ਜਦੋਂ ਤੱਕ ਵਿਧਵਾ ਔਰਤ ਨੂੰ ਪੈਨਸ਼ਨ ਨਹੀਂ ਮਿਲਦੀ, ਉਦੋਂ ਤੱਕ ਹਾਈ ਕੋਰਟ ਨੇ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ ਰੋਕਣ ਦੇ ਦਿੱਤੇ ਹੁਕਮ, ਪੜ੍ਹੋ ਕਿਉਂ
ਬਾਬੂਸ਼ਾਹੀ ਨੈੱਟਵਰਕ
ਚੰਡੀਗੜ੍ਹ, 19 ਮਈ, 2022: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਇਕ ਦਰਜਾ ਚਾਰ ਮੁਲਾਜ਼ਮ ਦੀ ਵਿਧਵਾ ਨੂੰ ਪੈਨਸ਼ਨ ਨਾ ਮਿਲਣ ’ਤੇ ਪੰਜਾਬ ਦੇ ਗ੍ਰਹਿ ਸਕੱਤਰ ਦੀ ਤਨਖ਼ਾਹ ਰੋਕਣ ਦੇ ਹੁਕਮ ਦਿੱਤੇ ਹਨ।
ਪਰ ਸੂਬੇ ਨੂੰ ਇਹ ਛੋਟ ਦਿੱਤੀ ਗਈ ਹੈ ਕਿ ਉਹ ਜਸਟਿਸ ਅਨਿਲ ਸ਼ੇਤਰਪਾਲ ਦੇ ਧਿਆਨ ਵਿਚ ਇਹ ਲਿਆਵੇ ਕਿ ਮਹਿਲਾ ਨੂੰ ਅਦਾਇਗੀ ਹੋ ਗਈ ਹੈ ਤੇ ਪੈਸੇ ਉਸ ਦੇ ਖਾਤੇ ਵਿਚ ਪਾ ਦਿੱਤੇ ਤਾਂ ਫਿਰ ਗ੍ਰਹਿ ਸਕੱਤਰ ਨੂੰ ਤਨਖ਼ਾਹ ਦਿੱਤੀ ਜਾ ਸਕਦੀ ਹੈ।
ਸੀਮਾ ਰਾਣੀ ਨਾਂ ਦੀ ਮਹਿਲਾ ਨੇ ਪਟੀਸ਼ਨ ਦਾਇਰ ਕੀਤੀ ਸੀ ਕਿ ਹਾਈ ਕੋਰਟ ਨੇ ਉਸ ਨੂੰ ਵਿਧਵਾ ਪੈਨਸ਼ਨ ਦੇਣ ਦੇ ਹੁਕਮ 5 ਅਕਤੂਬਰ 2021 ਨੁੰ ਜਾਰੀ ਕੀਤੇ ਸਨ, ਪਰ ਅੱਜ ਤੱਕ ਪੰਜਾਬ ਸਰਕਾਰ ਨੇ ਉਸ ਨੂੰ ਇਕ ਧੇਲਾ ਵੀ ਨਹੀਂ ਦਿੱਤਾ।
ਦਾ ਟ੍ਰਿਬਿਊਨ ਦੀ ਰਿਪੋਰਟ ਮੁਤਾਬਕ ਮਹਿਲਾ ਦੇ ਵਕੀਲ ਗਗਨੇਸ਼ਵਰ ਵਾਲੀਆ ਨੇ ਇਹ ਗੱਲ ਹਾਈ ਕੋਰਟ ਦੇ ਧਿਆਨ ਵਿਚ ਲਿਆਂਦੀ ਤੇ ਦੱਸਿਆ ਕਿ ਹੁਣ ਅਦਾਲਤੀ ਮਾਣਹਾਨੀ ਦੀ ਪਟੀਸ਼ਨ ਪਾਈ ਗਈ ਹੈ।
ਉਸ ਵੇਲੇ ਅਦਾਲਤ ਨੇ ਉਸ ਨੂੰ ਇਕ ਮਹੀਨੇ ਅੰਦਰ ਪੈਨਸ਼ਨ ਦੇਣ ਦੇ ਹੁਕਮ ਦਿੱਤੇ ਸਨ, ਜਦੋਂ ਇਸ ਗੱਲ ਨੂੰ ਤਕਰੀਬਨ 8 ਮਹੀਨੇ ਲੰਘ ਗਏ ਹਨ।