ਹੁਸ਼ਿਆਰਪੁਰ: ਡਿਪਟੀ ਕਮਿਸ਼ਨਰ ਨੇ ਚਿਲਡਰਨ ਹੋਮ, ਸਪੈਸ਼ਲ ਹੋਮ ਤੇ ਅਬਜ਼ਰਵੇਸ਼ਨ ਹੋਮ ਦਾ ਦੌਰਾ ਕਰਕੇ ਲਿਆ ਪ੍ਰਬੰਧਾਂ ਦਾ ਜਾਇਜ਼ਾ
- ਬੱਚਿਆਂ ਨਾਲ ਮੁਲਾਕਾਤ ਕਰਕੇ ਸੁਣੀਆਂ ਸਮੱਸਿਆਵਾਂ, ਅਧਿਕਾਰੀਆਂ ਨੂੰ ਬੱਚਿਆਂ ਦੀ ਰੁਚੀ ਦੇ ਹਿਸਾਬ ਨਾਲ ਗਤੀਵਿਧੀਆਂ ਕਰਵਾਉਣ ਦੇ ਦਿੱਤੇ ਨਿਰਦੇਸ਼
- ਕਿਹਾ, ਹੋਮਜ਼ ’ਚ ਬੱਚਿਆਂ ਦੇ ਖਾਣੇ ਦੀ ਪੌਸ਼ਟਿਕਤਾ ਤੇ ਗੁਣਵੱਤਾ ਨਾਲ ਨਾ ਹੋਵੇ ਕੋਈ ਸਮਝੌਤਾ
- ਅਧਿਕਾਰੀਆਂ ਨੂੰ ਸੁਰੱਖਿਆ ਪ੍ਰਬੰਧ ਪੁਖਤਾ ਕਰਨ ਦੀ ਵੀ ਕੀਤੀ ਹਦਾਇਤ
ਹੁਸ਼ਿਆਰਪੁਰ, 19 ਮਈ 2022 - ਡਿਪਟੀ ਕਮਿਸ਼ਨਰ ਸ੍ਰੀ ਸੰਦੀਪ ਹੰਸ ਨੇ ਰਾਮ ਕਲੋਨੀ ਕੈਂਪ ਸਥਿਤ ਚਿਲਡਰਨ ਹੋਮ, ਸਪੈਸ਼ਲ ਹੋਮ ਤੇ ਅਬਜ਼ਰਵੇਸ਼ਨ ਹੋਮ ਦਾ ਦੌਰਾ ਕਰਕੇ ਪ੍ਰਬੰਧਾਂ ਦਾ ਜਾਇਜ਼ਾ ਲਿਆ। ਇਸ ਦੌਰਾਨ ਉਨ੍ਹਾਂ ਜਿਥੇ ਬੱਚਿਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਦੀਆਂ ਸਮੱਸਿਆਵਾਂ ਸੁਣੀਆਂ, ਉਥੇ ਹੋਮਜ਼ ਦੇ ਇੰਚਾਰਜ ਨੂੰ ਬੱਚਿਆਂ ਦੀ ਰੁਚੀ ਦੇ ਹਿਸਾਬ ਨਾਲ ਪ੍ਰੋਗਰਾਮ ਬਣਾਉਣ ਦੀ ਵੀ ਹਦਾਇਤ ਕੀਤੀ।
ਡਿਪਟੀ ਕਮਿਸ਼ਨਰ ਨੇ ਤਿੰਨੇ ਹੋਮਜ਼ ਵਿਚ ਦਿਨ ਭਰ ਕਰਵਾਈ ਜਾਣ ਵਾਲੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਹਾਸਲ ਕਰਦੇ ਹੋਏ ਨਿਰਦੇਸ਼ ਦਿੱਤੇ ਕਿ ਬੱਚਿਆਂ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਦਿੱਕਤ ਨਹੀਂ ਆਉਣੀ ਚਾਹੀਦੀ। ਜੇਕਰ ਕੁਝ ਜ਼ਰੂਰਤ ਹੈ, ਤਾਂ ਇਸ ਸਬੰਧੀ ਉਨ੍ਹਾਂ ਨੂੰ ਜਾਣੂ ਕਰਵਾਇਆ ਜਾਵੇ, ਤਾਂ ਜੋ ਸਮਾਂ ਰਹਿੰਦਿਆਂ ਸਮੱਸਿਆਵਾਂ ਦਾ ਨਿਪਟਾਰਾ ਕੀਤਾ ਜਾ ਸਕੇ। ਇਸ ਦੌਰਾਨ ਉਨ੍ਹਾਂ ਨੇ ਸਖਤ ਹਦਾਇਤ ਕਰਦਿਆਂ ਕਿਹਾ ਕਿ ਸੁਰੱਖਿਆ ਦੇ ਮਾਮਲੇ ਵਿਚ ਕੋਈ ਲਾਪ੍ਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਚਿਲਡਰਨ ਹੋਮ, ਸਪੈਸ਼ਲ ਹੋਮ ਅਤੇ ਅਬਜ਼ਰਵੇਸ਼ਨ ਹੋਮ ਵਿਚ ਖਾਣੇ ਦੀ ਕੁਆਲਟੀ ਚੈਕ ਕੀਤੀ ਅਤੇ ਨਿਰਦੇਸ਼ ਦਿੱਤੇ ਕਿ ਇਹ ਯਕੀਨੀ ਬਣਾਇਆ ਜਾਵੇ ਕਿ ਖਾਣੇ ਦੀ ਪੌਸ਼ਟਿਕਤਾ ਅਤੇ ਗੁਣਵੱਤਾ ਨਾਲ ਕੋਈ ਸਮਝੌਤਾ ਨਾ ਹੋਵੇ। ਉਨ੍ਹਾਂ ਕਿਹਾ ਕਿ ਇਹ ਜ਼ਰੂਰ ਧਿਆਨ ਰੱਖਿਆ ਜਾਵੇ ਕਿ ਬੱਚਿਆਂ ਨੂੰ ਦਿੱਤਾ ਜਾਣ ਵਾਲਾ ਪਾਣੀ ਸ਼ੁੱਧ ਹੋਵੇ।
ਸ੍ਰੀ ਸੰਦੀਪ ਹੰਸ ਨੇ ਤਿੰਨੇ ਹੋਮਜ਼ ਦੇ ਇੰਚਾਰਜ਼ਾਂ ਨੂੰ ਹਦਾਇਤ ਕੀਤੀ ਕਿ ਸਫ਼ਾਈ ਵਿਵਸਥਾ ਹੋਰ ਵਧੀਆ ਬਣਾਈ ਜਾਵੇ ਅਤੇ ਬੱਚਿਆਂ ਦੀ ਰੁਚੀ ਦੇ ਹਿਸਾਬ ਨਾਲ ਗਤੀਵਿਧੀਆਂ ਕਰਵਾਈਆਂ ਜਾਣ। ਉਨ੍ਹਾਂ ਕਿਹਾ ਕਿ ਬੱਚਿਆਂ ਦੇ ਸਰਵਪੱਖੀ ਵਿਕਾਸ ਵਿਚ ਕਿਸੇ ਤਰ੍ਹਾਂ ਦੀ ਕੋਈ ਕਮੀ ਨਹੀਂ ਰਹਿੰਦੀ ਚਾਹੀਦੀ, ਜਿਸ ਲਈ ਤਿੰਨੇ ਹੋਮਜ਼ ਦੇ ਇੰਚਾਰਜ ਆਪਣੇ ਪੱਧਰ ’ਤੇ ਬੱਚਿਆਂ ਨਾਲ ਗੱਲਬਾਤ ਕਰਦੇ ਉਨ੍ਹਾਂ ਦੀ ਰੁਚੀ ਅਤੇ ਜ਼ਰੂਰਤਾਂ ਨੂੰ ਸਮਝਣ, ਤਾਂ ਜੋ ਉਸ ਹਿਸਾਬ ਨਾਲ ਟਰੇਨਿੰਗ ਦਿੱਤੀ ਜਾ ਸਕੇ।
ਉਨ੍ਹਾਂ ਕਿਹਾ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਪੜ੍ਹਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਤੋਂ ਇਲਾਵਾ ਉਨ੍ਹਾਂ ਦੇ ਮਨੋਰੰਜਨ ਅਤੇ ਵਿਅਸਤ ਰੱਖਣ ਲਈ ਖੇਡਾਂ ਤੋਂ ਇਲਾਵਾ ਹੋਰ ਗਤੀਵਿਧੀਆਂ ਨੂੰ ਵੀ ਲਗਾਤਾਰ ਚਲਾਉਣ ਲਈ ਵੀ ਹਦਾਇਤ ਕੀਤੀ। ਇਸ ਦੌਰਾਨ ਜਿਲ੍ਹਾ ਬਾਲ ਵਿਕਾਸ ਅਫਸਰ ਡਾ. ਹਰਪ੍ਰੀਤ ਕੌਰ, ਸੁਪਰਡੈਂਟ ਸਪੈਸ਼ਲ ਹੋਮ ਸ੍ਰੀ ਨਰੇਸ਼ ਕੁਮਾਰ, ਸੁਪਰਡੈਂਟ ਅਬਜ਼ਰਵੇਸ਼ਨ ਹੋਮ ਸ੍ਰੀ ਪੁਨੀਤ ਕੁਮਾਰ, ਸੁਪਰਡੈਂਟ ਚਿਲਡਰਨ ਹੋਮ ਸ੍ਰੀਮਤੀ ਰੀਨਾ ਉਪਲ ਤੋਂ ਇਲਾਵਾ ਉਕਤ ਵਿਭਾਗਾਂ ਦਾ ਸਟਾਫ਼ ਵੀ ਮੌਜੂਦ ਸੀ।