ਕਾਂਗਰਸੀ ਕਲੇਸ਼: ਹੁਣ ਮਨਪ੍ਰੀਤ ਬਾਦਲ ਦੇ ਸਾਲੇ ਖਿਲਾਫ ਝੰਡਾ ਚੁੱਕਿਆ
ਅਸ਼ੋਕ ਵਰਮਾ
ਬਠਿੰਡਾ,19ਮਈ2022: ਬਠਿੰਡਾ ਦੇ ਕਾਂਗਰਸ ਭਵਨ ’ਚ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਦੇ ਹਮਾਇਤੀਆਂ ਵਿਚਕਾਰ ਮੰਗਲਵਾਰ ਨੂੰ ਪਏ ਕਾਟੋ ਕਲੇਸ਼ ਦਾ ਮਾਮਲਾ ਅਜੇ ਕਿਸੇ ਤਣ ਪੱਤਣ ਨਹੀਂ ਲੱਗਾ ਸੀ ਕਿ ਅੱਜ ਕਾਂਗਰਸੀ ਆਗੂ ਬਲਰਾਜ ਸਿੰਘ ਪੱਕਾ ਨੇ ਨਵਾਂ ਝੰਡਾ ਚੁੱਕ ਲਿਆ ਹੈ। ਟਕਸਾਲੀ ਕਾਂਗਰਸੀ ਪ੍ਰੀਵਾਰ ਨਾਲ ਸਬੰਧਤ ਬਲਰਾਜ ਪੱਕਾ ਵਾਰਡ ਨੰਬਰ 16 ਤੋਂ ਕੌਂਸਲਰ ਅਤੇ ਕਾਂਗਰਸ ਦੇ ਮਰਹੂਮ ਆਗੂ ਕਰਨੈਲ ਸਿੰਘ ਪੱਕਾ ਦਾ ਪੋਤਰਾ ਹੈ ਜਿਸ ਨੇ ਅੱਜ ਮਨਪ੍ਰੀਤ ਬਾਦਲ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਨੂੰ ਆਪਣੇ ਸ਼ਬਦੀ ਹਮਲਿਆਂ ਨਾਲ ਨਿਸ਼ਾਨਾ ਬਣਾਇਆ ਹੈ।
ਪੱਕਾ ਅੱਜ ਸਵੇਰੇ ਫੇਸਬੁੱਕ ਤੇ ਲਾਈਵ ਹੋਇਆ ਅਤੇ ਜੈਜੀਤ ਜੌਹਲ ਤੇ ਵਟਸਐਪ ਗਰੁੱਪ ਰਾਹੀਂ ਧਮਕੀ ਦੇਣ ਦੇ ਦੋਸ਼ ਲਾਏ। ਉਨ੍ਹਾਂ ਜੌਹਲ ਨੂੰ ਆਪਣੀ ਭਾਸ਼ਾ ਸਮੇਤ ਵੱਖ ਵੱਖ ਮੁੱਦਿਆਂ ਪ੍ਰਤੀ ਨਸੀਹਤ ਵੀ ਦਿੱਤੀ। ਉਨ੍ਹਾਂ ਟੇਢੇ ਢੰਗ ਨਾਲ ਮਨਪ੍ਰੀਤ ਬਾਦਲ ਦੇ ਕਰੀਬ 64 ਹਜ਼ਾਰ ਵੋਟਾਂ ਨਾਲ ਹਾਰਨ ਦਾ ਮਿਹਣਾ ਵੀ ਮਾਰਿਆ ਅਤੇ ਜੈਜੀਤ ਜੌਹਲ ਨੂੰ ਹਾਰ ਲਈ ਜਿੰਮੇਵਾਰ ਵੀ ਕਰਾਰ ਦਿੱਤਾ। ਬਲਰਾਜ ਪੱਕਾ ਦਾ ਵਤੀਰਾ ਕਾਫੀ ਤਿੱਖਾ ਨਜ਼ਰ ਆਇਆ ਅਤੇ ਉਨ੍ਹਾਂ ਜੈਜੀਤ ਜੌਹਲ ਨੂੰ ਖਰੀਆਂ ਖਰੀਆਂ ਸੁਣਾਉਂਦਿਅ ਆਪਣੇ ‘ਜੱਟ’ ਹੋਣ ਦੀ ਚੁਣੌਤੀ ਵੀ ਦਿੱਤੀ। ਪੱਕਾ ਨੇ ਸ਼ਹਿਰ ’ਚ ਕਰਵਾਏ ਵਿਕਾਸ ਕਾਰਜਾਂ ਲਈ ਮਨਪ੍ਰੀਤ ਬਾਦਲ ਦੀ ਭਰਵੀਂ ਸ਼ਲਾਘਾ ਵੀ ਕੀਤੀ ਅਤੇ ਧੰਨਵਾਦ ਵੀ ਕੀਤਾ।
ਉਨ੍ਹਾਂ ਕਿਹਾ ਕਿ ਸਾਲ 2017 ’ਚ ਕਾਂਗਰਸੀ ਉਮੀਦਵਾਰ ਮਨਪ੍ਰੀਤ ਸਿੰਘ ਬਾਦਲ ਨੂੰ ਕਾਂਗਰਸੀ ਵਰਕਰਾਂ ਅਤੇ ਆਗੂਆਂ ਨੇ ਜਿਤਾਇਆ ਜਿਸ ਦੇ ਅਧਾਰ ਤੇ ਉਹ ਵਿੱਤ ਮੰਤਰੀ ਬਣੇ ਸਨ। ਉਨ੍ਹਾਂ ਤੰਨਜ਼ ਭਰੇ ਬੋਲਾਂ ਨਾਲ ਕਿਹਾ ਕਿ ਮਨਪ੍ਰੀਤ ਬਾਦਲ ਦੀ ਗੈਰਹਾਜ਼ਰੀ ’ਚ ਉਨ੍ਹਾਂ ਦੇ ਰਿਸ਼ਤੇਦਾਰ ਜੈ ਜੀਤ ਸਿੰਘ ਜੌਹਲ ਨੇ ਉਸੇ ਤਰਾਂ ਕੰਮਕਾਜ਼ ਚਲਾਇਆ ਜਿਸ ਤਰਾਂ ਪਹਿਲਾਂ ਉਹ ਗਿੱਦੜਬਾਹਾ ’ਚ ਵੀ ਚਲਾਉਂਦੇ ਰਹੇ ਹਨ। ਬਲਰਾਜ ਪੱਕਾ ਨੇ ਜੈਜੀਤ ਜੌਹਲ ਨੂੰ ਕਿਹਾ ਕਿ ਮੇਰਾ ਤੁਹਾਡੇ ਨਾਲ ਕੋਈ ਨਿੱਜੀ ਰੌਲਾ ਨਹੀਂ ਬਲਕਿ ਕੰਮ ਕਰਨ ਦੇ ਢੰਗ ਤਰੀਕਿਆਂ ਅਤੇ ਨੀਤੀਆਂ ਦਾ ਹੈ ਜੋ ਰਹੇਗਾ ਵੀ। ਉਨ੍ਹਾਂ ਕਿਹਾ ਕਿ ਮੰਗਲਵਾਰ ਨੂੰ ਜੋ ਕੁੱਝ ਕਾਂਗਰਸ ਭਵਨ ’ਚ ਵਾਪਰਿਆ ਉਹ ਤਾਂ ਉਸਦੇ ਖਿਲਾਫ ਬੋਲੇ ਹਨ ਜੋ ਉਨ੍ਹਾਂ ਦਾ ਲੋਕਤੰਤਰੀ ਹੱਕ ਹੈ।
ਉਨ੍ਹਾਂ ਕਿਹਾ ਕਿ ਉਨ੍ਹਾਂ ਜੈਜੀਤ ਸਿੰਘ ਜੌਹਲ ਜਾਂ ਮਨਪ੍ਰੀਤ ਬਾਦਲ ਵਿਰੁੱਧ ਕੁੱਝ ਨਹੀਂ ਬੋਲਿਆ ਅਤੇ ਨਾਂ ਹੀ ਨਿੱਜੀ ਤੌਰ ਤੇ ਕਿਸੇ ਖਿਲਾਫ ਬੋਲਣਗੇ। ਉਨ੍ਹਾਂ ਕਿਹਾ ਕਿ ਲਾਈਵ ਹੋਕੇ ਆਪਣੀ ਗੱਲ ਰੱਖਣ ਤੋਂ ਪਿਛੋਂ ਜੈਜੀਤ ਜੌਹਲ ਨੇ ਵਟਸਐਪ ਗਰੁੱਪ ’ਚ ਮੈਸਜ਼ ਪਾਕੇ ਉਨ੍ਹਾਂ ਨੂੰ ਧਮਕੀ ਦਿੱਤੀ ਹੈ ਕਿ ‘ਹੁਣ ਤੂੰ ਤਿਆਰ ਹੋ ਜਾ’ ਜਿਸ ਦਾ ਉਨ੍ਹਾਂ ਕੋਲ ਸਕ੍ਰੀਨਸ਼ਾਟ ਵੀ ਮੌਜੂਦ ਹੈ। ਉਨ੍ਹਾਂ ਕੁੱਝ ਪ੍ਰੀਵਾਰਕ ਮੈਂਬਰਾਂ ਦੇ ਹਵਾਲੇ ਨਾਲ ਕਿਹਾ ਕਿ ਬੇਸ਼ੱਕ ਉਨ੍ਹਾਂ ਨਾਲ ਤੁਹਾਡੀ ਪਿਛਲੇ ਪੰਜ ਸਾਲਾਂ ਤੋਂ ਜਾਣ ਪਛਾਣ ਹੈ ਪਰ ਉਹ ਤਾਂ ਉਨ੍ਹਾਂ ਨੂੰ 20-25 ਸਾਲਾਂ ਤੋਂ ਜਾਣਦੇ ਹਨ।
ਉਨ੍ਹਾਂ ਜੈਜੀਤ ਜੌਹਲ ਨੂੰ ਕਿਹਾ ਕਿ ਤੁਹਾਡੀ ਆਪਣੀ ਜਿੰਦਗੀ ਹੈ ਤੇ ਮੇਰੀ ਆਪਣੀ ਇਸ ਲਈ ਇਸ ਲੜਾਈ ਵਿੱਚੋਂ ਨਿੱਕਲਣਾ ਕੁੱਝ ਨਹੀਂ ਬਲਕਿ ਨੁਕਸਾਨ ਜਿਲ੍ਹਾ ਕਾਂਗਰਸ ਦਾ ਹੋਵੇਗਾ। ਉਨ੍ਹਾਂ ਕਿਹਾ ਕਿ ਉਹ ਜੱਟ ਦੇ ਪੁੱਤ ਹਨ ਅਤੇ ਆਪਣੇ ਖਿਲਾਫ ਹਰ ਵਧੀਕੀ ਦਾ ਜਵਾਬ ਦੇਣਗੇ ਪਰ ਪਹਿਲ ਬਿਲਕੁਲ ਵੀ ਨਹੀਂ ਕੀਤੀ ਜਾਏਗੀ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਜੇ ਤੱਕ ਇਹ ਨਹੀਂ ਪਤਾ ਲੱਗਿਆ ਕਿ ਤੁਹਾਨੂੰ ਗੁੱਸਾ ਕਿਸ ਗੱੱਲ ਦਾ ਹੈ ਜਦੋਂਕਿ ਮੇਰਾ ਰੋਸ ਰਮਨ ਗੋਇਲ ਨੂੰ ਮੇਅਰ ਬਨਾਉਣ ਵਕਤ ਸ਼ੁਰੂ ਹੋਇਆ ਜਿਸ ਬਾਰੇ ਤੁਸੀਂ ਚੰਗੀ ਤਰਾਂ ਜਾਣਦੇ ਹੋ।
ਉਨ੍ਹਾਂ ਕਿਹਾ ਕਿ ਉਹ ਅੱਜ ਵੀ ਆਪਣੇ ਸਟੈਂਡ ਤੇ ਕਾਇਮ ਹਨ ਕਿ ਇਹ ਫੈਸਲਾ ਗਲ੍ਹਤ ਸੀ ਜਿਸ ਦਾ ਖਮਿਆਜਾ ਵੱਡੀ ਹਾਰ ਦੇ ਰੂਪ ’ਚ ਭੁਗਤਣਾ ਪਿਆ ਹੈ ਜਿਸ ਤੋਂ ਹੁਣ ਵੀ ਕੋਈ ਸਬਕ ਨਹੀਂ ਲਿਆ ਜਾ ਰਿਹਾ ਜੋ ਬੇਹੱਦ ਮਾੜੀ ਗੱਲ ਹੈ। ਉਨ੍ਹਾਂ ਕਿਹਾ ਕਿ ਉਹ ਹੁਣ ਵੀ ਕਿਸੇ ਅਹੁਦੇ ਦੇ ਚਾਹਵਾਨ ਨਹੀਂ ਹਨ ਪਰ ਉਸ ਵਕਤ ਕਾਂਗਰਸੀ ਆਗੂ ਨੂੰ ਮੇਅਰ ਬਨਾਉਣਾ ਚਾਹੀਦਾ ਸੀ। ਉਨ੍ਹਾਂ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ, ਸੂਬਾ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਜਿਲ੍ਹਾ ਪ੍ਰਧਾਨ ਅਰੁਣ ਵਧਾਵਨ ਨੂੰ ਕਿਹਾ ਕਿ ਜੇਕਰ ਉਨ੍ਹਾਂ ਦਾ ਜਾਨੀ ਜਾਂ ਕੋਈ ਹੋਰ ਨੁਕਸਾਨ ਹੁੰਦਾ ਹੈ ਤਾਂ ਇਸ ਲਈ ਸਿੱਧੇ ਤੌਰ ’ਤੇ ਜੈਜੀਤ ਸਿੰਘ ਜੌਹਲ ਜਿੰਮੇਵਾਰ ਹੋਣਗੇ।
ਉਨ੍ਹਾਂ ਕਿਹਾ ਕਿ ਇਹ ਲੋਕ ਉਨ੍ਹਾਂ ਦੇ ਚਰਿੱਤਰ ਤੇ ਚਿੱਕੜ ਉਛਾਲ ਸਕਦੇ ਹਨ ਕਿਉਂਕਿ ਉਨ੍ਹਾਂ ਨੂੰ ਇੰਨ੍ਹਾਂ ਦੀ ਫਿਤਰਤ ਦਾ ਪਤਾ ਹੈ। ਉਨ੍ਹਾਂ ਕਿਹਾ ਕਿ ਇਸ ਮਾਮਲੇ ’ਚ ਜੋ ਵੀ ਕੋਈ ਜੈਜੀਤ ਜੌਹਲ ਦਾ ਸਾਥ ਦੇਵੇਗਾ ਉਸ ਨੂੰ ਵੀ ਬਰਾਬਰ ਨਿਸ਼ਾਨੇ ਤੇ ਰੱਖਿਆ ਜਾਏਗਾ। ਬਲਰਾਜ ਪੱਕਾ ਨੇ ਜਿਲ੍ਹਾ ਪ੍ਰਸ਼ਾਸ਼ਨ ਅਤੇ ਮੁੱਖ ਮੰਤਰੀ ਪੰਜਾਬ ਨੂੰ ਵੀ ਆਪਣੀ ਸੁਰੱਖਿਆ ਦੇ ਸਬੰਧ ’ਚ ਅਪੀਲ ਕੀਤੀ ਹੈ।
ਮਸਲਾ ਨਿਪਟਿਆ:ਜੌਹਲ
ਸੀਨੀਅਰ ਕਾਂਗਰਸੀ ਆਗੂ ਜੈਜੀਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਬਲਰਾਜ ਪੱਕਾ ਉਨ੍ਹਾਂ ਦੇ ਭਰਾ ਹਨ ਬੱਸ ਉਨ੍ਹਾਂ ਐਵੇਂ ਗੱਲਾਂ ਬੋਲ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਪੱਕਾ ਨਾਲ ਮਸਲਾ ਨਿਪਟ ਗਿਆ ਹੈ ਅਤੇ ਹੁਣ ਕੋਈ ਗੱਲ ਨਹੀਂ ਰਹੀ ਹੈ। ਜਦੋਂ ਉਨ੍ਹਾਂ ਨੂੰ ਪੁੱਛਿਆ ਕਿ ਤੁਹਾਨੂੰ ਹੀ ਕਿਓਂ ਨਿਸ਼ਾਨਾ ਬਣਾਉਂਦੇ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਕਿਸਮਤ ਦੀ ਗੱਲ ਹੈ।