ਸ਼ਿਵ ਸੈਨਾ ਆਗੂ ਫਿਰ ਵਿਵਾਦਾਂ 'ਚ ਘਿਰਿਆ, ਦਲਿਤ ਸਮਾਜ ਵੱਲੋਂ ਐਸਐਸਪੀ ਕੋਲ ਸ਼ਿਕਾਇਤ ਦਰਜ
ਰਵਿੰਦਰ ਸਿੰਘ ਢਿੱਲੋਂ
ਖੰਨਾ, 22 ਮਈ 2022
ਪੰਜਾਬ ਵਿੱਚ ਅਕਸਰ ਹੀ ਸ਼ਿਵ ਸੈਨਾ ਆਗੂ ਵਿਵਾਦਿਤ ਬਿਆਨਾਂ ਨੂੰ ਲੈ ਕੇ ਵਿਵਾਦਾਂ ਚ ਘਿਰੇ ਰਹਿੰਦੇ ਹਨ। ਇਹਨਾਂ ਬਿਆਨਾਂ ਦੇ ਨਾਲ ਸੂਬੇ ਦਾ ਮਾਹੌਲ ਵੀ ਖਰਾਬ ਹੁੰਦਾ ਰਹਿੰਦਾ ਹੈ। ਅਜਿਹਾ ਹੀ ਇੱਕ ਬਿਆਨ ਖੰਨਾ ਵਿਖੇ ਸ਼ਿਵ ਸੈਨਾ ਆਗੂ ਅਵਤਾਰ ਮੌਰੀਆ ਵੱਲੋਂ ਦਿੱਤਾ ਗਿਆ। ਜਿਸ ਵਿੱਚ ਮੌਰੀਆ ਨੇ ਦਲਿਤ ਸਮਾਜ ਨੂੰ ਵਿਵਾਦਿਤ ਸ਼ਬਦ ਬੋਲੇ ਅਤੇ ਇਸਦੀ ਵੀਡੀਓ ਵੀ ਸਾਮਣੇ ਆਈ। ਵੀਡਿਓ ਸਾਮਣੇ ਆਉਣ ਮਗਰੋਂ ਦਲਿਤ ਸਮਾਜ ਦੀਆਂ ਵੱਖ ਵੱਖ ਜਥੇਬੰਦੀਆਂ ਨੇ ਐਸਐਸਪੀ ਕੋਲ ਸ਼ਿਕਾਇਤ ਦਰਜ ਕਰਵਾ ਕੇ ਸ਼ਿਵ ਸੈਨਾ ਆਗੂ ਖਿਲਾਫ ਮੁਕੱਦਮਾ ਦਰਜ ਕਰਨ ਦੀ ਮੰਗ ਕੀਤੀ।
ਦੋ ਦਿਨ ਪਹਿਲਾਂ ਖੰਨਾ ਦੇ ਸ਼ਨੀਦੇਵ ਮੰਦਿਰ ਵਿਖੇ ਸਨਾਤਨ ਧਰਮ ਦੀ ਮੀਟਿੰਗ ਸੱਦੀ ਗਈ ਸੀ। ਜਿਸ ਵਿੱਚ ਸ਼ਿਵ ਸੈਨਾ ਆਗੂ ਅਵਤਾਰ ਮੌਰੀਆ ਨੇ ਆਪਣੇ ਸੰਬੋਧਨ ਦੌਰਾਨ ਦਲਿਤ ਸਮਾਜ ਲਈ ਵਿਵਾਦਿਤ ਸ਼ਬਦ ਬੋਲੇ ਜਦਕਿ ਅਜਿਹੇ ਸ਼ਬਦ ਬੋਲਣਾ ਕਾਨੂੰਨੀ ਅਪਰਾਧ ਹੈ। ਹੈਰਾਨੀ ਦੀ ਗੱਲ ਹੈ ਕਿ ਇਹ ਵਿਵਾਦਿਤ ਸ਼ਬਦ ਵੀ ਸਨਾਤਨ ਧਰਮ ਦੀ ਮੀਟਿੰਗ ਦੌਰਾਨ ਸ਼ਨੀਦੇਵ ਮੰਦਿਰ ਚ ਬੋਲੇ ਗਏ ਜਿੱਥੇ ਮੀਟਿੰਗ ਚ ਕਈ ਧਾਰਮਿਕ ਆਗੂ ਸ਼ਾਮਲ ਸਨ। ਕਿਸੇ ਨੇ ਵੀ ਮੌਰੀਆ ਨੂੰ ਰੋਕਣ ਦੀ ਕੋਸ਼ਿਸ਼ ਨਹੀਂ ਕੀਤੀ ਉਲਟਾ ਮੌਰੀਆ ਦੀ ਟਿੱਪਣੀ ਉਪਰ ਸਹਿਮਤੀ ਦਿੱਤੀ ਗਈ। ਦਲਿਤ ਸਮਾਜ ਆਗੂ ਬਲਰਾਮ ਬਾਲੂ ਅਤੇ ਗਰੀਬ ਦਾਸ ਨੇ ਕਿਹਾ ਕਿ ਉਹਨਾਂ ਨੇ ਪੁਲਸ ਕੋਲ ਸਿਕਾਇਤ ਦਿੱਤੀ ਹੈ । ਸ਼ਿਵ ਸੈਨਾ ਆਗੂ ਖਿਲਾਫ ਜੇਕਰ ਮੁਕੱਦਮਾ ਦਰਜ ਨਾ ਕੀਤਾ ਗਿਆ ਤਾਂ ਉਹ ਰੋਸ ਮੁਜਾਹਰੇ ਕਰਨਗੇ। ਇਹ ਮਾਮਲਾ ਐਸਸੀ ਕਮਿਸ਼ਨ ਚੇਅਰਮੈਨ ਵਿਜੈ ਸਾਂਪਲਾ ਦੇ ਧਿਆਨ ਚ ਵੀ ਲਿਆ ਦਿੱਤਾ ਗਿਆ ਹੈ।
ਉਥੇ ਹੀ ਖੰਨਾ ਦੇ ਐਸਪੀ (ਹੈਡਕੁਆਟਰ) ਦਿਗਵਿਜੈ ਕਪਿਲ ਨੇ ਇਸ ਮਾਮਲੇ ਉਪਰ ਘੁੰਮਾ ਫਿਰਾ ਕੇ ਜਵਾਬ ਦਿੰਦੇ ਹੋਏ ਕਿਹਾ ਕਿ ਹਾਲੇ ਐਸਐਸਪੀ ਵੱਲੋਂ ਉਹਨਾਂ ਕੋਲ ਸ਼ਿਕਾਇਤ ਨਹੀਂ ਭੇਜੀ ਗਈ। ਜਿਸ ਕਰਕੇ ਉਹ ਕੋਈ ਟਿੱਪਣੀ ਨਹੀਂ ਕਰ ਸਕਦੇ। ਜਿਵੇਂ ਹੀ ਸ਼ਿਕਾਇਤ ਆਵੇਗੀ ਤਾਂ ਉਹ ਬਣਦੀ ਕਾਰਵਾਈ ਕਰਨਗੇ।