ਪਟਿਆਲਾ : ਪਸ਼ੂਆਂ 'ਚ ਗਲ ਘੋਟੂ ਬਿਮਾਰੀ ਦੀ ਰੋਕਥਾਮ ਲਈ ਟੀਕਾਕਰਨ ਦੀ ਹੋਈ ਸ਼ੁਰੂਆਤ
ਜੀ ਐਸ ਪੰਨੂ
ਪਟਿਆਲਾ, 21 ਮਈ,2022 - ਪਸ਼ੂ ਪਾਲਣ ਵਿਭਾਗ ਪਟਿਆਲਾ ਨੇ ਹੈਮੋਰੇਜਿਕ ਸੈਪਟੀਸੀਮੀਆ ਬਿਮਾਰੀ (ਗੱਲ ਘੋਟੂ) ਦੀ ਰੋਕਥਾਮ ਲਈ ਟੀਕਾਕਰਨ ਮੁਹਿੰਮ ਦੀ ਸ਼ੁਰੂਆਤ ਕੀਤੀ ਹੈ ।ਪਸ਼ੂ ਪਾਲਣ ਵਿਭਾਗ ਪਟਿਆਲਾ ਦੇ ਡਿਪਟੀ ਡਾਇਰੈਕਟਰ ਡਾ: ਗੁਰਚਰਨ ਸਿੰਘ ਦੀ ਅਗਵਾਈ ਹੇਠ ਇਹ ਟੀਕਾਕਰਨ ਮੁਹਿੰਮ ਮਾਨਸੂਨ ਦੌਰਾਨ ਦੁਧਾਰੂ ਪਸ਼ੂਆਂ ਨੂੰ ਹੋਣ ਵਾਲੀ ਬਹੁਤ ਘਾਤਕ ਬਿਮਾਰੀ ਗੱਲ ਘੋਟੂ ਤੋਂ ਬਚਾਅ ਲਈ ਇਹ ਮੁਹਿੰਮ ਅਰੰਭੀ ਗਈ ਹੈ। ਵਿਭਾਗ ਦੇ ਅਧਿਕਾਰੀਆਂ ਮੁਤਾਬਿਕ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਗੱਲ ਘੋਟੂ ਬਿਮਾਰੀ ਤੋਂ ਦੁਧਾਰੂ ਪਸ਼ੂਆਂ ਨੂੰ ਬਚਾਉਣ ਲਈ ਟੀਕਾਕਰਨ ਮੁਕੰਮਲ ਕਰਨ ਦੇ ਟੀਚੇ ਨੂੰ ਲੈ ਕੇ ਸੀਨੀਅਰ ਵੈਟਰਨਰੀ ਅਫ਼ਸਰ ਡਾ: ਸੋਨਿੰਦਰ ਕੌਰ ਦੀ ਦੇਖ-ਰੇਖ ਹੇਠ ਟੀਕਾਕਰਨ ਮੁਹਿੰਮ ਜੰਗੀ ਪੱਧਰ 'ਤੇ ਸ਼ੁਰੂ ਕੀਤੀ ਗਈ ਹੈ।ਇਸ ਟੀਕਾਕਰਨ ਮੁਹਿੰਮ ਦੌਰਾਨ ਵੱਖ-ਵੱਖ ਥਾਵਾਂ 'ਤੇ ਟੀਕਾਕਰਨ ਕੀਤਾ ਗਿਆ।