ਪੰਚਾਇਤ ਵਿਭਾਗ ਨੇ ਮਕਸੂਦਪੁਰ ਵਿਖੇ ਲਿਆ 23 ਏਕੜ ਜ਼ਮੀਨ ਦਾ ਕਬਜ਼ਾ
- ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤੇ ਡੀ.ਡੀ.ਪੀ.ਓ ਦੀ ਨਿਗਰਾਨੀ ਹੇਠ ਕਾਰਵਾਈ ਨੇਪਰੇ ਚੜ੍ਹੀ
ਬਲਵਿੰਦਰ ਸਿੰਘ ਧਾਲੀਵਾਲ
ਨਡਾਲਾ, ਸੁਲਤਾਨਪੁਰ ਲੋਧੀ, 18 ਮਈ 2022 - ਪੰਜਾਬ ਸਰਕਾਰ ਵਲੋਂ ਪੰਚਾਇਤ ਵਿਭਾਗ ਦੀਆਂ ਜ਼ਮੀਨਾਂ ’ਤੋਂ ਨਜਾਇਜ਼ ਕਬਜ਼ੇ ਹਟਾਕੇ ਉਸਨੂੰ ਵਿਭਾਗ ਦੀ ਨੀਤੀ ਤਹਿਤ ਵਾਹੀ ਲਈ ਠੇਕੇ ’ਤੇ ਦੇਣ ਦੀ ਨੀਤੀ ਤਹਿਤ ਕਪੂਰਥਲਾ ਜਿਲ੍ਹੇ ਦੇ ਪਿੰਡ ਮਕਸੂਦਪੁਰ ਵਿਖੇ 23 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਕੇ ਗ੍ਰਾਮ ਪੰਚਾਇਤ ਨੂੰ ਕਬਜ਼ਾ ਦਿਵਾਇਆ ਗਿਆ ਹੈ।
ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਐਸ ਪੀ ਆਂਗਰਾ ਤੇ ਜਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਸ. ਹਰਜਿੰਦਰ ਸਿੰਘ ਸੰਧੂ ਦੀ ਹਾਜ਼ਰੀ ਵਿਚ ਵਿਭਾਗ ਵਲੋਂ ਕਬਜ਼ਾ ਲੈਣ ਦੀ ਪ੍ਰਕਿ੍ਰਆ ਨੇਪਰੇ ਚਾੜ੍ਹੀ ਗਈ।
ਜਾਣਕਾਰੀ ਅਨੁਸਾਰ ਗ੍ਰਾਮ ਪੰਚਾਇਤ ਮਕਸੂਦਪੁਰ ਦੀ ਵਾਹੀਯੋਗ 23 ਏਕੜ ਜ਼ਮੀਨ ਉੋਪਰ ਪਿੰਡ ਦੇ ਵਿਅਕਤੀਆਂ ਵਲੋਂ ਨਜਾਇਜ਼ ਕਬਜ਼ਾ ਸੀ ਅਤੇ ਪੰਜਾਬ ਸਰਕਾਰ ਵਲੋਂ ਨਜਾਇਜ਼ ਕਬਜ਼ੇ ਛੁਡਾਉਣ ਦੀ ਨੀਤੀ ਤਹਿਤ ਬਲਾਕ ਨਡਾਲਾ ਤਹਿਤ ਮਕਸੂਦਪੁਰ ਵਿਖੇ ਕਬਜ਼ਾ ਪਿੰਡ ਦੀ ਪੰਚਾਇਤ ਨੂੰ ਦਿਵਾਇਆ ਗਿਆ।
ਵਧੀਕ ਡਿਪਟੀ ਕਮਿਸ਼ਨਰ ਤੇ ਡੀ.ਡੀ.ਪੀ.ਓ ਨੇ ਕਿਹਾ ਕਿ ਨਜ਼ਾਇਜ਼ ਕਾਬਜ਼ਕਾਰ 31 ਮਈ ਤੱਕ ਆਪਣੇ ਆਪ ਕਬਜ਼ਾ ਛੱਡ ਦੇਣ, ਜਿਸ ਪਿੱਛੋਂ ਵਿਭਾਗ ਵਲੋਂ ਨਜ਼ਾਇਜ਼ ਕਾਬਜ਼ਕਾਰਾਂ ਵਿਰੁੱਧ ਕਾਰਵਾਈ ਕੀਤੀ ਜਾਵੇਗੀ।
ਇਸ ਮੌਕੇ ਰਣਜੋਧ ਸਿੰਘ ਐਸ.ਐਚ.ਓ. , ਗੁਰਦੀਪ ਸਿੰਘ ਕਾਨੂੰਗੋ, ਰਣਜੀਤ ਸਿੰਘ ਪਟਵਾਰੀ, ਜਸਵਿੰਦਰ ਸਿੰਘ , ਸੁਖਵਿੰਦਰ ਸਿੰਘ ਪੰਚਾਇਤ ਸਕੱਤਰ ਹਾਜ਼ਰ ਸਨ।