ਬੇਕਾਬੂ ਮੋਟਰਸਾਇਕਲ ਸੜਕ ਕਿਨਾਰੇ ਦਰਖੱਤ ਨਾਲ ਟਕਰਾਇਆ, ਇਕ ਦੀ ਮੌਤ, ਇਕ ਜ਼ਖਮੀ
ਰਜਿੰਦਰ ਕੁਮਾਰ, ਬਾਬੂਸ਼ਾਹੀ ਨੈੱਟਰਵਕ
ਬੰਗਾ, 21 ਮਈ 2022 - ਬੀਤੀ ਦੇਰ ਰਾਤ ਬੰਗਾ ਮੁਕੰਦਪੁਰ ਰੋਡ ਤੇ ਸਥਿਤ ਰੇਲਵੇ ਕਰਾਸਿੰਗ ਲਾਗੇ ਇਕ ਮੋਟਰ ਸਾਈਕਲ ਬੇਕਾਬੂ ਹੋਣ ਨਾਲ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖੱਤ ਨਾਲ ਟਕਰਾਉਣ ਨਾਲ ਇਕ ਵਿਅਕਤੀ ਦੀ ਮੋਤ ਤੇ ਇਕ ਦੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਇਸ ਸਬੰਧੀ ਥਾਣਾ ਸਿਟੀ ਬੰਗਾ ਪੁਲਿਸ ਨੂੰ ਦਿੱਤੇ ਆਪਣੇ ਬਿਆਨਾ ਵਿੱਚ ਮ੍ਰਿਤਕ ਹਰਜਿੰਦਰ ਕੁਮਾਰ ਉਰਫ ਕਾਕਾ ਪੁੱਤਰ ਮਨੋਹਰ ਲਾਲ ਦੇ ਵੱਡੇ ਭਰਾ ਪਵਨ ਕੁਮਾਰ ਨੇ ਦੱਸਿਆ ਕਿ ਉਸ ਦਾ ਭਰਾ ਜੋ ਆਪਣੇ ਦੋਸਤ ਮਲਕੀਤ ਰਾਮ ਪੁੱਤਰ ਚੰਨਣ ਰਾਮ ਨਾਲ ਆਪਣੇ ਮੋਟਰ ਸਾਈਕਲ ਨੰਬਰ ਪੀ ਬੀ 78 3184 ਤੇ ਸਵਾਰ ਹੋਕੇ ਪਿੰਡ ਭਰੋ ਮਜਾਰਾ ਵਿਖੇ ਦਿਲਾਵਰ ਸਿੰਘ ਵੱਲੋ ਲਏ ਪੋਲਟਰੀ ਫਾਰਮ ਤੇ ਗਏ ਸਨ। ਉਹਨਾ ਦੱਸਿਆ ਕਿ ਉਹ ਦੇਰ ਰਾਤ ਉਹ ਆਪਣੇ ਮੋਟਰ ਸਾਈਕਲ ਤੇ ਸਵਾਰ ਹੋਕੇ ਆਪਣੇ ਘਰ ਨੂੰ ਵਾਪਸ ਆ ਰਹੇ ਸਨ।ਉਸ ਦੱਸਿਆ ਕਿ ਉਕਤ ਮੋਟਰ ਸਾਈਕਲ ਨੂੰ ਉਸਦਾ ਭਰਾ ਹਰਜਿੰਦਰ ਕੁਮਾਰ ਉਰਫ ਕਾਕਾ ਚਲਾ ਰਿਹਾ ਸੀ।
ਜਦੋ ਕਿ ਉਸਦਾ ਦੋਸਤ ਮਲਕੀਤ ਰਾਮ ਪਿੱਛੇ ਬੈਠਾ ਹੋਇਆ ਸੀ।ਉਸ ਦੱਸਿਆ ਕਿ ਜਿਵੇ ਹੀ ਉਹ ਦੋਵੇ ਜਣੇ ਬੰਗਾ ਮੁਕੰਦਪੁਰ ਰੋਡ ਤੇ ਸਥਿਤ ਰੇਲਵੇ ਕਰਾਸਿੰਗ ਨਜ਼ਦੀਕ ਪੁੱਜੇ ਤਾ ਸੜਕ ਟੁੱਟੀ ਹੋਣ ਕਾਰਨ ਉਨ੍ਹਾਂ ਦਾ ਮੋਟਰ ਸਾਈਕਲ ਬੇਕਾਬੂ ਹੋ ਗਿਆ ਅਤੇ ਸੜਕ ਕਿਨਾਰੇ ਲੱਗੇ ਸਫੈਦੇ ਦੇ ਦਰਖੱਤ ਨਾਲ ਜਾ ਟਕਰਾਇਆ ਜਿਸ ਦੇ ਕਾਰਣ ਉਹ ਦੋਵੇ ਜਣੇ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ।ਜਿਸ ਉਪੰਰਤ ਉਨ੍ਹਾਂ ਨੂੰ ਮੋਕੇ ਤੇ ਹਾਜ਼ਰ ਲੋਕਾ ਵੱਲੋਂ ਸਿਵਲ ਹਸਪਤਾਲ ਬੰਗਾ ਪਹੁੰਚਿਆ ਗਿਆ।ਜਿੱਥੇ ਡਿਊਟੀ ਤੇ ਹਾਜ਼ਰ ਡਾਕਟਰ ਵੱਲੋ ਉਸਦੇ ਭਰਾ ਹਰਜਿੰਦਰ ਕੁਮਾਰ ਉਰਫ ਕਾਕਾ ਨੂੰ ਮ੍ਰਿਤਕ ਘੋਸ਼ਿਤ ਕੀਤਾ ਜਦੋ ਕਿ ਉਸ ਦੇ ਦੋਸਤ ਮਲਕੀਤ ਰਾਮ ਨੂੰ ਜਖ਼ਮੀ ਹਾਲਤ ਵਿਚ ਇਲਾਜ਼ ਲਈ ਦਾਖਲ ਕਰ ਲਿਆ।ਦੁਰਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ ਸਿਟੀ ਬੰਗਾ ਦੇ ਐਸ ਆਈ ਪੂਰਨ ਸਿੰਘ ਸਮੇਤ ਪੁਲਿਸ ਪਾਰਟੀ ਹਾਦਸੇ ਵਾਲੇ ਸਥਾਨ ਤੇ ਪੁੱਜ ਗਏ ਅਤੇ ਮ੍ਰਿਤਕ ਹਰਜਿੰਦਰ ਕੁਮਾਰ ਦੀ ਮ੍ਰਿਤਕ ਦੇਹ ਨੂੰ ਕਬਜ਼ੇ ਵਿੱਚ ਲੈ ਕੇ ਅਗੇਰੀ ਕਾਰਵਾਈ ਸ਼ੁਰੂ ਕਰ ਦਿੱਤੀ।