ਆਗੂ ਸੁਰਿੰਦਰਜੀਤ ਸਾਹਨੀ ਨੇ ਉਨ੍ਹਾਂ ਨੂੰ ਸ਼ਾਂਤ ਰਹਿਣ ਦੀ ਨਸੀਹਤ ਦੇ ਦਿੱਤੀ।
ਇਸ ਮੌਕੇ ਹੋਰ ਲੋਕਾਂ ਨੇ ਬੋਲ ਬੁਲਾਰਾ ਸ਼ੁਰੂ ਕਰ ਦਿੱਤਾ ਅਤੇ ਮਨਪ੍ਰੀਤ ਬਾਦਲ ਤੇ ਉੱਗਲ ਉਠਾ ਦਿੱਤੀ। ਇਸੇ ਦੌਰਾਨ ਮਨਪ੍ਰੀਤ ਬਾਦਲ ਦੇ ਹਮਾਇਤੀ ਕਾਂਗਰਸੀ ਆਗੂ ਅਤੇ ਉਨ੍ਹਾਂ ਦੇ ਆਫਿਸ ਇੰਚਾਰਜ ਜੈਜੀਤ ਸਿੰਘ ਜੌਹਲ ਮੀਟਿੰਗ ’ਚ ਪੁੱਜ ਗਏ ਤਾਂ ਮਹੌਲ ਹੀ ਬਦਲ ਗਿਆ ਜੋ ਪਹਿਲਾਂ ਹੀ ਜੌਹਲ ਵੱਲੋਂ ਫੇਸਬੁੱਕ ਤੇ ਪਾਈ ਪੋਸਟ ਕਾਰਨ ਪਹਿਲਾਂ ਹੀ ਤੱਤਾ ਬਣਿਆ ਹੋਇਆ ਸੀ। ਇਸ ਮੌਕੇ ਦੋਵਾਂ ਧਿਰਾਂ ਦੇ ਵਰਕਰ ਆਹਮੋ ਸਾਹਮਣੇ ਹੋ ਗਏ ਅਤੇ ਇੱਕ ਦੂਸਰੇ ਖਿਲਾਫ ਜੰਮ ਕੇ ਭੜਾਸ ਕੱਢੀ। ਇਸ ਮੌਕੇ ਮਨਪ੍ਰੀਤ ਬਾਦਲ ਦੇ ਹਮਾਇਤੀਆਂ ਨੇ ਹੰਗਾਮਾ ਕੀਤਾ ਅਤੇ ਗੱਲ ਹੱਥੋਪਾਈ ਤੱਕ ਪੁੱਜ ਗਈ । ਕੁੱਝ ਲੋਕਾਂ ਨੂੰ ਬਾਹਰ ਕੱਢਣ ਤੋਂ ਬਾਅਦ ਮਾਮਲਾ ਸ਼ਾਂਤ ਕਰਵਾ ਦਿੱਤਾ ਗਿਆ।
ਇਸ ਮੌਕੇ ਜੈਜੀਤ ਜੌਹਲ ਨੇ ਕਿਹਾ ਕਿ ਜਿੰਨ੍ਹਾਂ ਨੇ ਆਮ ਆਦਮੀ ਪਾਰਟੀ ਦੀ ਸਹਾਇਤਾ ਕੀਤੀ ਹੈ ਉਹ ਕਿੳਂ ਸਲਾਹਾਂ ਦੇ ਰਹੇ ਹਨ। ਜੌਹਲ ਨੇ ਕਿਹਾ ਕਿ ਜਥੇਬੰਦੀ ਵਰਕਰਾਂ ਦੀ ਸਹਿਮਤੀ ਨਾਲ ਬਣਨੀ ਚਾਹੀਦੀ ਹੈ ਪਰ ਬੈਕ ਡੋਰ ਐਂਟਰੀ ਨਹੀਂ ਮਾਰਨ ਦਿੱਤੀ ਜਾਏਗੀ। ਉਨ੍ਹਾਂ ਆਖਿਆ ਕਿ ਇਸ ਵੇਲੇ ਕਾਂਗਰਸ ਨੂੰ ਇੱਕਜੁਟ ਹੋਣ ਦੀ ਜਰੂਰਤ ਹੈ ਤਾਂ ਜੋ ਵਾਰਡ ਨੰਬਰ 48 ਦੀ ਜਿਮਨੀ ਚੋਣ ਜਿੱਤੀ ਜਾ ਸਕੇ। ਕਾਂਗਰਸੀ ਆਗੂ ਸੁਰਿੰਦਰਜੀਤ ਸਿੰਘ ਸਾਹਨੀ ਨੇ ਕਿਹਾ ਕਿ ਜਿਲ੍ਹਾ ਪ੍ਰਧਾਨ ਅਤੇ ਬਾਕੀ ਅਹੁਦਿਆਂ ਦੀ ਚੋਣ ਸਹੀ ਢੰਗ ਨਾਲ ਹੋਣੀ ਚਾਹੀਦੀ ਹੈ। ਡੀਆਰਓ ਓਮ ਪ੍ਰਕਾਸ਼ ਨੇ ਦੱਸਿਆ ਕਿ ਉਹ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਦੀ ਚੋਣ ਲਈ ਵਰਕਰਾਂ ਦੀ ਰਾਏ ਲੈਣ ਆਏ ਸਨ ਜਿਸ ਬਾਰੇ ਰਿਪੋਰਟ ਉਹ ਕਾਂਗਰਸ ਹਾਈਕਮਾਂਡ ਨੂੰ ਭੇਜ ਦੇਣਗੇ।
ਮਨਪ੍ਰੀਤ ਦੀ ਸਲਾਹ ਨਾਲ ਬਣੇ ਪ੍ਰਧਾਨ
ਨਗਰ ਨਿਗਮ ਦੇ ਸੀਨੀਅਰ ਡਿਪਟੀ ਮੇਅਰ ਅਤੇ ਸ਼ਹਿਰੀ ਕਾਂਗਰਸ ਦੇ ਸਾਬਕਾ ਪ੍ਰਧਾਨ ਅਸ਼ੋਕ ਕੁਮਾਰ ਨੇ ਅੱਜ ਲਾਈਵ ਹੋਕੇ ਇਸ ਮਾਮਲੇ ’ਚ ਸਫਾਈ ਦਿੱਤੀ ਅਤੇ ਆਮ ਆਦਮੀ ਪਾਰਟੀ ਦੀ ਸਹਾਇਤਾ ਕਰਨ ਨੂੰ ਲੈਕੇ ਕੁੱਝ ਆਗੂਆਂ ਨੂੰ ਕਟਹਿਰੇ ’ਚ ਖੜ੍ਹਾਇਆ। ਉਨ੍ਹਾਂ ਕਿਹਾ ਕਿ ਉਹ ਤਾਂ ਚੋਣ ਪ੍ਰਕਿਰਿਆ ਬਾਰੇ ਜਾਨਣਾ ਚਾਹੁੰਦੇ ਸਨ ਜੋ ਉਨ੍ਹਾਂ ਦਾ ਹੱਕ ਹੈ। ਉਨ੍ਹਾਂ ਹਲਕਾ ਇੰਚਾਰਜ ਹੋਣ ਦੇ ਨਾਤੇ ਮਨਪ੍ਰੀਤ ਬਾਦਲ ਦੀ ਸਲਾਹ ਨਾਲ ਜਿਲ੍ਹਾ ਪ੍ਰਧਾਨ ਬਨਾਉਣ ਦੀ ਮੰਗ ਕੀਤੀ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਉਨ੍ਹਾਂ ਦੇ ਛੋਟੇ ਭਰਾ ਹਨ ਅਤੇ ਉਨ੍ਹਾਂ ਦਾ ਪੂਰਨ ਸਤਿਕਾਰ ਕਰਦੇ ਹਨ। ਉਨ੍ਹਾਂ ਦਾਅਵਾ ਕੀਤਾ ਕਿ ਕੁੱਝ ਚਾਪਲੂਸ ਲੋਕ ਦੋਵਾਂ ਲੀਡਰਾਂ ਨੂੰ ਭੜਕਾਉਣਾ ਚਾਹੁੰਦੇ ਹਨ।