ਐਨਪੀਐਸ ਤੋਂ ਪੀੜਤ ਮੁਲਾਜ਼ਮ 22 ਮਈ ਨੂੰ ਦਿੱਲੀ ਵਿੱਚ ਗਰਜਣਗੇ
22 ਮਈ ਦੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ
ਨਵਾਂਸ਼ਹਿਰ,21 ਮਈ,2022
ਦਿੱਲੀ ਜੰਤਰ-ਮੰਤਰ ਵਿਖੇ 22 ਮਈ ਨੂੰ ਦੇਸ਼ਵਿਆਪੀ ਹੋ ਰਹੀ ਮਹਾਂ ਰੈਲੀ ਦੀਆਂ ਤਿਆਰੀਆਂ ਮੁਕੰਮਲ ਹੋ ਚੁੱਕੀਆਂ ਹਨ। ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਤੋਂ ਸੈਕੜਿਆਂ ਦੀ ਗਿਣਤੀ ਵਿੱਚ ਐਨ ਪੀ ਐਸ ਤੋਂ ਪੀੜਤ ਮੁਲਾਜ਼ਮ ਬੱਸਾਂ,ਪ੍ਰਾਈਵੇਟ ਗੱਡੀਆਂ ਅਤੇ ਟ੍ਰੇਨ ਰਾਹੀਂ ਦਿੱਲੀ ਨੂੰ ਅੱਜ ਸ਼ਾਮ ਰਵਾਨਾ ਹੋਣਗੇ। ਇਸ ਬਾਰੇ ਜਾਣਕਾਰੀ ਦਿੰਦੇ ਹੋਏ ਗੁਰਦਿਆਲ ਮਾਨ ਜ਼ਿਲ੍ਹਾ ਕਨਵੀਨਰ ਪੁਰਾਣੀ ਪੈਨਸ਼ਨ ਬਹਾਲੀ ਸ਼ੰਘਰਸ਼ ਕਮੇਟੀ ਸ਼ਹੀਦ ਭਗਤ ਸਿੰਘ ਨਗਰ ਨੇ ਦੱਸਿਆ ਕਿ ਇਹ ਮਹਾਂ ਰੈਲੀ ਅਖਿਲ ਭਾਰਤੀ ਪੈਨਸ਼ਨ ਬਹਾਲੀ ਸੰਯੁਕਤ ਮੋਰਚਾ ਦੇ ਝੰਡੇ ਥੱਲੇ ਕੀਤੀ ਜਾ ਰਹੀ ਹੈ। ਇਸ ਮਹਾਂ ਰੈਲੀ ਵਿੱਚ ਭਾਰਤ ਦੈ ਕੋਨੇ-ਕੋਨੇ ਤੋਂ ਲੱਖਾਂ ਕਰਮਚਾਰੀ ਪਹੁੰਚਣਗੇ ਤਾਂ ਕਿ ਕੇਂਦਰ ਸਰਕਾਰ ਦੇ ਇਸ ਗਲਤ ਫੈਸਲੇ ਦਾ ਵਿਰੋਧ ਕੀਤਾ ਜਾ ਸਕੇ। ਉਨ੍ਹਾਂ ਦੱਸਿਆ ਕਿ ਕੇਂਦਰ ਅਤੇ ਰਾਜ ਸਰਕਾਰਾਂ ਨੇ ਕਾਰਪੋਰੇਟ ਘਰਾਨਿਆਂ ਨੂੰ ਨਿੱਜੀ ਫਾਇਦਾ ਦੇਣ ਹਿੱਤ 2004 ਵਿੱਚ ਪੁਰਾਣੀ ਪੈਨਸ਼ਨ ਸਕੀਮ ਬੰਦ ਕਰਕੇ ਨਿਊ ਪੈਨਸ਼ਨ ਸਕੀਮ ਚਾਲੂ ਕਰ ਦਿੱਤੀ ਸੀ,ਜੋ ਕਿ ਮੁਲਾਜਮ ਨਾਲ ਸਰਾਸਰ ਧੋਖਾ ਹੈ।
ਨਿਊ ਪੈਨਸ਼ਨ ਸਕੀਮ ਬੁਢਾਪੇ ਵਿੱਚ ਸਮਾਜਿਕ ਸੁਰੱਖਿਆ ਪ੍ਰਦਾਨ ਨਹੀਂ ਕਰਦੀ। ਇਸ ਲਈ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਇਸ ਸਕੀਮ ਨੂੰ ਤੁਰੰਤ ਬੰਦ ਕਰ ਦੇਣਾ ਚਾਹੀਦਾ ਹੈ ਅਤੇ ਪੁਰਾਣੀ ਪੈਨਸ਼ਨ ਸਕੀਮ ਨੂੰ ਲਾਗੂ ਕਰ ਦੇਣਾ ਚਾਹੀਦਾ ਹੈ। ਸ਼੍ਰੀ ਮਾਨ ਨੇ ਦੱਸਿਆ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਲੋਂ ਉਨ੍ਹਾਂ ਦੀ ਅਗਵਾਈ ਵਿੱਚ ਐਨ ਪੀ ਐਸ ਤੋਂ ਪੀੜਤ 50 ਮੁਲਾਜਮਾਂ ਦਾ ਜਥਾ ਦਿੱਲੀ ਮਹਾਂ ਰੈਲੀ ਵਿੱਚ ਆਪਣਾ ਰੋਸ਼ ਪ੍ਰਗਟ ਕਰਨ ਲਈ ਸ਼ਾਮਿਲ ਹੋਵੇਗਾ। ਉਨ੍ਹਾਂ ਦੱਸਿਆ ਕਿ ਰੈਲੀ ਵਿੱਚ ਜਾਣ ਵਾਲੇ ਸਾਥੀਆਂ ਦੀਆਂ ਟ੍ਰੇਨ ਟਿਕਟਾਂਪਹਿਲਾਂ ਹੀ ਬੁੱਕ ਕਰਵਾ ਲਈਆਂ ਗਈਆਂ ਸਨ। ਇਹ ਜਥਾ ਸਵੇਰੇ 6 ਵਜੇ ਰੋਪੜ ਤੋਂ ਟ੍ਰੇਨ ਰਸਤੇ ਦਿੱਲੀ ਲਈ ਚੱਲੇਗਾ। ਉਨ੍ਹਾਂ ਇਹ ਵੀ ਦੱਸਿਆ ਕਿ ਐਨ ਪੀ ਐਸ ਮੁਲਾਜਮ ਇਸ ਰੈਲੀ ਵਿੱਚ ਪ੍ਰੀਵਾਰਾਂ ਸਮੇਤ ਸ਼ਾਮਿਲ ਹੋਣਗੇ। ਸ਼੍ਰੀ ਮਾਨ ਨੇ ਦੱਸਿਆ ਕਿ ਉਨ੍ਹਾਂ ਦਾ ਸ਼ੰਘਰਸ਼ ਪੁਰਾਣੀ ਪੈਨਸ਼ਨ ਦੀ ਬਹਾਲੀ ਤੱਕ ਲਗਾਤਾਰ ਜਾਰੀ ਰਹੇਗਾ। ਇਸ ਮੌਕੇ ਉਨ੍ਹਾਂ ਦੇ ਨਾਲ ਜਸਵੀਰ ਸਿੰਘ ਕਾਰਜਕਾਰੀ ਇੰਜੀਨੀਅਰ ਪਾਵਰ ਕਾਮ,ਹੰਸ ਰਾਜ,ਬਲਵੀਰ ਨੌਰਾ,ਨਿਰਮਲ ਕੁਮਾਰ,ਬਲਵਿੰਦਰ ਕੌਰ,ਸੁਖਵਿੰਦਰ ਕੌਰ,ਬਲਜੀਤ ਕੌਰ,ਕੰਨਵਜੀਤ ਕੌਰ,ਸੋਨੀਆ,ਬਵਲੀਨ ਮਾਨ ਅਤੇ ਇਸ਼ਮੀਤ ਮਾਨ ਵੀ ਹਾਜ਼ਰ ਸਨ।