ਗੌਰਮਿੰਟ ਟੀਚਰਜ਼ ਯੂਨੀਅਨ ਨੇ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਅੱਗੇ ਰੱਖੇ ਅਧਿਆਪਕਾਂ ਦੇ ਮਸਲੇ
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੈਡਮ ਨੀਲਮ ਰਾਣੀ ਵੱਲੋਂ ਅਧਿਆਪਕਾਂ ਦੀ ਹਰ ਮੰਗ ਨੁੰ ਪੂਰਾ ਕਰਨ ਸਬੰਧੀ ਵਿਸ਼ਵਾਸ ਦਿਵਾਇਆ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ, 22 ਮਈ 2022- ਗੌਰਮਿੰਟ ਟੀਚਰਜ਼ ਯੂਨੀਅਨ (ਜੀ.ਟੀ.ਯੂ.) ਜ਼ਿਲ੍ਹਾ ਮਾਲੇਰਕੋਟਲਾ ਦਾ ਵਫ਼ਦ ਜ਼ਿਲ੍ਹਾ ਪ੍ਰਧਾਨ ਕੁਲਦੀਪ ਸਿੰਘ ਮਰਾਹੜ ਅਤੇ ਜਨਰਲ ਸਕੱਤਰ ਨੂਰ ਮੁਹੰਮਦ ਦੀ ਅਗਵਾਈ ਵਿੱਚ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੈਡਮ ਨੀਲਮ ਰਾਣੀ ਅਤੇ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਫ਼ਤਰ ਵਿਖੇ ਸਟੈਨੋ ਨਰਿਦੰਰ ਤਾਂਗੜੀ ਨੂੰ ਬੀਤੇ ਦਿਨੀ ਮਿਲਿਆ।
ਉਕਤ ਅਧਿਆਪਕ ਸੰਗਠਨ ਵੱਲੋਂ ਅਧਿਆਪਕਾਂ ਨੂੰ ਦਰਪੇਸ਼ ਸਮੱਸਿਆਵਾਂ ਜਿਸ ਵਿੱਚ ਹੈੱਡ ਟੀਚਰ ਅਤੇ ਸੈਂਟਰ ਹੈੱਡ ਟੀਚਰ ਦੀਆਂ ਪਦ-ਉੱਨਤੀਆਂ ਨੂੰ ਜਲਦ ਕਰਨਾ, ਵਿਦਿਆਰਥੀਆਂ ਨੂੰ ਕਿਤਾਬਾਂ ਤੇ ਵਰਦੀਆਂ ਵਿਦਿਅਕ ਸਾਲ ਦੇ ਸ਼ੁਰੂ ਵਿੱਚ ਦੇਣਾ, 6ਵੇਂ ਪੇ-ਕਮਿਸ਼ਨ ਅਨੁਸਾਰ ਅਧਿਆਪਕਾਂ ਦਾ ਜੁਲਾਈ-2021 ਤੋਂ ਰਹਿੰਦਾ ਬਕਾਇਆ ਤੁਰੰਤ ਜਾਰੀ ਕਰਨ ਲਈ ਬਲਾਕ ਪ੍ਰਾਇਮਰੀ ਸਿੱਖਿਆ ਅਫਸਰਾਂ ਨੂੰ ਹੁਕਮ ਜਾਰੀ ਕਰਨਾ, ਮਿਡ-ਡੇ ਮੀਲ ਦੀ ਰਾਸ਼ੀ ਐਡਵਾਂਸ ਵਿੱਚ ਦਿੱਤੇ ਜਾਣ, ਸਮੱਗਰਾ ਸਿੱਖਿਆ ਅਭਿਆਨ ਅਧੀਨ ਗ੍ਰਾਂਟਾਂ ਨੂੰ ਖਰਚਣ ਲਈ ਘੱਟੋ-ਘੱਟ ਤਿੰਨ ਮਹੀਨੇ ਦਾ ਸਮਾਂ ਦਿੱਤੇ ਜਾਣ, ਪੈਂਡਿੰਗ ਮੈਡੀਕਲ ਬਿਲਾਂ ਦੀ ਅਦਾਇਗੀ ਡਰਾਅ ਕਰਵਾਉਣ ਲਈ ਯਤਨ ਤੇਜ਼ ਕੀਤੇ ਜਾਣ ਸਬੰਧੀ ਮਸਲਿਆਂ ’ਤੇ ਵਿਚਾਰ-ਚਰਚਾ ਕੀਤੀ ਗਈ।
ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀਮੈਂਟਰੀ ਸਿੱਖਿਆ) ਮੈਡਮ ਨੀਲਮ ਰਾਣੀ ਵੱਲੋਂ ਜਿੱਥੇ ਅਧਿਆਪਕਾਂ ਦੀ ਹਰ ਮੰਗ ਨੁੰ ਪੂਰਾ ਕਰਨ ਸਬੰਧੀ ਵਿਸ਼ਵਾਸ ਦਿਵਾਇਆ ਗਿਆ ਓਥੇ ਹੀ ਜ਼ਿਲ੍ਹਾ ਸਿੱਖਿਆ ਅਫ਼ਸਰ (ਸੈਕੰਡਰੀ ਸਿੱਖਿਆ) ਦਫ਼ਤਰ ਦੇ ਸਟੈਨੋ ਨਰਿਦੰਰ ਤਾਂਗੜੀ ਨੇ ਵਫਦ ਨੂੰ ਉਨ੍ਹਾਂ ਦੀਆਂ ਮੰਗਾਂ ਸਬੰਧਤ ਅਫ਼ਸਰ ਅੱਗੇ ਜਲਦ ਪੇਸ਼ ਕਰਨ ਦਾ ਭਰੋਸਾ ਦਿੱਤਾ। ਇਸ ਮੌਕੇ ਅਧਿਆਪਕ ਆਗੂ ਦੇਵੀ ਦਿਆਲ, ਸਰਬਜੀਤ ਸਿੰਘ, ਨਿਖਿਲੇਸ਼ ਜੈਨ, ਕਾਸ਼ਿਬ ਅਜ਼ੀਮ, ਕੇਵਲ ਕ੍ਰਿਸ਼ਨ, ਕਮਲ ਦੀਪ ਜੈਨ ਆਦਿ ਮੌਜੂਦ ਸਨ।