ਜਲੰਧਰ ’ਚ ਨਸ਼ਾ ਵਿਰੋਧੀ ਮੁਹਿੰਮ ਨੂੰ ਹੁਲਾਰਾ ਦੇਣ ਲਈ 26 ਨਵੇਂ ਓਟ ਕਲੀਨਿਕ ਸਥਾਪਤ ਕੀਤੇ ਜਾਣਗੇ
- ਪੰਜਾਬ ’ਚੋਂ ਨਸ਼ਿਆਂ ਦੇ ਖਾਤਮੇ ਲਈ ਲੋਕਾਂ ਨੂੰ ਸੂਬਾ ਸਰਕਾਰ ਨੂੰ ਸਹਿਯੋਗ ਦੇਣ ਦੀ ਕੀਤੀ ਅਪੀਲ
- ਕਿਹਾ ਨਵੇਂ ਕਲੀਨਿਕਾਂ ਦੀ ਸ਼ੁਰੂਆਤ ਨਾਲ ਓਟ ਸੈਂਟਰਾਂ ਦੀ ਕੁੱਲ ਗਿਣਤੀ ਹੋ ਜਾਵੇਗੀ 37
ਜਲੰਧਰ, 19 ਮਈ 2022 - ਜ਼ਿਲ੍ਹਾ ਜਲੰਧਰ ਵਿੱਚ 26 ਨਵੇਂ ਆਊਟਪੇਸ਼ੈਂਟ ਓਪੀਓਡ ਅਸਿਸਟਡ ਟ੍ਰੀਟਮੈਂਟ (ਓਟ) ਕਲੀਨਿਕਾਂ ਦੀ ਜਲਦ ਸਥਾਪਨਾ ਕੀਤੀ ਜਾਵੇਗੀ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ ਨਸ਼ਿਆਂ ਦੇ ਆਦੀ ਵੱਧ ਤੋਂ ਵੱਧ ਮਰੀਜ਼ਾਂ ਦੇ ਇਲਾਜ ਲਈ ਇਨ੍ਹਾਂ ਵਾਧੂ ਕਲੀਨਿਕਾਂ ਦੀ ਸਥਾਪਨਾ ਲਈ ਪ੍ਰਵਾਨਗੀ ਦੇ ਦਿੱਤੀ ਗਈ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਕਮਿਸ਼ਨਰ ਘਨਸ਼ਿਆਮ ਥੋਰੀ ਨੇ ਦੱਸਿਆ ਕਿ ਇਹ ਨਵੇਂ ਕੇਂਦਰ ਪ੍ਰਭਾਵਿਤ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਦੇ ਨੇੜੇ ਇਲਾਜ ਸਹੂਲਤਾਂ ਮੁਹੱਈਆ ਕਰਵਾਉਣ ਵਿੱਚ ਸਹਾਈ ਹੋਣਗੇ, ਜਿਸ ਸਦਕਾ ਨਸ਼ਿਆਂ ਦੀ ਅਲਾਮਤ ਨਾਲ ਨਜਿੱਠਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਕੀਤੇ ਜਾ ਰਹੇ ਯਤਨਾਂ ਨੂੰ ਵੱਡਾ ਹੁਲਾਰਾ ਮਿਲੇਗਾ। ਪੰਜਾਬ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ ਨੂੰ ਜਲੰਧਰ ਵਿਖੇ ਵੱਡੇ ਪੱਧਰ 'ਤੇ ਸਫ਼ਲ ਬਣਾਉਣ ਲਈ ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦਿਆਂ ਘਨਸ਼ਿਆਮ ਥੋਰੀ ਨੇ ਨਸ਼ੇ ਦੇ ਆਦੀ ਮਰੀਜ਼ਾਂ ਨੂੰ ਇਨ੍ਹਾਂ ਨਵੇਂ ਕੇਂਦਰਾਂ 'ਤੇ ਵੱਧ ਤੋਂ ਵੱਧ ਰਜਿਸਟ੍ਰੇਸ਼ਨ ਕਰਵਾਉਣ ਦੀ ਅਪੀਲ ਕੀਤੀ। ਉਨ੍ਹਾਂ ਸਪੱਸ਼ਟ ਕਿਹਾ ਕਿ ਲੋਕਾਂ ਦੀ ਸਰਗਰਮ ਭਾਗੀਦਾਰੀ ਤੋਂ ਬਿਨਾਂ ਨਸ਼ਿਆਂ ਵਿਰੁੱਧ ਜੰਗ ਨਹੀਂ ਜਿੱਤੀ ਜਾ ਸਕਦੀ, ਇਸ ਲਈ ਹਰੇਕ ਵਿਅਕਤੀ ਨੂੰ ਅੱਗੇ ਆ ਕੇ ਇਨ੍ਹਾਂ ਯਤਨਾਂ ਵਿੱਚ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਪਹਿਲਾਂ ਕੁੱਲ 11 ਓਟ ਕਲੀਨਿਕ ਕੰਮ ਕਰ ਰਹੇ ਹਨ ਅਤੇ ਇਨ੍ਹਾਂ ਨਵੇਂ ਕੇਂਦਰਾਂ ਦੇ ਖੁੱਲ੍ਹਣ ਨਾਲ ਕਲੀਨਿਕਾਂ ਦੀ ਕੁੱਲ ਗਿਣਤੀ 37 ਹੋ ਜਾਵੇਗੀ। ਇਹ ਨਵੇਂ ਕੇਂਦਰ ਭੋਗਪੁਰ, ਰੰਧਾਵਾ ਮਸੰਦਾਂ, ਚਿੱਟੀ, ਰੂਪੇਵਾਲੀ, ਦੁਸਾਂਝ ਕਲਾਂ, ਬੜਾ ਪਿੰਡ, ਬਿਲਗਾ, ਜਮਸ਼ੇਰ, ਜੰਡਿਆਲਾ, ਬੁੰਡਾਲਾ, ਮਹਿਤਪੁਰ, ਸ਼ੰਕਰ, ਮੱਲੀਆਂ ਕਲਾਂ, ਤਲਵਣ, ਦਾਦਾ ਕਲੋਨੀ, ਖੁਰਲਾ ਕੀਂਗਰਾ, ਭਾਰਗੋ ਕੈਂਪ, ਪੀ.ਐਚ.ਸੀ ਮਕਸੂਦਾਂ, ਧਨੋਵਾਲੀ, ਗੜ੍ਹਾ, ਕਾਜ਼ੀ ਮੰਡੀ, ਬਸਤੀ ਦਾਨਿਸ਼ਮੰਦਾਂ, ਅਮਨ ਨਗਰ, ਬਸਤੀ ਬਾਵਾ ਖੇਲ, ਬਸਤੀ ਨੌ ਅਤੇ ਕਮਿਊਨਿਟੀ ਹੈਲਥ ਸੈਂਟਰ ਪੀ.ਏ.ਪੀ. ਵਿਖੇ ਸਥਾਪਤ ਕੀਤੇ ਜਾਣਗੇ। ਡਿਪਟੀ ਕਮਿਸ਼ਨਰ ਨੇ ਸਿਹਤ ਅਧਿਕਾਰੀਆਂ ਨੂੰ ਉਕਤ ਇਲਾਕਿਆਂ ਦੇ ਆਸ-ਪਾਸ ਰਹਿਣ ਵਾਲੇ ਲੋਕਾਂ ਨੂੰ ਨਾਲ ਲੈ ਕੇ ਨਸ਼ਿਆਂ ਵਿਰੁੱਧ ਵਿਆਪਕ ਮੁਹਿੰਮ ਚਲਾਉਣ ਦੀ ਹਦਾਇਤ ਕੀਤੀ ਤਾਂ ਜੋ ਨਸ਼ਿਆਂ ਦੇ ਆਦੀ ਵਿਅਕਤੀ ਇਨ੍ਹਾਂ ਕੇਂਦਰਾਂ ਦਾ ਲਾਭ ਲੈ ਸਕਣ ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਡਿਪਟੀ ਮੈਡੀਕਲ ਕਮਿਸ਼ਨਰ ਡਾ. ਜੋਤੀ ਸ਼ਰਮਾ ਨੇ ਦੱਸਿਆ ਕਿ ਕੇਂਦਰਾਂ ਲਈ ਚੁਣੇ ਗਏ ਸਟਾਫ਼ ਮੈਂਬਰਾਂ ਨੂੰ ਸਿਖਲਾਈ ਦੇਣ ਦੇ ਨਾਲ-ਨਾਲ ਨਵੇਂ ਸੈਂਟਰ ਖੋਲ੍ਹਣ ਲਈ ਰੂਪ-ਰੇਖਾ ਤਿਆਰ ਕੀਤੀ ਜਾ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ ਮੌਜੂਦਾ 11 ਓਟ ਕਲੀਨਿਕਾਂ ਵਿੱਚ ਇਨ੍ਹਾਂ ਦੇ ਸ਼ੁਰੂ ਹੋਣ ਤੋਂ ਲੈ ਕੇ ਹੁਣ ਤੱਕ 16,000 ਤੋਂ ਵੱਧ ਮਰੀਜ਼ ਰਜਿਸਟਰ ਹਨ ਅਤੇ ਨਵੇਂ ਕੇਂਦਰਾਂ ਦੇ ਖੁੱਲ੍ਹਣ ਨਾਲ ਨਸ਼ਿਆਂ ਖਿਲਾਫ਼ ਵਿੱਢੀ ਮੁਹਿੰਮ ਨੂੰ ਹੋਰ ਮਜ਼ਬੂਤੀ ਮਿਲੇਗੀ।