ਬੱਚਿਆਂ ਨੂੰ ਤੰਬਾਕੂਨੋਸ਼ੀ ਤੋਂ ਦੂਰ ਰੱਖਣ ਸਬੰਧੀ ਕੀਤੀਆਂ ਵਿਚਾਰਾਂ
- ਤੰਬਾਕੂ ਵਿਕ੍ਰੇਤਾਵਾਂ ਨੂੰ ਚੇਤਾਵਨੀ ਬੋਰਡ ਪ੍ਰਦਰਸ਼ਿਤ ਕਰਨ ਦੀ ਕੀਤੀ ਹਦਾਇਤ
ਪਰਵਿੰਦਰ ਸਿੰਘ ਕੰਧਾਰੀ
ਫਰੀਦਕੋਟ 22 ਮਈ 2022 - ਡਾ.ਰੂਹੀ ਦੁੱਗ,ਆਈ.ਏ.ਐਸ ਡਿਪਟੀ ਕਮਿਸ਼ਨਰ,ਫਰੀਦਕੋਟ ਅਤੇ ਡਾ.ਸੰਜੇ ਕਪੂਰ ਸਿਵਲ ਸਰਜਨ ਫਰੀਦਕੋਟ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਲਾਕ ਟਾਸਕ ਫੋਰਸ ਵੱਲੋਂ ਜਿਥੇ ਵੱਖ-ਵੱਖ ਜਨਤਕ ਸਥਾਨਾਂ ਤੇ ਚੈਕਿੰਗ ਕਰਕੇ ਦੇਸ਼ ਭਰ ‘ਚ ਲਾਗੂ ਸਿਗਰੇਟ ਐਂਡ ਅਦਰ ਤੰਬਾਕੂ ਉਤਪਾਦ ਐਕਟ-2003 ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨੇ ਕੀਤੇ ਜਾਂਦੇ ਹਨ,ਉਥੇ ਹੀ ਦੂਸਰੇ ਵਿਭਾਗਾਂ ਨਾਲ ਤਾਲਮੇਲ ਕਰਕੇ ਜਨਤਕ ਸਥਾਨਾਂ ਤੇ ਤੰਬਾਕੂਨੋਸ਼ੀ ਨੂੰ ਬੰਦ ਕਰਵਾਉਣ,ਸਰਕਾਰੀ ਇਮਾਰਤਾਂ ਨੂੰ ਤੰਬਾਕੂ ਮੁਕਤ ਬਨਾਉਣ ਅਤੇ ਲੋਕਾਂ ਨੂੰ ਤੰਬਾਕੂ ਦੇ ਮਾੜ੍ਹੇ ਪ੍ਰਭਾਵਾਂ ਤੋਂ ਜਾਣੂ ਕਰਵਾਉਣ ਲਈ ਜਾਗਰੂਕਤਾ ਗਤੀਵਿਧੀਆਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਬਲਾਕ ਤੰਬਾਕੂ ਕੰਟਰੋਲ ਸੈੱਲ ਦੇ ਨੋਡਲ ਅਫਸਰ ਬੀ.ਈ.ਈ ਡਾ.ਪ੍ਰਭਦੀਪ ਸਿੰਘ ਚਾਵਲਾ ਨੇ ਬੱਚਿਆਂ ਨੂੰ ਤੰਬਾਕੂ ਉਤਪਾਦਾਂ ਤੋਂ ਦੂਰ ਰੱਖਣ ਦੇ ਮੰਤਵ ਤਹਿਤ ਜ਼ਿਲਾ ਬਾਲ ਸੁਰੱਖਿਆ ਅਫਸਰ ਅਮਨਦੀਪ ਸਿੰਘ ਸੋਢੀ ਅਤੇ ਚਾਈਲਡ ਲਾਈਨ ਇੰਚਾਰਜ ਮੈਡਮ ਸੋਨੀਆ ਨਾਲ ਮੁਲਾਕਾਤ ਕੀਤੀ,ਉਨ੍ਹਾਂ ਦੱਸਿਆ ਕਿ ਕਿਹਾ ਜਾਂਦਾ ਹੈ ਕਿ ਨਸ਼ਿਆ ਦੀ ਦੁਨੀਆਂ ਦੀ ਪਹਿਲੀ ਪੌੜੀ ਤੰਬਾਕੂ ਦੀ ਵਰਤੋਂ ਤੋਂ ਸ਼ੁਰੂ ਹੁੰਦੀ ਹੈ।ਉਨ੍ਹਾਂ ਕੋਟਪਾ ਐਕਟ 2003 ਤੇ ਨਾਬਾਲਗ ਨਿਆਂ ਐਕਟ 2015 ਤਹਿਤ ਬੱਚਿਆਂ ਦੀ ਸਹੀ ਦੇਖਭਾਲ,ਸੁਰੱਖਿਆ ਅਤੇ ਬੱਚਿਆਂ ਨੂੰ ਸਿਗਰਟ,ਚੱਬਣ ਵਾਲੇ ਤੰਬਾਕੂ ਉਤਪਾਦ ਆਦਿ ਦੀ ਬੱਚਿਆਂ ਤੋਂ ਵੇਚ-ਖ੍ਰੀਦ ਬੰਦ ਕਰਵਾਉਣ ਸਬੰਧੀ ਵਿਚਾਰ ਚਰਚਾ ਕੀਤੀ।
ਡਾ.ਪ੍ਰਭਦੀਪ ਨੇ ਐੱਸ.ਐਮ.ਓ ਡਾ.ਰਾਜੀਵ ਭੰਡਾਰੀ ਅਤੇ ਜ਼ਿਲਾ ਨੋਡਲ ਅਧਿਕਾਰੀ ਡਾ.ਪੁਸ਼ਪਿੰਦਰ ਸਿੰਘ ਕੂਕਾ ਦੀ ਯੋਗ ਅਗਵਾਈ ਹੇਠ ਬਲਾਕ ਦੇ 35 ਪਿੰਡਾਂ,ਸਿੱਖਿਆ ਸੰਸਥਾਵਾਂ ਅਤੇ ਸਰਕਾਰੀ ਇਮਾਰਤਾਂ ਨੂੰ ਤੰਬਾਕੂ ਮੁਕਤ ਐਲਾਨ ਕਰਨ ਵਿੱਚ ਮਿਲੀ ਸਫਲਤਾ ਸਬੰਧੀ ਵੀ ਵਿਸਥਾਰ ਜਾਣਕਾਰੀ ਦਿੱਤੀ।ਸ.ਸੌਢੀ ਨੇ ਰਾਸ਼ਟਰੀ ਬਾਲ ਸੁਰੱਖਿਆ ਕਮਿਸ਼ਨ ਤੇ ਨਾਰਕੋਟਿਕਸ ਕੰਟਰੋਲ ਬਿਓਰੋ ਦੇ ਸਾਂਝੇ ਉਪਰਾਲੇ ਤਹਿਤ ਬੱਚਿਆਂ ਨੂੰ ਨਸ਼ਿਆਂ ਤੋਂ ਬਚਾਉਣ ਹਿੱਤ ਸ਼ੁਰੂ ਕੀਤੀ ਸਾਂਝੀ ਮੁਹਿੰਮ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਕਾਊਂਸਲਰ ਮਾਲਤੀ ਜੈਨ ਅਤੇ ਸੋਸ਼ਲ ਵਰਕਰ ਰਮਨਪ੍ਰੀਤ ਕੌਰ ਵੀ ਹਾਜਰ ਸਨ।