ਕੁਦਰਤੀ ਆਫ਼ਤਾ ਨਾਲ ਨਜਿੱਠਣ ਲਈ ਐੱਨ.ਡੀ.ਆਰ.ਐੱਫ਼ ਨੇ ਕੀਤਾ ਜਾਗਰੂਕ
ਪਰਵਿੰਦਰ ਸਿੰਘ ਕੰਧਾਰੀ
ਫ਼ਰੀਦਕੋਟ, 21 ਮਈ 2022 - ਕੁਦਰਤੀ ਆਫ਼ਤਾਂ ਨਾਲ ਨਜਿੱਠਣ ਵਾਸਤੇ ਐੱਨ.ਡੀ.ਆਰ.ਐੱਫ਼.ਨੇ ਸਮਾਜ ਸੇਵੀ ਸੰਸਥਾਵਾਂ ਨੂੰ ਜੁੜਵੀਆਂ ਨਹਿਰਾਂ ਤਲਵੰਡੀ ਰੋਡ ਪੁੱਲ ਫ਼ਰੀਦਕੋਟ ਵਿਖੇ ਜਾਗਰੂਕ ਕਰਨ ਲਈ ਪ੍ਰਦਰਸ਼ਨੀ ਲਗਾਈ ਅਤੇ ਵੱਖ-ਵੱਖ ਗਤੀਵਿਧੀਆਂ ਮੌਕੇ ਤੇ ਕਰ ਵਿਖਾਈਆਂ | ਇਸ ਜਾਗਰੂਕ ਪਹੁੰਚ 'ਚ ਭਾਗ ਲੈਣ ਲਈ ਕਿ੍ਸ਼ਨਾਂਵੰਤੀ ਸੇਵਾ ਸੁਸਾਇਟੀ ਫ਼ਰੀਦਕੋਟ ਦੇ ਪ੍ਰਧਾਨ ਪਿ੍ੰਸੀਪਲ ਸੁਰੇਸ਼ ਅਰੋੜਾ ਤੇ ਮੈਂਬਰਾਂ ਨੇ ਭਾਗ ਲਿਆ | ਸ਼੍ਰੀ ਅਰੋੜਾ ਨੇ ਦੱਸਿਆ ਇਸ ਦੌਰਾਨ ਐੱਨ.ਡੀ.ਆਰ.ਐੱਫ਼ ਦੇ ਅਧਿਕਾਰੀਆਂ-ਕਰਮਚਾਰੀਆਂ ਵੱਲੋਂ ਕੁਦਰਤੀ ਆਫ਼ਤਾਂ ਤੋਂ ਬਚਾਅ ਵਾਸਤੇ ਵੱਖ-ਵੱਖ ਕਿ੍ਆਵਾਂ ਕਰਕੇ ਵਿਖਾਈਆਂ ਗਈਆਂ |
ਜਿਵੇਂ ਕਿ ਅਚਾਨਕ ਅੱਗ ਲੱਗਣ ਤੇ ਅੱਗ ਤੇ ਕਿਸ ਤਰ੍ਹਾਂ ਕਾਬੂ ਪਾਉਣਾ ਹੈ ਅਤੇ ਇਹ ਕਿਸ ਦੀ ਡਿਊਟੀ ਹੈ, ਹੜਾਂ ਦੀ ਸਥਿਤੀ 'ਚ ਪਾਣੀ 'ਚੋਂ ਲੋਕਾਂ ਨੂੰ ਕਿਸ ਤਰਾਂ ਬਚਾ ਕੇ ਬਾਹਰ ਕੱਢਣਾ ਹੈ | ਮੋਟਰ ਬੋਟ ਰਾਹੀਂ ਨਹਿਰ 'ਚ ਗਤੀਵਿਧੀ ਕਰਕੇ ਵਿਖਾਈ ਕਿ ਲੋਕਾਂ ਨੂੰ ਮੁੱਢਲੀ ਸਹਾਇਤਾ ਕਿਸ ਤਰਾਂ ਦੇਣੀ ਹੈ | ਸ਼੍ਰੀ ਅਰੋੜਾ ਨੇ ਕਿਹਾ ਇਸ ਦਾ ਸਮਾਜ ਸੇਵੀ ਸੰਸਥਾਵਾਂ ਨੂੰ ਬਹੁਤ ਵੱਡਾ ਲਾਭ ਹੋਵੇਗਾ | ਹੁਣ ਸਮਾਜ ਸੇਵੀ ਬੇਖੌਫ਼ ਹੋ ਕੇ ਕੁਦਰਤੀ ਆਫ਼ਤਾਂ ਸਮੇਂ ਪ੍ਰਭਾਵਿਤ ਵਿਅਕਤੀਆਂ ਦੀ ਸਹਾਇਤਾ ਕਰਨ ਸਕਣਗੇ |
ਅਰੋੜਾ ਨੇ ਦੱਸਿਆ ਕਿ ਇਸ ਮੌਕੇ ਐੱਨ.ਡੀ.ਆਰ.ਐੱਫ਼ ਵੱਲੋਂ ਕੁਦਰਤੀ ਆਫ਼ਤਾਂ ਮੌਕੇ ਵਰਤੇ ਜਾਂਦੇ ਟੂਨ ਤੋਂ ਵੀ ਲੋਕਾਂ ਨੂੰ ਜਾਣੂ ਕਰਵਾਇਆ ਗਿਆ ਕਿ ਕਿਸ ਤਰਾਂ ਇਮਾਰਤਾਂ 'ਚ ਫ਼ਸੇ ਲੋਕਾਂ ਨੂੰ ਕਟਰ ਨਾਲ ਇਮਾਰਤਾਂ ਤੋੜ ਕੇ ਸੁਰੱਖਿਅਤ ਕੱਢਿਆ ਜਾਂਦਾ ਹੈ | ਭਾਰੀ ਤੋਂ ਭਾਰੀ ਚੀਜ਼ ਨੂੰ ਕਿਸ ਤਰਾਂ ਹਵਾ ਪੈਡ ਨਾਲ ਸੁਰੱਖਿਅਤ ਕੱਢਿਆ ਜਾ ਸਕਦਾ ਹੈ | ਸ਼੍ਰੀ ਅਰੋੜਾ ਨੇ ਕਿਹਾ ਕੁਦਰਤੀ ਆਫ਼ਤਾਂ ਸਮੇਂ ਐੱਨ.ਡੀ.ਆਰ.ਐੱਫ਼ ਆਪਣੀ ਮਹੱਤਵਪੂਰਨ ਭੂਮਿਕਾ ਅਦਾ ਕਰਦੀ ਹੈ ਅਤੇ ਜਾਨ-ਮਾਲ ਦੀ ਸੁਰੱਖਿਆ ਕਰਦੀ ਹੈ | ਇਸ ਮੌਕੇ ਕੈੱਪਟਨ ਧਰਮ ਸਿੰਘ ਗਿੱਲ, ਰਵਿੰਦਰ ਸਿੰਘ ਬੁਗਰਾ, ਦਵਿੰਦਰ ਸਿੰਘ ਪੰਜਾਬ ਮੋਟਰਜ਼, ਪ੍ਰਵੀਨ ਕਾਲਾ ਚੇਅਰਮੈੱਨ ਸਹਾਰਾ ਸੇਵਾ ਸੁਸਾਇਟੀ, ਖੁਸ਼ਵਿੰਦਰ ਸਿੰਘ ਪੰਚਾਇਤ ਸਕੱਤਰ, ਸੈਲਫ਼ ਹੈੱਲਪ ਡਿਫ਼ੈਂਸ ਕੋਟਕਪੂਰਾ ਦੇ ਮੈਂਬਰ ਹਾਜ਼ਰ ਸਨ |