ਰੋਹੀੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ
ਸਿੱਧੀ ਬਿਜਾਈ ਨਾਲ ਜਿੱਥੇ 15-20 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ , ਉੱਥੇ ਇਸ ਦੇ ਨਾਲ ਖੇਤੀ ਲਾਗਤਾਂ ਵਿੱਚ ਵੀ ਕਮੀ ਆਉਂਦੀ : ਡਾ. ਗੁਰਕਿਰਪਾਲ ਸਿੰਘ
ਬਾਬੂਸ਼ਾਹੀ ਨੈੱਟਵਰਕ
ਮਲੇਰਕੋਟਲਾ/ ਅਹਿਮਦਗੜ੍ਹ 20 ਮਈ 2022
ਪੰਜਾਬ ਸਰਕਾਰ ਦੁਆਰਾ ਸੂਬੇ ਵਿਚ ਨਿਰੰਤਰ ਧਰਤੀ ਹੇਠ ਪਾਣੀ ਦੇ ਗਿਰ ਰਹੇ ਪੱਧਰ ਨੂੰ ਠੱਲ੍ਹ ਪਾਉਣ ਦੇ ਮੰਤਵ ਨਾਲ ਝੋਨੇ ਦੀ ਸਿੱਧੀ ਬਿਜਾਈ ਹੇਠ ਰਕਬਾ ਵਧਾਉਣ ਲਈ ਜਾਰੀ ਮੁਹਿੰਮ ਤਹਿਤ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਬਲਾਕ ਅਹਿਮਦਗੜ੍ਹ ਵੱਲੋਂ ਪਿਛਲੇ ਪਿੰਡ ਰੋਹੀੜਾ ਵਿਖੇ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।
ਖੇਤੀਬਾੜੀ ਅਫ਼ਸਰ, ਅਹਿਮਦਗੜ੍ਹ ਡਾ. ਗੁਰਕਿਰਪਾਲ ਸਿੰਘ ਨੇ ਕਿਸਾਨਾਂ ਨੂੰ ਧਰਤੀ ਹੇਠ ਪਾਣੀ ਦੇ ਗਿਰ ਰਹੇ ਪੱਧਰ ਦੀ ਗੰਭੀਰਤਾ ਸਬੰਧੀ ਜਾਗਰੂਕ ਕਰਦੇ ਹੋਏ ਖੇਤੀ ਵਿਚ ਪਾਣੀ ਦੀ ਸੰਯਮ ਨਾਲ ਵਰਤੋਂ ਚ ਸਹਾਈ ਵੱਖ-ਵੱਖ ਤਕਨੀਕਾਂ ਅਪਣਾਉਣ ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ 15-20 ਫ਼ੀਸਦੀ ਪਾਣੀ ਦੀ ਬੱਚਤ ਹੁੰਦੀ ਹੈ , ਉੱਥੇ ਇਸ ਦੇ ਨਾਲ ਖੇਤੀ ਲਾਗਤਾਂ ਵਿੱਚ ਵੀ ਕਮੀ ਆਉਂਦੀ ਹੈ । ਜ਼ਮੀਨ ਵਿੱਚ ਜੈਵਿਕ ਗਤੀਵਿਧੀਆਂ ਦਾ ਸੰਤੁਲਨ ਬਣਿਆ ਰਹਿੰਦਾ ਹੈ । ਉਹਨਾਂ ਕਿਹਾ ਕਿ ਜੋ ਕਿਸਾਨ ਵੀਰ ਇਸ ਵਿਧੀ ਰਾਹੀਂ ਝੋਨਾ ਬੀਜਣਗੇ ਉਹਨਾਂ ਦੀ ਸਰਕਾਰ ਵੱਲੋਂ 1500 ਰੁਪਏ ਪ੍ਰਤੀ ਏਕੜ ਮਾਲੀ ਮਦਦ ਦਿੱਤੀ ਜਾਵੇਗੀ। ਉਹਨਾਂ ਫ਼ਸਲੀ ਵਿਭਿੰਨਤਾ ਸਬੰਧੀ ਆਪਣੇ ਵਿਚਾਰ ਸਾਂਝੇ ਕਰਦੇ ਹੋਏ ਕਿਸਾਨਾਂ ਨੂੰ ਕੁਝ ਰਕਬਾ ਝੋਨੇ ਦੀ ਬਜਾਏ ਬਦਲਵੀਂਆਂ ਫ਼ਸਲਾਂ ਅਧੀਨ ਵੀ ਲਿਆਉਣ ਲਈ ਅਪੀਲ ਕੀਤੀ।
ਖੇਤੀਬਾੜੀ ਵਿਕਾਸ ਅਫ਼ਸਰ ਅਹਿਮਦਗੜ੍ਹ ਡਾ. ਜਤਿੰਦਰ ਸਿੰਘ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਦੇ ਫ਼ਾਇਦੇ ਦੱਸਦੇ ਹੋਏ ਕਿਹਾ ਗਿਆ ਕਿ ਜਿੱਥੇ ਇਹ ਵਿਧੀ ਕੱਦੂ ਕੀਤੇ ਝੋਨੇ ਦੇ ਮੁਕਾਬਲੇ ਵਾਤਾਵਰਨ ਪੱਖੀ ਹੈ, ਉੱਥੇ ਹੀ ਇਸ ਨਾਲ ਪਾਣੀ ਤੇ ਲੇਬਰ ਦੀ ਬੱਚਤ ਹੁੰਦੀ ਹੈ ਅਤੇ ਅਗਲੀ ਕਣਕ ਦੀ ਫ਼ਸਲ ਦੇ ਝਾੜ ਚ ਵੀ ਸੁਧਾਰ ਹੁੰਦਾ ਹੈ।ਉਹਨਾਂ ਕਿਸਾਨਾਂ ਨਾਲ ਸਿੱਧੀ ਬਿਜਾਈ ਸਬੰਧੀ ਜ਼ਰੂਰੀ ਨੁਕਤੇ ਜਿਵੇਂ ਖੇਤ ਦੀ ਤਿਆਰੀ, ਬੀਜ ਦਰ, ਬੀਜ ਸੋਧ, ਨਦੀਨ ਨਾਸ਼ਕਾਂ ਦੀ ਚੋਣ, ਬਿਜਾਈ ਦਾ ਸਹੀ ਸਮਾਂ, ਸਹੀ ਸਿੰਚਾਈ ਪ੍ਰਬੰਧ, ਖਾਦਾਂ ਦੀ ਸੁਚੱਜੀ ਵਰਤੋਂ ਆਦਿ ਸਬੰਧੀ ਤਕਨੀਕੀ ਜਾਣਕਾਰੀ ਵਿਸਥਾਰਪੂਰਵਕ ਸਾਂਝੀ ਕੀਤੀ।
ਇਸ ਕੈਂਪ ਵਿਚ ਗੋਪਾਲ ਕ੍ਰਿਸ਼ਨ ਖੇਤੀ ਉਪ-ਨਿਰੀਖਕ ਤੋਂ ਇਲਾਵਾ ਮੁਹੰਮਦ ਇਕਬਾਲ, ਮੁਹੰਮਦ ਅਖ਼ਤਰ, ਮੇਜਰ ਸਿੰਘ, ਅਸਲਮ ਖਾਂ, ਇਮਰਾਨ ਖਾਂ, ਸਫਦਲ ਖਾਂ ਰੋਹੀੜਾ ਆਦਿ ਕਿਸਾਨ ਸ਼ਾਮਲ ਹੋਏ।