ਵਾਤਾਵਰਨ ਨੂੰ ਬਚਾਉਣ ਲਈ ਵਧੇਰੇ ਰੁੱਖ ਲਗਾਉਣਾ ਸਮੇਂ ਦੀ ਲੋੜ - ਸਮਾਜਸੇਵੀ ਤਜਿੰਦਰ ਧੰਜੂ/ ਜਸਪਾਲ ਧੰਜੂ/ ਕੁਲਦੀਪ ਸ਼ਾਹ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 21 ਮਈ 2022 - ਪੰਜਾਬ ਦਾ ਵਾਤਾਵਰਨ ਤੇਜ਼ੀ ਨਾਲ ਪ੍ਰਦੂਸ਼ਿਤ ਹੋ ਰਿਹਾ ਹੈ। ਇਸ ਦੇ ਬਹੁਤ ਸਾਰੇ ਕਾਰਨ ਹਨ ਪਰ ਮੁੱਖ ਕਾਰਨ ਪੰਜਾਬ ਵਿਚ ਘਟ ਰਹੀ ਰੁੱਖਾਂ ਦੀ ਗਿਣਤੀ ਹੈ। ਪੰਜਾਬ ਅਤੇ ਪੰਜਾਬੀਆਂ ਨੂੰ ਆਪਣੇ ਰੁੱਖਾਂ ਉਤੇ ਮਾਣ ਸੀ। ਰੁੱਖ ਤਾਂ ਉਥੇ ਹੀ ਹੁੰਦੇ ਹਨ ਜਿਥੇ ਪਾਣੀ ਹੋਵੇ, ਤੇ ਪੰਜਾਬ ਨੂੰ ਤਾਂ ਪਾਣੀਆਂ ਦਾ ਸੂਬਾ ਆਖਿਆ ਜਾਂਦਾ ਹੈ।
ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸਮਾਜਸੇਵੀ ਤਜਿੰਦਰ ਧੰਜੂ ਅਤੇ ਐਡਵੋਕੇਟ ਜਸਪਾਲ ਸਿੰਘ ਧੰਜੂ ਸਾਬਕਾ ਚੇਅਰਮੈਨ ਨੇ ਕੀਤਾ। ਉਹਨਾਂ ਕਿਹਾ ਕਿ ਸਾਡੇ ਵਾਤਾਵਰਨ ਵਿੱਚ ਲਗਤਾਰ ਵੱਧਦਾ ਪ੍ਰਦੂਸ਼ਣ ਗੰਭੀਰ ਚਿੰਤਾ ਦਾ ਵਿਸ਼ਾ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਹਰ ਇਕ ਮਨੁੱਖ ਨੂੰ ਆਪਣੇ ਜੀਵਨ ਵਿੱਚ ਵੱਧ ਤੋਂ ਵੱਧ ਪੌਦੇ ਲਗਾਉਣੇ ਚਾਹੀਦੇ ਹਨ ਤੇ ਸਾਂਭ ਸੰਭਾਲ ਕਰਨੀ ਚਾਹੀਦੀ ਹੈ ਤਾਂ ਜੋ ਵਾਤਾਵਰਣ ਹਰਿਆ-ਭਰਿਆ ਰਹੇ।ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਵਾਤਾਵਰਣ ਨੂੰ ਪ੍ਰਦੂਸ਼ਿਤ ਹੋਣ ਤੋਂ ਬਚਾਉਣ ਲਈ ਰੁੱਖਾਂ ਦਾ ਹੋਣਾਂ ਜ਼ਰੂਰੀ ਹੈ।
ਇਸ ਮੌਕੇ ਕੁਲਦੀਪ ਸਿੰਘ ਸ਼ਾਹ, ਕਮਲਦੀਪ ਸਿੰਘ, ਮੁਖਤਿਆਰ ਸਿੰਘ ਢੋਟ ਨੇ ਕਿਹਾ ਕਿ ਪਿਛਲੇ ਸਮੇਂ ਵਿਚ ਰੁੱਖਾਂ ਦੀ ਅੰਨੇਵਾਹ ਹੋਈ ਕਟਾਈ ਕਾਰਨ ਸਾਨੂੰ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਨਾਲ ਜੂਝਣਾ ਪੈ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਰੁੱਖ ਜੋ ਕਿ ਸਾਨੂੰ ਆਕਸੀਜ਼ਨ ਪ੍ਰਦਾਨ ਕਰਦੇ ਹਨ। ਰੁੱਖਾਂ ਤੋਂ ਬਿਨ੍ਹਾਂ ਮਨੁੱਖ ਦੀ ਜਿੰਦਗੀ ਅਧੂਰੀ ਹੈ। ਉਨ੍ਹਾਂ ਕਿਹਾ ਕਿ ਹਰੇਕ ਇਨਸਾਨ ਦਾ ਫਰਜ਼ ਬਣਦਾ ਹੈ ਕਿ ਵਾਤਾਵਰਣ ਨੂੰ ਬਚਾਉਣ ਲਈ ਵੱਧ ਤੋਂ ਵੱਧ ਰੁੱਖ ਲਗਾ ਕੇ ਉਨ੍ਹਾਂ ਦੀ ਸਾਂਭ ਸੰਭਾਲ ਨੂੰ ਵੀ ਯਕੀਨੀ ਬਣਾਇਆ ਜਾਵੇ।
ਇਸ ਮੌਕੇ ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅਸੀਂ ਕਿੰਨੇ ਕਰਮਾਂ ਵਾਲੇ ਹਾ ਸਾਡੀ ਸੁਲਤਾਨਪੁਰ ਲੋਧੀ ਦੀ ਧਰਤੀ ਉਹ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਚਰਨ ਪਾਏ ਹਨ ਅਤੇ ਕਰੀਬ 13 ਸਾਲ 9 ਮਹੀਨੇ ਇਸੇ ਧਰਤੀ ਤੇ ਰਹੇ। ਉਹਨਾਂ ਕਿਹਾ ਕਿ ਸਿੱਖ ਧਰਮ ਨੇ ਤਾਂ ਰੁੱਖਾਂ ਨੂੰ ਸਾਹਿਬੀ ਬਖਸ਼ੀ ਹੈ। ਬਹੁਤ ਸਾਰੇ ਗੁਰੂ ਘਰ ਰੁੱਖਾਂ ਦੇ ਨਾਮ ਉਤੇ ਹਨ ਜਿਵੇਂ ਜੰਡ ਸਾਹਿਬ, ਟਾਹਲੀ ਸਾਹਿਬ, ਰੀਠਾ ਸਾਹਿਬ ਆਦਿ। ਸਾਰੇ ਗੁਰੂ ਸਾਹਿਬਾਨ ਦਾ ਰੁੱਖਾਂ ਨਾਲ ਅਥਾਹ ਪਿਆਰ ਸੀ। ਇਹ ਆਖਿਆ ਜਾਂਦਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਆਪਣੀਆਂ ਉਦਾਸੀਆਂ ਸਮੇਂ ਬਸਤੀ ਦੇ ਬਾਹਰ ਕਿਸੇ ਰੁੱਖ ਹੇਠ ਹੀ ਡੇਰਾ ਲਗਾਉਂਦੇ ਸਨ ਤੇ ਭਾਈ ਮਰਦਾਨੇ ਦੀ ਰਬਾਬ ਉਤੇ ਬਾਣੀ ਦਾ ਉਚਾਰਨ ਕਰਦੇ ਸਨ।
ਉਹਨਾਂ ਕਿਹਾ ਕਿ ਅਸੀਂ ਪਹਿਲਾਂ ਵੀ ਕਈ ਸੁਸਾਇਟੀਆ ਨਾਲ ਮਿਲਕੇ ਅਸੀਂ ਪਹਿਲਾਂ ਵੀ ਬਹੁਤ ਸਾਰੇ ਰੁੱਖ ਲਗਾਉਣ ਲਈ ਲੋਕਾਂ ਨੂੰ ਪਿੰਡਾਂ ਵਿਚ ਜਾਂ ਕੇ ਪ੍ਰੇਰਿਤ ਕੀਤਾ ਗਿਆ ਹੈ ਅਤੇ ਹੁਣ ਅੱਗੇ ਤੋਂ ਹੋਰ ਵਧੀਆ ਤਰੀਕੇ ਨਾਲ ਅੱਲਗ ਅੱਲਗ ਜਗਾਂ ਤੇ ਜਾ ਕੇ ਵਿਸ਼ੇਸ਼ ਸੈਮੀਨਾਰ ਕਰਵਾਏ ਜਾਣਗੇ ਜਿਸ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਕੁਲਦੀਪ ਸਿੰਘ ਸਾਹ, ਮੁਖਤਿਆਰ ਸਿੰਘ ਢੋਟ, ਕਮਲਦੀਪ ਸਿੰਘ ਆਦਿ ਹਾਜ਼ਰ ਸਨ।