ਖੰਨਾ : ਨਸ਼ੇ ਦੀ ਓਵਰਡੋਜ਼ ਨਾਲ ਇਕ ਵਿਅਕਤੀ ਦੀ ਮੌਤ
ਰਣਜੀਤ ਸਿੰਘ ਢਿੱਲੋਂ, ਬਾਬੂਸ਼ਾਹੀ ਨੈੱਟਵਰਕ
ਖੰਨਾ, 21 ਮਈ 2022- ਪੰਜਾਬ ਵਿੱਚ ਨਸ਼ੇ ਦੀ ਓਵਰਡੋਜ਼ ਨਾਲ ਲਗਾਤਾਰ ਮੌਤਾਂ ਦਾ ਸਿਲਸਿਲਾ ਜਾਰੀ ਹੈ। ਖੰਨਾ ਚ ਫਿਰ ਨਸ਼ੇ ਨੇ ਇੱਕ ਹੋਰ ਘਰ ਬਰਬਾਦ ਕਰ ਦਿੱਤਾ। ਨਸ਼ੇ ਦੀ ਦਲਦਲ ਚ ਫਸੇ ਘਰ ਦੇ ਮੁਖੀ ਦੀ ਜ਼ਿਆਦਾ ਨਸ਼ਾ ਲੈਣ ਨਾਲ ਮੌਤ ਹੋ ਗਈ। ਨੋਨੀ ਨਾਮਕ ਇਹ ਵਿਅਕਤੀ ਮੁਹੱਲੇ ਦੇ ਖਾਲੀ ਪਲਾਟ ਚ ਤੜਫ ਰਿਹਾ ਸੀ। ਜਦੋਂ ਤੱਕ ਉਸਨੂੰ ਹਸਪਤਾਲ ਦਾਖਲ ਕਰਾਇਆ ਗਿਆ ਉਸਦੀ ਮੌਤ ਹੋ ਗਈ ਸੀ।
ਕੌਂਸਲਰ ਸੁਖਮਨਜੀਤ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਸੂਚਨਾ ਮਿਲੀ ਸੀ ਕਿ ਮੁਹੱਲੇ ਚ ਇੱਕ ਵਿਅਕਤੀ ਪਲਾਟ ਚ ਤੜਫ ਰਿਹਾ ਹੈ। ਉਹ ਮੌਕੇ ਤੇ ਗਏ ਤਾਂ ਵਿਅਕਤੀ ਦੀ ਹਾਲਤ ਗੰਭੀਰ ਸੀ। ਐਂਬੂਲੈਂਸ ਦਾ ਪ੍ਰਬੰਧ ਕਰਕੇ ਉਸਨੂੰ ਸਰਕਾਰੀ ਹਸਪਤਾਲਲ ਦਾਖਲ ਕਰਾਇਆ ਗਿਆ। ਜਿਥੇ ਡਾਕਟਰ ਨੇ ਬਹੁਤ ਕੋਸ਼ਿਸ਼ ਕੀਤੀ ਪ੍ਰੰਤੂ ਇਹ ਵਿਅਕਤੀ ਨਹੀਂ ਬਚ ਸਕਿਆ। ਮ੍ਰਿਤਕ ਦੀ ਜੇਬ ਚੋਂ ਨਸ਼ਾ ਛੁਡਾਊ ਕੇਂਦਰ ਚੋਂ ਮਿਲਣ ਵਾਲੀਆਂ ਗੋਲੀਆਂ ਮਿਲੀਆਂ ਹਨ। ਕੌਂਸਲਰ ਦੇ ਅਨੁਸਾਰ ਉਸਦੀ ਬਾਂਹ ਉਪਰ ਵੀ ਟੀਕਾ ਲਾਉਣ ਜਿਹਾ ਨਿਸ਼ਾਨ ਸੀ। ਜਿਸਤੋਂ ਸਾਫ ਜਾਹਿਰ ਹੈ ਕਿ ਮੌਤ ਨਸ਼ੇ ਕਾਰਨ ਹੋਈ ਹੈ। ਪ੍ਰਸ਼ਾਸਨ ਨੂੰ ਨਸ਼ਿਆਂ ਉਪਰ ਕੰਟਰੋਲ ਕਰਨਾ ਚਾਹੀਦਾ ਅਤੇ ਨੌਜਵਾਨਾਂ ਨੂੰ ਵੀ ਸਮਝਣ ਦੀ ਲੋੜ ਹੈ।
ਉਥੇ ਹੀ ਡਾਕਟਰ ਨਵਦੀਪ ਨੇ ਦੱਸਿਅ ਕਿ ਵਿਅਕਤੀ ਦੀ ਮੌਤ ਹਸਪਤਾਲ ਆਉਣ ਤੋਂ ਪਹਿਲਾਂ ਹੀ ਹੋ ਚੁੱਕੀ ਸੀ। ਉਹਨਾਂ ਵੱਲੋਂ ਕੋਸ਼ਿਸ਼ ਕੀਤੀ ਗਈ ਪ੍ਰੰਤੂ ਵਿਅਕਤੀ ਦੇ ਸਾਹ ਨਹੀਂ ਚੱਲੇ। ਲੱਛਣਾਂ ਤੋਂ ਲੱਗਦਾ ਹੈ ਕਿ ਕਾਫੀ ਸਮਾਂ ਪਹਿਲਾਂ ਮੌਤ ਹੋ ਗਈ ਸੀ। ਮੌਤ ਦੇ ਕਾਰਨ ਪੋਸਟਮਾਰਟਮ ਰਿਪੋਰਟ ਚ ਸਾਮਣੇ ਆਉਣਗੇ। ਡਾਕਟਰ ਨੇ ਦੱਸਿਆ ਕਿ ਮ੍ਰਿਤਕ ਦੀ ਜੇਬ ਚੋਂ ਨਸ਼ਾ ਛੁਡਾਊ ਕੇਂਦਰ ਚੋਂ ਮਿਲਣ ਵਾਲੀਆਂ ਗੋਲੀਆਂ ਮਿਲੀਆਂ ਹਨ। ਸੂਚਨਾ ਪੁਲਸ ਨੂੰ ਦੇ ਦਿੱਤੀ ਗਈ ਸੀ।