ਬਰਨਾਲਾ ਦੇ ਪਿੰਡ ਸ਼ਹਿਣਾ 'ਚ ਕੁੰਡੀਆਂ ਫੜਨ ਗਈ ਬਿਜਲੀ ਵਿਭਾਗ ਦੀ ਟੀਮ 'ਤੇ ਹਮਲਾ
ਕਮਲਜੀਤ ਸਿੰਘ ਸੰਧੂ
ਬਰਨਾਲਾ, 19 ਮਈ 2022- ਕਸਬਾ ਸ਼ਹਿਣਾ ਦੇ ਕੋਠੇ ਪੰਜਵਾਲਾ ਵਿੱਚ ਕੁੰਡੀਆਂ ਫੜਨ ਗਈ ਬਿਜਲੀ ਵਿਭਾਗ ਦੀ ਟੀਮ ਤੇ ਹਮਲਾ ਹੋਣ ਦੀ ਖ਼ਬਰ ਮਿਲੀ ਹੈ। ਇਸ ਸਬੰਧ ਵਿੱਚ ਪੁਲਿਸ ਨੇ 3 ਲੋਕਾਂ ਖਿਲਾਫ਼ ਮਾਲਮਾ ਦਰਜ ਕਰ ਲਿਆ ਹੈ। ਇਸ ਹਮਲੇ ਦਾ ਸ਼ਿਕਾਰ ਹੋਏ ਪਾਵਰਕੌਮ ਦੇ ਜੇਈ ਵਿਕਰਾਂਤ ਸ਼ਾਹ ਨੇ ਦੱਸਿਆ ਕਿ ਉਹ ਪੰਜਾਬ ਸਰਕਾਰ ਅਤੇ ਬਿਜਲੀ ਵਿਭਾਗ ਦੇ ਅਧਿਕਾਰੀਆਂ ਦੇ ਹੁਕਮਾਂ ਅਨੁਸਾਰ ਬਿਜਲੀ ਚੋਰੀ ਰੋਕਣ ਲਈ ਚੈਕਿੰਗ ਕਰ ਰਹੇ ਹਨ। ਇਸੇ ਤਹਿਤ ਅੱਜ ਉਹ ਕਸਬਾ ਸ਼ਹਿਣਾ ਦੇ ਕੋਠੇ ਪੰਜਵਾਲਾ ਵਿੱਚ ਬਿਜਲੀ ਚੋਰੀ ਹੋਣ ਦੇ ਸ਼ੱਕ ਦੇ ਆਧਾਰ ’ਤੇ ਚੈਕਿੰਗ ਕਰਨ ਗਏ ਸੀ, ਜਿੱਥੇ ਚੈਕਿੰਗ ਦੌਰਾਨ ਰਸਤੇ ਵਿੱਚ ਕੁਝ ਵਿਅਕਤੀਆਂ ਨੇ ਸਾਡੇ ਨਾਲ ਦੁਰਵਿਵਹਾਰ ਕੀਤਾ, ਇਸ ਤੋਂ ਇਲਾਵਾ ਮੇਰੀ ਕੁੱਟਮਾਰ ਵੀ ਕੀਤੀ ਗਈ ਅਤੇ ਮੇਰਾ ਫੋਨ ਵੀ ਖੋਹ ਲਿਆ ਗਿਆ।
ਉਨ੍ਹਾਂ ਕਿਹਾ ਕਿ ਇਸ ਸਬੰਧੀ ਬਿਜਲੀ ਵਿਭਾਗ ਅਤੇ ਪੁਲੀਸ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਨੂੰ ਵੀ ਜਾਣੂ ਕਰਵਾ ਕੇ ਕਾਰਵਾਈ ਦੀ ਮੰਗ ਕੀਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਬਿਜਲੀ ਚੋਰੀ ਦੀ ਚੈਕਿੰਗ ਦੌਰਾਨ ਉਨ੍ਹਾਂ ਨੂੰ ਪੁਲਸ ਸੁਰੱਖਿਆ ਵੀ ਦਿੱਤੀ ਜਾਵੇ। ਇਸ ਸਬੰਧੀ ਥਾਣਾ ਸ਼ਹਿਣਾ ਦੇ ਐਸ.ਐਚ.ਓ ਬਲਦੇਵ ਸਿੰਘ ਨੇ ਦੱਸਿਆ ਕਿ ਇਸ ਮਾਮਲੇ ਸਬੰਧੀ ਬਿਜਲੀ ਵਿਭਾਗ ਦੇ ਐਸ.ਡੀ.ਓ ਸ਼ਹਿਣਾ ਵੱਲੋਂ ਲਿਖਤੀ ਪੱਤਰ ਰਾਹੀਂ ਬਿਜਲੀ ਮੁਲਾਜ਼ਮਾਂ ਦੀ ਕੁੱਟਮਾਰ ਸਬੰਧੀ ਸ਼ਿਕਾਇਤ ਕੀਤੀ ਗਈ ਹੈ। ਜਿਸ ਦੇ ਸਬੰਧ 'ਚ ਡਿਊਟੀ 'ਚ ਵਿਘਨ ਪਾਉਣ, ਕੁੱਟਮਾਰ ਕਰਨ ਸਮੇਤ ਵੱਖ-ਵੱਖ ਧਾਰਾਵਾਂ ਤਹਿਤ ਤਿੰਨ ਵਿਅਕਤੀਆਂ ਖਿਲਾਫ ਪਰਚਾ ਦਰਜ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ।