ਸਫ਼ਰ-ਏ-ਸ਼ਹਾਦਤ ਮਾਰਗ ਤੇ 2 ਪੁੱਲਾਂ ਦੀਆਂ ਅਪਰੋਚਾਂ ਦੇ ਨਿਰਮਾਣ ਕਾਰਜ ਲਈ ਟੈਂਡਰ ਜਾਰੀ: ਐਡਵੋਕੇਟ ਦਿਨੇਸ਼ ਚੱਢਾ
- ਪੁੱਲਾਂ ਦੀ ਉਸਾਰੀ 6 ਮਹੀਨੇ ਵਿੱਚ ਮੁਕੰਮਲ ਕੀਤੀ ਜਾਵੇਗੀ
ਹਰੀਸ਼ ਕਾਲੜਾ
ਰੂਪਨਗਰ, 19 ਮਈ 2022: ਸਫ਼ਰ-ਏ-ਸ਼ਹਾਦਤ ਮਾਰਗ (ਰੋਪੜ ਹੈੱਡਵਰਕਜ਼ ਤੋਂ ਲੋਧੀਮਾਜਰਾ-ਕੁੰਮਾ ਮਾਸ਼ਕੀ ਗੁਰੂਦੁਆਰਾ ਸਾਹਿਬ) ਸੜਕ ''ਤੇ ਪੰਜ ਸਾਲ ਤੋਂ ਰੁੱਕਿਆ 2 ਪੁੱਲਾਂ ਦੀਆਂ ਅਪਰੋਚਾਂ ਨਿਰਮਾਣ ਕਾਰਜ ਨੂੰ ਨੇਪਰੇ ਚਾੜਨ ਲਈ ਟੈਂਡਰ ਜਾਰੀ ਕਰ ਦਿੱਤਾ ਗਿਆ ਹੈ।ਇਹ ਜਾਣਕਾਰੀ ਦਿੰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਇਸ ਮਾਰਗ ਉੱਤੇ 2 ਪੁੱਲਾਂ ਦੀਆਂ ਅਪਰੋਚਾਂ ਦੀ ਉਸਾਰੀ ਜੰਗਲਾਤ ਵਿਭਾਗ ਦੀ ਐਨ.ਓ.ਸੀ. ਨਾ ਪ੍ਰਾਪਤ ਹੋਣ ਕਾਰਨ ਨਹੀਂ ਕਰਵਾਈ ਗਈ ਸੀ ਪਰ ਹੁਣ ਤਿੰਨ ਪੁੱਲਾਂ ਵਿੱਚੋਂ ਦੌ ਪੁੱਲਾਂ ਦੀ ਅਪਰੋਚਾਂ ਦੀ ਉਸਾਰੀ ਦਾ ਕਾਰਜ 6 ਮਹੀਨੇ ਵਿੱਚ ਮੁਕੰਮਲ ਕਰ ਲਿਆ ਜਾਵੇਗਾ।
ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਸਰਕਾਰ ਆਉਣ ਤੋਂ 2 ਮਹੀਨੇ ਵਿੱਚ ਹੀ ਪਿਛਲੇ ਪੰਜ ਸਾਲਾਂ ਤੋਂ ਰੁਕਿਆ ਇਹ ਕਾਰਜ ਸ਼ੁਰੂ ਕਰਵਾ ਦਿੱਤਾ ਗਿਆ ਹੈ। ਇਨ੍ਹਾਂ ਪੁੱਲਾਂ ਦੀ ਅਪਰੋਚਾਂ ਦੀ ਉਸਾਰੀ ਕਰਨ ਦੇ ਟੈਂਡਰ ਲੋਕ ਨਿਰਮਾਣ ਵਿਭਾਗ ਵਲੋਂ ਲਗਾ ਦਿੱਤੇ ਗਏ ਹਨ ਜਿਸ ਉੱਤੇ ਕਰੀਬ 91.93 ਲੱਖ ਰੁਪਏ ਦੀ ਰਾਸ਼ੀ ਦਾ ਖਰਚਾ ਹੋਵੇਗਾ।
ਉਨ੍ਹਾਂ ਲੋਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਜਿਵੇਂ ਪਿਛਲੀਆਂ ਸਰਕਾਰਾਂ ਸਮੇਂ ਲੋਕਾਂ ਦੇ ਕੰਮਾਂ ਵਿੱਚ ਰੁਕਵਾਟਾਂ ਆਉਂਦੀਆਂ ਸਨ ਅਤੇ ਜ਼ਿਆਦਾਤਰ ਕੰਮ ਨੂੰ ਅਧੂਰਾ ਹੀ ਛੱਡ ਦਿੱਤਾ ਜਾਂਦਾ ਸੀ ਹੁਣ ਲੋਕਾਂ ਦੁਆਰਾ ਲੋਕਾਂ ਲਈ ਚੁਣੀ ਗਈ ਸਰਕਾਰ ਵਲੋਂ ਜਲਦ ਹੀ ਅਧੂਰੇ ਪਏ ਕਾਰਜਾਂ ਨੂੰ ਸਮੇਂ ਸਿਰ ਮੁਕੰਮਲ ਕਰਵਾਇਆ ਜਾਵੇਗਾ ਅਤੇ ਲੋਕਾਂ ਦਾ ਪੈਸਾ ਬਿਲਕੁਲ ਵੀ ਖਰਾਬ ਨਹੀਂ ਹੋਣ ਦਿੱਤਾ ਜਾਵੇਗਾ।
ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ, ਲੋਕ ਨਿਰਮਾਣ ਵਿਭਾਗ ਦੇ ਕਾਰਜਕਾਰੀ ਇੰਜੀਨੀਅਰ ਸ. ਦਵਿੰਦਰ ਸਿੰਘ, ਉਪ-ਮੰਡਲ ਇੰਜੀਨੀਅਰ ਅਤੇ ਹੋਰ ਸੀਨੀਅਰ ਅਧਿਕਾਰੀ ਵਲੋਂ ਮੌਕੇ ਉੱਤੇ ਜਾ ਕੇ ਜਾਇਜ਼ਾ ਵੀ ਲਿਆ ਗਿਆ।