ਕੀ ਜਾਖੜ ਨੂੰ ਰਾਜ ਸਭਾ 'ਚ ਭੇਜਣ ਦੀਆਂ ਤਿਆਰੀਆਂ ? ਸ਼ਾਹ ਤੋਂ ਬਾਅਦ ਸ਼ਾਮ ਨੂੰ PM ਮੋਦੀ ਨਾਲ ਕਰਨਗੇ ਮੁਲਾਕਾਤ
ਦੀਪਕ ਗਰਗ
ਚੰਡੀਗੜ੍ਹ / ਕੋਟਕਪੂਰਾ 21 ਮਈ 2022 - ਪੰਜਾਬ ਵਿੱਚ ਕਾਂਗਰਸ ਦੇ ਸੀਨੀਅਰ ਹਿੰਦੂ ਨੇਤਾ ਸੁਨੀਲ ਜਾਖੜ ਨੂੰ ਰਾਜ ਸਭਾ ਵਿੱਚ ਭੇਜਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਜਾਖੜ ਨੇ ਅੱਜ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ। ਉਹ ਸ਼ਾਮ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਮੁਲਾਕਾਤ ਕਰਨਗੇ। ਜਾਖੜ ਦੇ ਕਾਂਗਰਸ ਛੱਡ ਕੇ ਭਾਜਪਾ 'ਚ ਸ਼ਾਮਲ ਹੋਣ ਤੋਂ ਬਾਅਦ ਇਹ ਪਹਿਲੀ ਮੁਲਾਕਾਤ ਹੈ। ਜਾਖੜ ਨੇ ਚੋਣ ਸਿਆਸਤ ਤੋਂ ਦੂਰੀ ਬਣਾ ਲਈ ਹੈ। ਹਾਲਾਂਕਿ ਉਨ੍ਹਾਂ ਨੂੰ ਪੰਜਾਬ 'ਚ ਭਾਜਪਾ ਨੂੰ ਮਜ਼ਬੂਤ ਕਰਨ ਦੀ ਜ਼ਿੰਮੇਵਾਰੀ ਸੌਂਪੀ ਜਾਵੇਗੀ।
ਇਸ ਮੌਕੇ ਉਨ੍ਹਾਂ ਨਾਲ ਭਾਜਪਾ ਆਗੂ ਮਨਜਿੰਦਰ ਸਿਰਸਾ ਅਤੇ ਅਰਵਿੰਦ ਖੰਨਾ ਵੀ ਨਜ਼ਰ ਆਏ। ਖੰਨਾ ਨੇ ਸੰਗਰੂਰ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਵਜੋਂ ਵਿਧਾਨ ਸਭਾ ਚੋਣ ਲੜੀ ਸੀ। ਹਾਲਾਂਕਿ ਉਹ ਸੀਟ ਹਾਰ ਗਏ। ਉਨ੍ਹਾਂ ਦੀ ਮੌਜੂਦਗੀ ਕਾਰਨ ਇਹ ਕਿਆਸ ਲਗਾਏ ਜਾ ਰਹੇ ਹਨ ਕਿ ਜਾਖੜ ਦੀ ਅਗਵਾਈ ਵਾਲੀ ਭਾਜਪਾ ਹੁਣ ਸੰਗਰੂਰ ਲੋਕ ਸਭਾ ਸੀਟ ਦੀ ਉਪ ਚੋਣ 'ਤੇ ਧਿਆਨ ਕੇਂਦਰਿਤ ਕਰਨ ਜਾ ਰਹੀ ਹੈ।
ਸੰਗਰੂਰ ਸੀਟ ਤੋਂ ਲੋਕ ਸਭਾ ਚੋਣ ਲੜ ਸਕਦੇ ਹਨ ਅਰਵਿੰਦ ਖੰਨਾ ?
ਅਰਵਿੰਦ ਖੰਨਾ ਦਾ ਸੰਗਰੂਰ ਵਿੱਚ ਚੰਗਾ ਆਧਾਰ ਹੈ। ਕਾਰੋਬਾਰ ਤੋਂ ਇਲਾਵਾ ਉਹ ਸਮਾਜ ਸੇਵੀ ਸੰਸਥਾ ਰਾਹੀਂ ਵੀ ਲੋਕਾਂ ਨਾਲ ਜੁੜੇ ਹੋਏ ਹਨ। ਉਹ ਸੰਗਰੂਰ ਤੋਂ ਕਾਂਗਰਸ ਦੇ ਵਿਧਾਇਕ ਰਹਿ ਚੁੱਕੇ ਹਨ। ਹਾਲਾਂਕਿ ਇਸ ਵਾਰ ਆਮ ਆਦਮੀ ਪਾਰਟੀ ਦੇ ਝੱਖੜ ਵਿੱਚ ਖੰਨਾ ਵੀ ਚੋਣ ਹਾਰ ਗਏ ਹਨ। ਹੁਣ ਸੰਗਰੂਰ ਸੀਟ ਤੋਂ ਉਹ ਭਾਜਪਾ ਉਮੀਦਵਾਰ ਵਜੋਂ ਲੋਕ ਸਭਾ ਉਪ ਚੋਣ ਲੜ ਸਕਦੇ ਹਨ।
ਸੰਗਰੂਰ ਲੋਕ ਸਭਾ ਸੀਟ ਨੂੰ ਆਮ ਆਦਮੀ ਪਾਰਟੀ ਅਤੇ ਖਾਸ ਕਰਕੇ ਪੰਜਾਬ ਦੇ ਮੁੱਖ ਮੰਤਰੀ ਬਣੇ ਭਗਵੰਤ ਮਾਨ ਦਾ ਗੜ੍ਹ ਮੰਨਿਆ ਜਾਂਦਾ ਹੈ। ਮਾਨ ਲਗਾਤਾਰ ਦੋ ਵਾਰ ਇੱਥੋਂ ਸੰਸਦ ਮੈਂਬਰ ਰਹੇ ਹਨ। ਦੂਜੀ ਵਾਰ ਧੂਰੀ ਤੋਂ ਵਿਧਾਇਕ ਚੁਣੇ ਜਾਣ ਤੋਂ ਬਾਅਦ ਉਨ੍ਹਾਂ ਨੇ ਲੋਕਸਭਾ ਸੀਟ ਤੋਂ ਅਸਤੀਫਾ ਦੇ ਦਿੱਤਾ। ਕਿਆਸ ਲਗਾਏ ਜਾ ਰਹੇ ਹਨ ਕਿ ਉਨ੍ਹਾਂ ਦੀ ਭੈਣ ਮਨਪ੍ਰੀਤ ਕੌਰ ਇੱਥੋਂ ਲੋਕ ਸਭਾ ਚੋਣ ਲੜੇਗੀ।
ਸੁਨੀਲ ਜਾਖੜ ਦਾ ਪਰਿਵਾਰ 50 ਸਾਲ ਤੱਕ ਕਾਂਗਰਸ ਵਿੱਚ ਰਿਹਾ। ਉਹ ਪਿਤਾ ਬਲਰਾਮ ਜਾਖੜ ਤੋਂ ਬਾਅਦ ਪਾਰਟੀ ਵਿੱਚ ਰਹੇ। ਹੁਣ ਉਨ੍ਹਾਂ ਦੀ ਤੀਜੀ ਪੀੜ੍ਹੀ ਦੇ ਭਤੀਜੇ ਸੰਦੀਪ ਜਾਖੜ ਅਬੋਹਰ ਤੋਂ ਵਿਧਾਇਕ ਹਨ। ਕੈਪਟਨ ਅਮਰਿੰਦਰ ਸਿੰਘ ਨੂੰ ਹਟਾਉਣ ਤੋਂ ਬਾਅਦ ਉਨ੍ਹਾਂ ਨੂੰ ਹਿੰਦੂ ਹੋਣ ਕਾਰਨ ਮੁੱਖ ਮੰਤਰੀ ਨਹੀਂ ਬਣਾਇਆ ਗਿਆ। ਇਸ ਤੋਂ ਬਾਅਦ ਉਹ ਸਰਗਰਮ ਰਾਜਨੀਤੀ ਤੋਂ ਦੂਰ ਹੋ ਗਏ। ਚੋਣ ਹਾਰ ਤੋਂ ਬਾਅਦ ਕਾਂਗਰਸ ਨੇ ਉਨ੍ਹਾਂ ਨੂੰ ਅਨੁਸ਼ਾਸਨਹੀਣਤਾ ਦਾ ਨੋਟਿਸ ਭੇਜਿਆ, ਜਿਸ ਤੋਂ ਨਾਰਾਜ਼ ਜਾਖੜ ਨੇ ਕਾਂਗਰਸ ਛੱਡ ਦਿੱਤੀ।