ਗੌਰਮਿੰਟ ਟੀਚਰਜ਼ ਯੂਨੀਅਨ ਦੀ ਜਿਲਾ ਪੱਧਰੀ ਕਨਵੈਨਸ਼ਨ ਦੌਰਾਨ ਸੁਖਚੈਨ ਬਣੇ ਕਾਰਜਕਾਰੀ ਪ੍ਰਧਾਨ
ਨਵੀਂ ਸਿੱਖਿਆ ਨੀਤੀ ਜਨਤਕ ਸਿੱਖਿਆ ਨੂੰ ਤਬਾਹ ਕਰ ਦੇਵੇਗੀ:- ਸੁਖਵਿੰਦਰ ਸਿੰਘ ਚਾਹਲ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ, 22 ਮਈ 2022 ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੀ 16ਵੀਂ ਸੂਬਾਈ ਜਨਰਲ ਕੌਂਸਲ ਦੇ ਦੂਸਰੇ ਅਜਲਾਸ ਦੇ ਫੈਸਲਿਆਂ ਅਨੁਸਾਰ ਕਪੂਰਥਲਾ ਦੀ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਪ੍ਰੈਸ ਕਲੱਬ ਸੁਲਤਾਨਪੁਰ ਲੋਧੀ ਵਿਖੇ ਕੀਤੀ ਗਈ । ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਗੌਰਮਿੰਟ ਟੀਚਰਜ਼ ਯੂਨੀਅਨ ਪੰਜਾਬ ਦੇ ਸੂਬਾ ਪ੍ਰਧਾਨ ਸੁਖਵਿੰਦਰ ਸਿੰਘ ਚਾਹਲ ਨੇ ਨਵੀਂ ਸਿੱਖਿਆ ਨੀਤੀ ਬਾਰੇ ਬੋਲਦਿਆਂ ਕਿਹਾ ਕਿ ਇਸ ਦੇ ਲਾਗੂ ਹੋਣ ਨਾਲ ਪੰਜਾਬ ਤੇ ਭਾਰਤ ਦੀ ਜਨਤਕ ਸਿੱਖਿਆ ਤਬਾਹ ਹੋ ਜਾਵੇਗੀ ਕਿਉਂਕਿ ਨਵੀਂ ਸਿੱਖਿਆ ਨੀਤੀ ਤਹਿਤ ਵੱਡੇ ਕਾਰਪੋਰੇਟਰਾਂ ਨੂੰ ਸਿੱਖਿਆ ਵਿੱਚ ਲੁੱਟ ਕਰਨ ਦੀ ਖੁੱਲੵ ਦਿੱਤੀ ਜਾ ਰਹੀ ਹੈ। ਇਸ ਮੌਕੇ ਉਹਨਾਂ ਨੇ ਕਿਹਾ ਕਿ ਭਾਰਤ ਸਰਕਾਰ ਵਲੋਂ ਇਸ ਨੀਤੀ ਦੇ ਤਹਿਤ ਹੀ ਆਨਲਾਈਨ ਸਿੱਖਿਆ ਨੂੰ ਵਧਾਵਾ ਦਿੱਤਾ ਜਾ ਰਿਹਾ ਹੈ ਤੇ ਨਵੇ ਟੀ ਵੀ ਚੈਨਲ ਤੇ ਡਿਜੀਟਲ ਯੂਨੀਵਰਸਿਟੀਆਂ ਖੋਹਲੀਆਂ ਜਾ ਰਹੀਆਂ ਹਨ। ਇਸ ਸਿੱਖਿਆ ਨੀਤੀ ਵਿਰੁੱਧ ਲੜਾਈ ਲੜਨ ਲਈ ਅਧਿਆਪਕਾਂ ਨੂੰ ਜਥੇਬੰਧਕ ਤੌਰ ਤੇ ਮਜਬੂਤ ਹੋਣ ਦੀ ਲੋੜ ਹੈ।
ਇਸ ਸਮੇਂ ਗੌਰਮਿੰਟ ਟੀਚਰਜ ਯੂਨੀਅਨ ਦੇ ਸੂਬਾਈ ਆਗੂ ਕਰਨੈਲ ਫਿਲੌਰ, ਰਜਿੰਦਰ ਸਿੰਘ ਰਾਜਨ, ਬਲਜੀਤ ਸਿੰਘ ਕੁਲਾਰ, ਅਮਰਜੀਤ ਸਿੰਘ ਤੇ ਪਸਸਫ ਦੇ ਸੂਬਾਈ ਜਨਰਲ ਸਕੱਤਰ ਤੀਰਥ ਸਿੰਘ ਬਾਸੀ ਨੇ ਵੀ ਸੰਬੋਧਨ ਕੀਤਾ। ਇਸ ਸਮੇਂ ਸੁਖਚੈਨ ਸਿੰਘ ਨੂੰ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਕਪੂਰਥਲਾ ਦਾ ਕਾਰਜਕਾਰੀ ਪ੍ਧਾਨ ਨਿਯੁਕਤ ਕੀਤਾ ਗਿਆ ਤੇ ਸੁਰਿੰਦਰ ਔਜਲਾ ਨੂੰ ਸਰਪ੍ਰਸਤ ਬਣਾਇਆ ਗਿਆ।ਸੀਨੀਅਰ ਮੀਤ ਪ੍ਰਧਾਨ ਦੀ ਜ਼ਿੰਮੇਵਾਰੀ ਰਜੇਸ਼ ਮਹਿੰਗੀ ਨੂੰ ਸੌਪੀ ਗਈ ।ਇਸ ਮੌਕੇ ਜਿਲਾ ਕਪੂਰਥਲਾ ਵਿੱਚ ਗੌਰਮਿੰਟ ਟੀਚਰਜ਼ ਯੂਨੀਅਨ ਜਿਲਾ ਕਪੂਰਥਲਾ ਦਾ ਜਥੇਬੰਧਕ ਢਾਚਾ ਉਸਾਰਨ ਲਈ ਸੁਖਚੈਨ ਸਿੰਘ ਨੂੰ ਜ਼ਿੰਮੇਵਾਰੀ ਦਿਤੀ ਗਈ। ਇਸ ਸਮੇਂ ਕਨਵੈਨਸ਼ਨ ਦੌਰਾਨ ਤਨਖਾਹ ਕਮਿਸ਼ਨ ਵੱਲੋਂ ਮੁਲਾਜ਼ਮਾਂ ਦੇ ਤਨਖਾਹ ਸਕੇਲ ਕੇਂਦਰੀ ਸਕੇਲ ਨਾਲ ਜੋੜਨ ਦੀ ਨਿਖੇਧੀ ਕੀਤੀ ਗਈ ਅਤੇ ਤਰੁੰਤ ਰੱਦ ਕਰਨ ਦੀ ਮੰਗ ਕੀਤੀ ਗਈ। ਅਜਲਾਸ ਵਿੱਚ ਸੰਘਰਸ਼ਸ਼ੀਲ ਕੱਚੇ ਅਧਿਆਪਕਾਂ, ਦਫਤਰੀ ਕਰਮਚਾਰੀਆਂ, ਐੱਨ ਐੱਸ ਕਿਊ ਐਫ ਅਧਿਆਪਕਾਂ ਸਮੇਤ ਮੁਲਾਜ਼ਮਾਂ, ਰਮਸਾ ਲੈਬ ਅਸਿਸਟੈੰਟ ਨਾਲ ਇੱਕਮੁੱਠਤਾ ਪ੍ਰਗਟ ਕਰਦਿਆਂ ਉਨ੍ਹਾਂ ਦੇ ਹੱਕੀ ਸੰਘਰਸ਼ ਦੇ ਪੂਰਨ ਸਮਰਥਨ ਦਾ ਐਲਾਨ ਕੀਤਾ।
ਇਸ ਸਮੇਂ ਜਨਰਲ ਅਜਲਾਸ ਵਿੱਚ ਮੰਗ ਕੀਤੀ ਕਿ ਹਰ ਤਰ੍ਹਾਂ ਦੇ ਕੱਚੇ ਅਧਿਆਪਕ ਪੱਕੇ ਕੀਤੇ ਜਾਣ, ਕੰਪਿਊਟਰ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਮਰਜ ਕੀਤਾ ਜਾਵੇ, ਖਾਲੀ ਅਸਾਮੀਆਂ ਨੂੰ ਰੈਗੂਲਰ ਤੌਰ ਤੇ ਭਰਿਆ ਜਾਵੇ, ਰਹਿੰਦੀ ਭਰਤੀ ਨੂੰ ਮੁਕੰਮਲ ਕੀਤਾ ਜਾਵੇ, ਬੱਚਿਆਂ ਦੀਆਂ ਕਿਤਾਬਾਂ ਸਕੂਲ ਵਿੱਚ ਤਰੁੰਤ ਭੇਜੀਆਂ ਜਾਣ, ਕੀਤੀਆਂ ਬਦਲੀਆਂ ਤਰੁੰਤ ਲਾਗੂ ਕੀਤੀਆਂ ਜਾਣ, ਆਨਲਾਈਨ ਬਦਲੀ ਨੀਤੀ ਨੂੰ ਲੋੜੀਦੀਆਂ ਸੋਧਾਂ ਕਰਕੇ ਲਾਗੂ ਕੀਤਾ ਜਾਵੇ, ਸਕੂਲ ਤੋਂ ਬਾਹਰ ਪਰੋਜੈਕਟਾਂ ਵਿੱਚ ਲੱਗੇ ਅਧਿਆਪਕਾਂ ਨੂੰ ਤਰੁੰਤ ਸਕੂਲਾਂ ਵਿੱਚ ਭੇਜਿਆ ਜਾਵੇ।ਇਸ ਮੌਕੇ ਕਰਨੈਲ ਸਿੰਘ ਬੂਲਪੁਰ, ਸੁਖਦੇਵ ਸਿੰਘ ਸੈਦਪੁਰ, ਕੰਵਰਦੀਪ ਸਿੰਘ,ਰਾਮ ਸਿੰਘ, ਮਾਸਟਰ ਜੁਗਿੰਦਰ ਸਿੰਘ, ਮਾਸਟਰ ਸੁੱਚਾ ਸਿੰਘ, ਕੁਲਦੀਪ ਠਾਕੁਰ,ਅਜੇ ਸਰਮਾ,ਮਾਸਟਰ ਸੁੱਚਾ ਸਿੰਘ, ਮਾਸਟਰ ਗੁਰਚਰਨ ਦਾਸ, ਦਲਬੀਰ ਸਿੰਘ ਠੱਟਾ,ਮਨੋਜ ਕੁਮਾਰ, ਪ੍ਰਦੀਪ ਘੁੰਮਣ, ਰਾਜੂ ਬੂਲਪੁਰ,ਮਾਸਟਰ ਰਾਕੇਸ਼ ਕੁਮਾਰ, ਜਸਵਿੰਦਰ ਸਿੰਘ ਟਿੱਬਾ, ਸੁਖਨਿੰਦਰ ਸਿੰਘ ਬੂਲਪੁਰ, ਅਰੁਣ ਹਾਂਡਾ, ਬਰਿੰਦਰ ਜੈਨ, ਗੁਰਪ੍ਰੀਤ ਸਿੰਘ ਆਦਿ ਹਾਜ਼ਰ ਸਨ।