ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ ਵਿਸ਼ਾਲ ਜੋਨਲ ਕਾਨਫਰੰਸ
ਜੋਨਲ ਕਨਵੈਨਸ਼ਨਾਂ ਕਰਨ ਤੋਂ ਸੂਬਾਈ ਮਹਾਂ ਰੈਲੀ ਕਰਨ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ,ਬਾਬੂਸ਼ਾਹੀ ਨੈੱਟਵਰਕ
ਸੰਗਰੂਰ, 20 ਮਈ, 2022: ਫਾਸ਼ੀ ਹਮਲੇ ਵਿਰੋਧੀ ਫਰੰਟ ਵੱਲੋਂ ਮਨਸਾ ਦੇਵੀ ਮੰਦਰ ਸੰਗਰੂਰ ਦੇ ਹਾਲ ਵਿੱਚ ਜੋਨ ਪੱਧਰ ਦੀ ਕਨਵੈਨਸ਼ਨ ਵਿੱਚ ਬੋਲਦਿਆਂ ਆਰਐੱਮਪੀਆਈ ਦੇ ਆਗੂ ਪੑੋ ਜੈਪਾਲ ਸਿੰਘ, ਸੀ ਪੀ ਆਈ ਦੇ ਸੂਬਾ ਆਗੂ ਨਿਰਮਲ ਸਿੰਘ ਧਾਲੀਵਾਲ , ਸੀ ਪੀ ਆਈ (ਐੱਮ ਐੱਲ) ਨਿਊ ਡੈਮੋਕਰੇਸੀ ਦੇ ਸੂਬਾਈ ਆਗੂ ਦਰਸ਼ਨ ਸਿੰਘ ਖਟਕੜ, ਇਨਕਲਾਬੀ ਕੇਂਦਰ ਪੰਜਾਬ ਦੇ ਸੂਬਾ ਆਗੂ ਨਰਾਇਣ ਦੱਤ, ਸੀ ਪੀ ਆਈ ( ਐੱਮ ਐੱਲ) ਲਿਬਰੇਸ਼ਨ ਦੇ ਆਗੂ ਸੁਖਦਰਸ਼ਨ ਸਿੰਘ ਨੱਤ , ਐੱਮ ਸੀ ਪੀ ਆਈ (ਯੂ) ਦੇ ਕਿਰਨਜੀਤ ਸੇਖੋਂ ਨੇ ਕੇਂਦਰ ਦੀ ਮੋਦੀ ਸਰਕਾਰ ਦੀ ਪੁਰਜ਼ੋਰ ਨਿਖੇਧੀ ਕਰਦਿਆਂ ਕਿਹਾ ਕਿ ਸਰਕਾਰ ਦੇਸ਼ ਵਿੱਚ ਫ਼ਿਰਕੂ ਏਜੰਡੇ ਤੋਂ ਅੱਗੇ ਵਧਦੀ ਹੋਈ ਫਾਸ਼ੀਵਾਦੀ ਹਮਲੇ ਕਰ ਰਹੀ ਹੈ। ਜਿਸ ਨਾਲ ਹਿੰਦੁਸਤਾਨ ਤਬਾਹੀ ਦੇ ਕੰਢੇ ਤੇ ਜਾ ਖੜਿਆ ਹੈ। ਦੇਸ਼ ਦੇ ਲੋਕ ਅਮਨ ਚੈਨ ਨਾਲ ਭਰਾ ਮਾਰੂ ਜੰਗ ਤੋਂ ਬਚਣਾ ਚਾਹੁੰਦੇ ਹਨ ਪਰ ਮੋਦੀ ਤੇ ਆਰ ਐਸ ਐਸ ਦੀ ਨੀਤੀ ਇੰਨੀ ਜ਼ਾਲਮ ਹੈ ਕਿ ਉਹ ਹਿੰਦੁਸਤਾਨ ਨੂੰ ਤਰੱਕੀ ਨਹੀਂ ਕਰਨ ਦੇਣਾ ਚਾਹੁੰਦੇ । ਮੋਦੀ ਹਕੂਮਤ ਨੇ ਪਹਿਲਾ ਹੱਲਾ ਜੰਮੂ ਕਸ਼ਮੀਰ ਨੂੰ ਤੋੜ ਕੇ ਉਸ ਨੂੰ ਦੋ ਸੂਬਿਆਂ ਵਿੱਚ ਵੰਡ ਦਿੱਤਾ ਗਿਆ ਅਤੇ ਉਸ ਤੋਂ ਬਾਅਦ ਦੇਸ਼ ਵਿੱਚ ਅਜਿਹੇ ਜਨ ਘਾਤਕ ਕਾਨੂੰਨ ਬਣਾ ਕੇ ਹਿੰਦੂ, ਸਿੱਖ, ਮੁਸਲਮਾਨ ਤੇ ਇਸਾਈ ਭਾਈਚਾਰੇ ਵਿੱਚ ਵੰਡੀਆਂ ਪਾਈਆਂ ਜਾ ਰਹੀਆਂ ਹਨ। ਖਾਸ ਕਰਕੇ ਮੁਸਲਮਾਨ ਭਾਈਚਾਰੇ ਤੇ ਤਸ਼ੱਦਦ ਢਾਹਿਆ ਜਾ ਰਿਹਾ ਹੈ। ਮੋਦੀ ਦੇਸ਼ ਵਿੱਚ ਜਮਹੂਰੀਅਤ ਦਾ ਘਾਣ ਕਰ ਰਿਹਾ ਹੈ। ਜਿਹੜਾ ਵੀ ਚਿੰਤਨਸ਼ੀਲ ਵਿਅਕਤੀ ਲੋਕ ਪੱਖੀ ਨਜ਼ਰੀਏ ਤੋਂ ਵਿਚਾਰ ਪੇਸ਼ ਕਰਦਾ ਹੈ, ਮੋਦੀ ਹਕੂਮਤ ਵੱਲੋਂ ਉਸ ਨੂੰ ਜੇਲ ਵਿੱਚ ਡੱਕ ਦਿੱਤਾ ਜਾਂਦਾ ਹੈ। ਬਹੁਤ ਸਾਰੇ ਅਗਾਂਹ ਵਾਧੂ ਲੋਕ ਪੱਖੀ ਲੇਖਕ, ਬੁੱਧੀਜੀਵੀ, ਸਮਾਜਿਕ ਕਾਰਕੁਨ, ਵਕੀਲ, ਕਵੀ ਜੇਲਾਂ ਵਿੱਚ ਡੱਕੇ ਹੋਏ ਹਨ। ਉਨਾਂ ਨੂੰ ਰਿਹਾਅ ਨਹੀਂ ਕੀਤਾ ਜਾ ਰਿਹਾ।
ਬੁਲਾਰਿਆਂ ਨੇ ਕਿਹਾ ਕਿ ਭਾਖੜਾ ਡੈਮ ਚੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕਰਨਾ, ਸਿਟਕੋ ਵਿੱਚੋਂ ਪੰਜਾਬ ਦਾ ਹੱਕ ਖੋਹਣਾ, ਚੰਡੀਗੜ੍ਹ ਚੋਂ ਪੰਜਾਬ ਦੇ ਮੁਲਾਜਮਾਂ ਦੇ ਅਧਿਕਾਰ ਖ਼ਤਮ ਕਰਨਾ ਮੋਦੀ ਹਕੂਮਤ ਦਾ ਫੈਡਰਲ ਢਾਂਚੇ ਉੱਪਰ ਸਿੱਧਾ ਹਮਲਾ ਹੈ। ਇਹ ਸਾਰਾ ਕੁੱਝ ਮੋਦੀ ਸਰਕਾਰ ਇਸ ਨੀਤੀ ਤਹਿਤ ਕਰ ਰਹੀ ਹੈ ਕਿ ਦੇਸ਼ ਵਿੱਚ ਬੇਰੁਜ਼ਗਾਰੀ, ਗ਼ਰੀਬੀ ਤੇ ਭੁੱਖਮਰੀ ਫੈਲਣ ਵਾਲੇ ਪਾਸੇ ਤੋਂ ਲੋਕਾਂ ਦਾ ਧਿਆਨ ਹਟਾਇਆ ਜਾਵੇ। ਇਹਨਾਂ ਹਾਲਤਾਂ ਵਿੱਚ ਮੋਦੀ ਹਕੂਮਤ ਵੱਲੋਂ ਗਿਣੀ ਮਿਥੀ ਸਕੀਮ ਤਹਿਤ ਲੋਕਾਂ ਨੂੰ ਭਰਾ ਮਾਰੂ ਜੰਗ ਵਿੱਚ ਧੱਕਿਆ ਜਾ ਰਿਹਾ ਹੈ। ਸਾਲ ਭਰ ਤੋਂ ਵੱਧ ਸਮਾਂ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਜ਼ਿੰਦਗੀ ਮੌਤ ਦਾ ਸੰਘਰਸ਼ ਲੜਦੇ ਰਹੇ ਅਤੇ ਉਸ ਤੋਂ ਬਾਅਦ ਆਮ ਲੋਕ ਵੀ ਮੋਦੀ ਸਰਕਾਰ ਦੀਆਂ ਆਰਥਿਕ ਨੀਤੀਆਂ ਦੇ ਵਿਰੋਧੀ ਬਣ ਚੁੱਕੇ ਹਨ। ਮੋਦੀ ਸਰਕਾਰ ਕਾਰਪੋਰੇਟ ਘਰਾਣਿਆਂ ਨੂੰ ਮੁਨਾਫ਼ੇ ਦਿਵਾਉਣ ਵਾਸਤੇ ਲਗਾਤਾਰ ਲੋਕ ਵਿਰੋਧੀ ਕਾਨੂੰਨ/ਨੀਤੀਆਂ ਬਣਾਉਂਦੀ ਆ ਰਹੀ ਹੈ । ਮੋਦੀ ਸਰਕਾਰ ਨੂੰ ਲੋਕਾਂ ਦੀਆਂ ਜ਼ਿੰਦਗੀ ਦੀ ਕੋਈ ਪਰਵਾਹ ਨਹੀਂ ਤੇ ਉਹ ਸਿਰਫ਼ ਤੇ ਸਿਰਫ਼ ਅਮੀਰਾਂ ਦੇ ਹੱਕਾਂ ਦੀ ਰਖਵਾਲੀ ਕਰ ਰਹੀ ਹੈ। ਇਸ ਹਾਲਤ ਵਿੱਚ ਫਾਸ਼ੀ ਹਮਲੇ ਵਿਰੋਧੀ ਫਰੰਟ ਨੇ ਫ਼ੈਸਲਾ ਕੀਤਾ ਕਿ ਪੰਜਾਬ ਵਿੱਚ ਜਲੰਧਰ ਵਿਖੇ ਸੂਬਾਈ ਕਨਵੈਨਸ਼ਨ ਕਰਨ ਤੋਂ ਬਾਅਦ ਜ਼ੋਨਲ ਕਨਵੈਨਸ਼ਨਾਂ ਰਾਹੀਂ ਲੋਕਾਂ ਨੂੰ ਜਾਗ੍ਰਿਤ ਕਰਦਿਆਂ ਅਗਲੇ ਪੜਾਅ ਵਜੋਂ ਸੂਬਾਈ ਪੱਧਰ ਤੇ ਮਹਾਂ ਰੈਲੀ ਹੋਵੇਗੀ।
ਅੱਜ ਦੇ ਪ੍ਰੋਗਰਾਮ ਦੀ ਪ੍ਰਧਾਨਗੀ ਰਜਿੰਦਰ ਪਾਲ, ਗੁਰਮੁਖ ਸਿੰਘ, ਨਿਰੰਜਣ ਸਿੰਘ ਸਫੀਪੁਰ, ਸੁਖਦੇਵ ਸ਼ਰਮਾ, ਗੋਬਿੰਦ ਸਿੰਘ ਛਾਜਲੀ, ਉੱਦਮ ਸਿੰਘ ਸੰਤੋਖਪੁਰਾ ਨੇ ਕੀਤੀ। ਸਟੇਜ ਸਕੱਤਰ ਦੇ ਫਰਜ਼ ਜਗਦੇਵ ਸਿੰਘ ਬਾਹੀਆ ਨੇ ਬਾਖੂਬੀ ਨਿਭਾਏ।
ਇਸ ਕਨਵੈਨਸ਼ਨ ਵਿੱਚ ਦੇਸ਼ ਧ੍ਰੋਹ ਦੇ ਦੋਸ਼ਾਂ ਤਹਿਤ ਜੇਲਾਂ ਵਿੱਚ ਬੰਦ ਬੁੱਧੀਜੀਵੀਆਂ, ਸਮਾਜਿਕ ਕਾਰਕੁਨਾਂ, ਕਵੀਆਂ, ਵਕੀਲਾਂ, ਯੂਨੀਵਰਸਿਟੀਆਂ ਵਿਦਿਆਰਥੀਆਂ ਨੂੰ ਬਿਨਾਂ ਸ਼ਰਤ ਰਿਹਾਅ ਕਰਨ, ਸ਼ਹੀਦ ਭਗਤ ਸਿੰਘ ਅਤੇ ਹੋਰਨਾਂ ਦੇਸ਼ ਭਗਤਾਂ ਨੂੰ ਇਤਹਾਸ ਵਿੱਚੋਂ ਕੱਢਣ ਅਤੇ ਆਰਐਸਐਸ ਨੂੰ ਇਤਿਹਾਸ ਦਾ ਹਿੱਸਾ ਬਨਾਉਣ, ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਧਾਰਮਿਕ ਘੱਟ ਗਿਣਤੀਆਂ ਨੂੰ ਹਮਲੇ ਦਾ ਨਿਸ਼ਾਨਾ ਬਨਾਉਣ, ਵਧ ਰਹੀ ਮਹਿੰਗਾਈ ਨੂੰ ਨੱਥ ਪਾਉਣ, ਵਧ ਰਹੀ ਬੇਰੁਜ਼ਗਾਰੀ ਦਾ ਠੋਸ ਹੱਲ ਕਰਨ, ਚਾਰ ਲੇਬਰ ਕੋਡਾਂ ਨੂੰ ਰੱਦ ਕਰਨ, ਪੁਰਾਣੇ ਕਿਰਤ ਕਾਨੂੰਨ ਬਹਾਲ ਕਰਨ, ਗਿਆਨਵਾਤੀ ਮਸਜਿਦ ਸਬੰਧੀ ਕੁਮੈਂਟ ਕਰਨ ਵਾਲੇ ਪਰੋਫੈਸਰਾਂ ਨੂੰ ਜ਼ਬਰ ਦਾ ਨਿਸ਼ਾਨਾ ਬਨਾਉਣ ਦੀ ਨਿਖੇਧੀ ਕਰਨ ਦੇ ਮਤੇ ਪਾਸ ਕੀਤੇ ਗਏ।