ਸੁਬਾਰਡੀਨੇਟ ਫੈਡਰੇਸ਼ਨ ਵੱਲੋਂ ਈਓ ਲਹਿਰਾਗਾਗਾ ਖਿਲਾਫ਼ ਧਰਨਾ ਅੱਜ 20 ਮਈ ਨੂੰ
ਦਲਜੀਤ ਕੌਰ ਭਵਾਨੀਗੜ੍ਹ,ਬਾਬੂਸ਼ਾਹੀ ਨੈੱਟਵਰਕ
ਲਹਿਰਾਗਾਗਾ, 20ਮਈ, 2022: ਪੰਜਾਬ ਸੁਬਾਰਡੀਨੇਟ ਸਰਵਿਸਜ਼ ਫੈਡਰੇਸ਼ਨ ਬਲਾਕ ਲਹਿਰਾਗਾਗਾ ਦੀ ਇੱਕ ਅਹਿਮ ਮੀਟਿੰਗ ਫੈਡਰੇਸ਼ਨ ਦੇ ਜਿਲ੍ਹਾ ਪ੍ਰਧਾਨ ਸੁਖਦੇਵ ਚੰਗਾਲੀਵਾਲਾ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਨਗਰ ਕੌਂਸਲ, ਲਹਿਰਾਗਾਗਾ ਦੇ ਕਾਰਜ਼ਸਾਧਕ ਅਫਸਰ ਦੇ ਮੁਲਾਜ਼ਮਾਂ ਪ੍ਰਤੀ ਹੈਂਕੜਬਾਜ਼ ਰਵੱਈਏ ਦੀ ਸਖ਼ਤ ਨਿੰਦਾ ਕਰਦੇ ਹੋਏ ਸਫ਼ਾਈ ਕਰਮਚਾਰੀਆਂ ਦੇ ਸੰਘਰਸ਼ ਦੀ ਡਟ ਕੇ ਹਮਾਇਤ ਕਰਨ ਦਾ ਫੈਸਲਾ ਕੀਤਾ ਗਿਆ। ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ 20 ਮਈ ਨੂੂੰ ਸਫ਼ਾਈ ਕਰਮਚਾਰੀਆਂ ਦੇ ਹੱਕ ਵਿੱਚ ਨਗਰ ਕੌਂਸਲ ਦਫ਼ਤਰ ਵਿਖੇ ਧਰਨਾ ਦਿੱਤਾ ਜਾਵੇਗਾ। ਜਿ਼ਕਰਯੋਗ ਹੈ ਕਿ ਨਗਰ ਕੌਂਸਲ, ਲਹਿਰਾਗਾਗਾ ਦੇ ਸਫ਼ਾਈ ਕਰਮਚਾਰੀ ਬੀਤੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਲਈ ਹੜਤਾਲ 'ਤੇ ਹਨ।
ਮੀਟਿੰਗ ਨੂੂੰ ਸੰਬੋਧਨ ਕਰਦਿਆਂ ਸੁਖਦੇਵ ਚੰਗਾਲੀਵਾਲਾ ਸਮੇਤ ਹੋਰ ਮੁਲਾਜ਼ਮ ਆਗੂਆਂ ਨੇ ਕਿਹਾ ਕਿ ਕੰਟਰੈਕਟ ਸਫ਼ਾਈ ਕਰਮਚਾਰੀਆਂ ਨੂੂੰ ਠੇਕੇਦਾਰੀ ਸਿਸਟਮ ਖਤਮ ਕਰਕੇ ਸਿੱਧਾ ਭਰਤੀ ਕੀਤਾ ਜਾਵੇ, ਸਫ਼ਾਈ ਕਰਮਚਾਰੀਆਂ ਸਮੇਤ ਮੁਲਾਜ਼ਮਾਂ ਨੂੂੰ ਤਨਖਾਹਾਂ ਸਮੇਂ ਸਿਰ ਦਿੱਤੀਆਂ ਜਾਣ, ਡਿਉਟੀਆਂ ਵਿੱਚ ਵਿਤਕਰੇਬਾਜ਼ੀ ਬੰਦ ਕਰਕੇ ਹਰ ਇੱਕ ਨੂੂੰ ਥਾਂ ਸਿਰ ਕੰਮ ਦਿੱਤਾ ਜਾਵੇ, ਜਲ ਸਪਲਾਈ ਸਕੀਮ ਦਾ ਇੰਚਾਰਜ਼ ਸੀਨੀਅਰਤਾ ਦੇ ਆਧਾਰ 'ਤੇ ਲਾੲਿਆ ਜਾਵੇ, ਸਫ਼ਾਈ ਕਰਮਚਾਰੀਆਂ ਦਾ ਰੈਸਟ ਰੂਮ ਉਨ੍ਹਾਂ ਹਵਾਲੇ ਕੀਤਾ ਜਾਵੇ ਅਤੇ ਮੰਗਾਂ ਪ੍ਰਵਾਨ ਕਰਕੇ ਸਫ਼ਾਈ ਕਾਮਿਆਂ ਦੀ ਹੜਤਾਲ ਖਤਮ ਕਰਵਾਈ ਜਾਵੇ।
ਮੀਟਿੰਗ ਵਿੱਚ ਹਾਜ਼ਰ ਜਥੇਬੰਦੀ ਦੇ ਆਗੂਆਂ ਛੱਜੂ ਰਾਮ ਸ਼ਰਮਾ, ਅਮਰੀਕ ਗੁਰਨੇ, ਬਾਵਾ ਗਾਗਾ, ਸੁਖਵਿੰਦਰ ਮੰਗੂ, ਜਸਵਿੰਦਰ ਗਾਗਾ, ਭੋਲਾ ਸਿੰਘ ਆਦਿ ਨੇ ਕਿਹਾ ਕਿ ਜੇਕਰ ਈ ਓ ਵੱਲੋਂ ਮੰਗਾਂ ਦਾ ਨਿਪਟਾਰਾ ਨਾ ਕੀਤਾ ਗਿਆ ਤਾਂ ਅਧਿਕਾਰੀਆਂ ਦਾ ਘਿਰਾਓ ਵੀ ਕੀਤਾ ਜਾ ਸਕਦਾ ਹੈ।