ਪੰਜਾਬੀ ਪ੍ਰਮੋਸ਼ਨ ਕੌਂਸਲ ਵੱਲੋਂ ਪੰਜਾਬੀਅਤ ਸੇਵਾ ਸਨਮਾਨ ਸਮਾਗਮ
ਨਵੀਂ ਦਿੱਲੀ, 21 ਮਈ 2022 - ਪੰਜਾਬੀ ਪ੍ਰਮੋਸ਼ਨ ਕੌਂਸਲ ਪੰਜਾਬੀਅਤ ਦੀ ਸੇਵਾ ’ਚ ਲੱਗੇ ਪੱਤਰਕਾਰਾਂ, ਪੰਜਾਬੀ ਭਾਸ਼ਾ ਵਿਚ 90 ਫ਼ੀਸਦੀ ਤੋਂ ਵੱਧ ਨੰਬਰ ਲਿਆਉਣ ਵਾਲੇ 10ਵੀਂ ਅਤੇ 11ਵੀਂ ਜਮਾਤ ਦੇ ਸਕੂਲੀ ਬੱਚਿਆਂ ਤੋਂ ਇਲਾਵਾ ਕੋਰੋਨਾ ਕਾਲ ਦੌਰਾਨ ਮਨੁੱਖਤਾ ਦੀ ਦਿਨ ਰਾਤ ਸੇਵਾ ਕਰਨ ਵਾਲੇ ਡਾਕਟਰਾਂ ਨੂੰ ਵੀ ਸਨਮਾਨਿਤ ਕਰੇਗੀ।
ਪ੍ਰਮੋਸ਼ਨ ਕੌਂਸਲ ਦੇ ਪ੍ਰਧਾਨ ਜਸਵੰਤ ਸਿੰਘ ਬੋਬੀ ਵੱਲੋਂ ਜਾਣਕਾਰੀ ਦਿੰਦੇ ਹੋਏ ਦੱਸਿਆ ਗਿਆ ਕਿ ਸੰਸਥਾ ਪਿੱਛਲੇ ਕਈ ਸਾਲਾਂ ਤੋਂ ਮਾਂ ਬੋਲੀ ਦੀ ਸੇਵਾ ’ਚ ਲੱਗੇ ਪੱਤਰਕਾਰਾਂ ਨੂੰ ਸਨਮਾਨਤ ਕਰਦੀ ਆ ਰਹੀ ਹੈ ਪਰ ਕੋਰੋਨਾ ਮਹਾਮਾਰੀ ਕਾਰਣ ਪਿੱਛਲੇ 2 ਵਰ੍ਹਿਆਂ ਤੋਂ ਸਨਮਾਨ ਸਮਾਗਮ ਨਹੀਂ ਹੋ ਸਕਿਆ। ਇਸ ਦੇ ਚੱਲਦੇ ਸੰਸਥਾ ਦੇ ਚੇਅਰਮੈਨ ਐਮ.ਪੀ.ਸਿੰਘ, ਸਲਾਹਕਾਰ ਡੀ.ਪੀ ਸਿੰਘ ਪੱਪੂ, ਸੁਦੀਪ ਸਿੰਘ ਆਦਿ ਨਾਲ ਮਿਲ ਕੇ ਇਹ ਫ਼ੈਸਲਾ ਲਿਆ ਗਿਆ ਹੈ ਕਿ ਅਗਲੇ ਮਹੀਨੇ ਸਨਮਾਨ ਸਮਾਗਮ ਕਰਵਾਇਆ ਜਾਵੇਗਾ ਜਿਸ ਵਿਚ ਪੰਜਾਬੀ ਭਾਸ਼ਾ ਦੀ ਸੇਵਾ ’ਚ ਲੱਗੇ ਪੰਜਾਬੀ, ਹਿੰਦੀ ਤੇ ਉਰਦੂ ਮੀਡੀਆ ਨਾਲ ਜੁੜੇ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਆ ਦੇ ਪੱਤਰਕਾਰ, ਲੇਖਕ, ਕੈਮਰਾਮੈਨ ਨੂੰ ਅਵਾਰਡ ਦੇ ਕੇ ਸਨਮਾਨਿਤ ਕੀਤਾ ਜਾਵੇਗਾ।
ਇਸ ਤੋਂ ਇਲਾਵਾ 10ਵੀਂ ਅਤੇ 11 ਵੀਂ ਜਮਾਤ ਦੇ ਪੰਜਾਬੀ ਭਾਸ਼ਾ ਵਿਚ 90 ਫ਼ੀਸਦੀ ਤੋਂ ਵੱਧ ਨੰਬਰ ਲਿਆਉਣ ਵਾਲੇ ਸਕੂਲੀ ਬੱਚਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ ਜਿਸ ਨਾਲ ਬੱਚਿਆਂ ਦੀ ਹੌਂਸਲਾ ਅਫ਼ਜ਼ਾਈ ਹੋਵੇਗੀ ਅਤੇ ਇਹ ਨਵੀਂ ਪੀੜ੍ਹੀ ਹੋਰ ਵੱਧ-ਚੜ੍ਹ ਕੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਪ੍ਰਸਾਰ ਵਿਚ ਮੁੱਖ ਭੂਮਿਕਾ ਅਦਾ ਕਰੇਗੀ। ਸ. ਜਸਵੰਤ ਸਿੰਘ ਬੋਬੀ ਨੇ ਕਿਹਾ ਕਿ ਕੋਰੋਨਾ ਮਹਾਮਾਰੀ ਕਾਰਣ ਡਾਕਟਰਾਂ ਦੀ ਭੂਮਿਕਾ ਬਹੁਤ ਹੀ ਸ਼ਲਾਘਾਯੋਗ ਰਹੀ ਜਿਨ੍ਹਾਂ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦੇ ਹੋਏ ਮਨੁੱਖਤਾ ਦੀ ਦਿਨ ਰਾਤ ਸੇਵਾ ਕੀਤੀ ਇਸ ਲਈ ਡਾਕਟਰਾਂ ਨੂੰ ਵੀ ਸਨਮਾਨਿਤ ਕੀਤਾ ਜਾਵੇਗਾ।
ਸ. ਜਸਵੰਤ ਸਿੰਘ ਬੋਬੀ ਨੇ ਦੱਸਿਆ ਕਿ ਸੰਸਥਾ ਵੱਲੋਂ ਇੱਕ ਕਮੇਟੀ ਬਣਾਈ ਜਾਵੇਗੀ ਅਤੇ ਜਿਹੜੇ ਲੋਕ ਆਪਣਾ ਡਾਟਾ ਸਾਨੂੰ ਭੇਜਣਗੇ ਉਨ੍ਹਾਂ ਵਿਚੋਂ ਅਵਾਰਡ ਲਈ 4 ਪੱਤਰਕਾਰਾਂ ਦੇ ਨਾਲ 11 ਸਕੂਲੀ ਬੱਚੇ ਅਤੇ ਇੱਕ ਡਾਕਟਰ ਦੀ ਚੋਣ ਇਸ ਕਮੇਟੀ ਵੱਲੋਂ ਕੀਤੀ ਜਾਵੇਗੀ।
ਜ਼ਿਕਰਯੋਗ ਹੈ ਕਿ ਤਿਹਾੜ ਜੇਲ੍ਹ ’ਚ ਬੰਦ ਕੈਦੀਆਂ ਨੂੰ ਪੰਜਾਬੀ ਸਿਖਲਾਈ ਦੇ ਨਾਲ ਕੰਪਿਊਟਰ ਦੀ ਸਿਖਲਾਈ ਵੀ ਸੰਸਥਾ ਵੱਲੋਂ ਦਿੱਤੀ ਜਾਂਦੀ ਹੈ ਇਸ ਤੋਂ ਇਲਾਵਾ ਗੁਰਪੁਰਬ, ਰਾਮਨਵਮੀ, ਵਸਾਖੀ, ਇਫ਼ਤਾਰ ਆਦਿ ਤਿਉਹਾਰ ਵੀ ਕੈਦੀਆਂ ਨਾਲ ਮਨਾਏ ਜਾਂਦੇ ਹਨ।