ਡੀਟੀਐੱਫ ਵੱਲੋਂ ਸੰਘਰਸ਼ੀ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ 29 ਮਈ ਨੂੰ ਬਰਨਾਲੇ 'ਚ ਰੋਸ ਰੈਲੀ ਕਰਨ ਦਾ ਐਲਾਨ
ਦਲਜੀਤ ਕੌਰ ਭਵਾਨੀਗੜ੍ਹ
ਚੰਡੀਗੜ੍ਹ, 22 ਮਈ, 2022: ਸਕੂਲ ਸਿੱਖਿਆ ਵਿਭਾਗ ਵਲੋਂ ਸੰਘਰਸ਼ੀ ਅਧਿਆਪਕਾਂ ਦੇ ਦੋ ਸਾਲਾਂ ਤੋਂ ਰੋਕੇ ਰੈਗੂਲਰ ਪੱਤਰ ਜਾਰੀ ਕਰਵਾਉਣ ਸਮੇਤ ਹੋਰਨਾਂ ਵਿਕਟੇਮਾਈਜੇਸ਼ਨਾਂ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ, ਡੈਮੋਕ੍ਰੇਟਿਕ ਟੀਚਰਜ਼ ਫਰੰਟ (ਡੀ.ਟੀ.ਐਫ.) ਦੀ ਸੂਬਾ ਕਮੇਟੀ ਵਲੋਂ 29 ਮਈ ਨੂੰ ਸਿੱਖਿਆ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਦੀ ਬਰਨਾਲਾ ਰਿਹਾਇਸ਼ ਅੱਗੇ ਵਿਸ਼ਾਲ ਸੂਬਾਈ ਰੈਲੀ ਤੇ ਘਿਰਾਓ ਸੰਬੰਧੀ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ।
ਇਸ ਸੰਬੰਧੀ ਵਧੇਰੇ ਗੱਲਬਾਤ ਕਰਦਿਆਂ, ਡੀ.ਟੀ.ਐਫ. ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ, ਬੇਇਨਸਾਫ਼ੀ, ਧੱਕੇਸ਼ਾਹੀ ਅਤੇ ਪੱਖਪਾਤ ਤਹਿਤ 8,886 ਅਧਿਆਪਕਾਂ ਦੀ ਰੈਗੂਲਰਾਈਜ਼ੇਸ਼ਨ ਦੌਰਾਨ ਰੈਗੂਲਰ ਦੀ ਆਪਸ਼ਨ ਲੈਣ ਦੇ ਬਾਵਜੂਦ, ਸੰਘਰਸ਼ਾਂ ਵਿੱਚ ਅਹਿਮ ਭੂਮਿਕਾ ਨਿਭਾਉਣ ਵਾਲੇ ਅਧਿਆਪਕ ਸਾਥੀ ਹਰਿੰਦਰ ਸਿੰਘ ਪਟਿਆਲਾ ਅਤੇ ਮੈਡਮ ਨਵਲਦੀਪ ਸ਼ਰਮਾ ਨੂੰ ਪਹਿਲਾਂ ਕਾਂਗਰਸ ਸਰਕਾਰ ਅਤੇ ਹੁਣ ਆਪ ਸਰਕਾਰ ਦੁਆਰਾ ਰੈਗੂਲਰ ਦੇ ਆਰਡਰ ਨਹੀਂ ਦਿੱਤੇ ਗਏ। ਜਦਕਿ ਬਾਕੀ ਸਮੂਹ ਅਧਿਆਪਕ ਰੈਗੂਲਰ ਹੋਣ ਤੋਂ ਬਾਅਦ ਅਪ੍ਰੈਲ 2020 ਤੱਕ ਕਨਫਰਮ ਵੀ ਹੋ ਚੁੱਕੇ ਹਨ। ਇਸੇ ਤਰਾਂ ਪਿਛਲੇ 15 ਮਹੀਨੇ ਤੋਂ ਸਾਥੀ ਹਰਿੰਦਰ ਸਿੰਘ ਨੂੰ ਪਹਿਲਾਂ ਤੋਂ ਮਿਲ ਰਹੀ ਮਾਮੂਲੀ ਤਨਖਾਹ ਵੀ ਰੋਕ ਲਈ ਗਈ ਹੈ। ਜਿਸ ਕਾਰਨ ਉਹਨਾਂ ਦਾ ਸਮੁੱਚਾ ਪਰਿਵਾਰ ਗੰਭੀਰ ਆਰਥਿਕ ਤੇ ਮਾਨਸਿਕ ਪਰੇਸ਼ਾਨੀ ਵਿੱਚੋਂ ਗੁਜ਼ਰ ਰਿਹਾ ਹੈ।
ਡੀ.ਟੀ.ਐੱਫ. ਦੇ ਸੂਬਾ ਆਗੂਆਂ ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਬੇਅੰਤ ਸਿੰਘ ਫੂਲੇਵਾਲ ਅਤੇ ਜਗਪਾਲ ਬੰਗੀ ਨੇ ਦੱਸਿਆ ਕਿ ਅਕਾਲੀ-ਭਾਜਪਾ ਸਰਕਾਰ ਵੇਲੇ 8 ਜੂਨ 2012 ਨੂੰ ਸਿੱਖਿਆ ਮੰਤਰੀ ਮਲੂਕਾ ਦੀ ਰਿਹਾਇਸ਼ ਅੱਗੇ ਪੁਲਿਸ ਤੇ ਗੁੰਡਾ ਅਨਸਰਾਂ ਵਲੋਂ ਕੀਤੀ ਭਿਆਨਕ ਕੁੱਟਮਾਰ ਅਤੇ ਉਪਰੰਤ ਜੇਲ੍ਹ ਕੱਟਣ ਤੋਂ ਬਾਅਦ, 59 ਅਧਿਆਪਕ ਅਤੇ ਅਧਿਆਪਕਾਵਾਂ ਪਿਛਲੇ 10 ਸਾਲਾਂ ਤੋਂ ਝੂਠੇ ਪੁਲਿਸ ਕੇਸ ਤਹਿਤ ਅਦਾਲਤੀ ਪੇਸ਼ੀਆਂ ਭੁਗਤ ਕੇ ਖੱਜਲ਼-ਖੁਆਰ ਹੋ ਰਹੇ ਹਨ।
ਜਥੇਬੰਦੀ ਦੇ ਸੂਬਾਈ ਆਗੂਆਂ ਰਘਵੀਰ ਭਵਾਨੀਗਡ਼੍ਹ, ਜਸਵਿੰਦਰ ਔਜਲਾ, ਦਲਜੀਤ ਸਫੀਪੁਰ, ਹਰਜਿੰਦਰ ਵਡਾਲਾ ਬਾਂਗਰ, ਕੁਲਵਿੰਦਰ ਜੋਸ਼ਨ ਅਤੇ ਰੁਪਿੰਦਰਪਾਲ ਗਿੱਲ ਨੇ ਦੱਸਿਆ ਕਿ, ਦੋਨੋਂ ਸੰਘਰਸ਼ੀ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਵਾਉਣ ਤੇ ਹੋਰ ਵਿਕਟੇਮਾਈਜੇਸ਼ਨਾਂ ਰੱਦ ਕਰਵਾਉਣ ਅਤੇ ਕੋਠਾਗੁਰੂ ਲਾਠੀਚਾਰਜ ਦੌਰਾਨ ਦਰਜ ਪੁਲਿਸ ਕੇਸ ਸਮੇਤ ਸੰਘਰਸ਼ਾਂ ਦੌਰਾਨ ਪਾਏ ਹੋਰ ਪੁਲਿਸ ਕੇਸ ਰੱਦ ਕਰਵਾਉਣ ਲਈ 29 ਮਈ 2022 ਨੂੰ ਸਿੱਖਿਆ ਮੰਤਰੀ ਦੀ ਬਰਨਾਲਾ ਰਿਹਾਇਸ਼ ਅੱਗੇ ਵਿਸ਼ਾਲ ਸੂਬਾਈ ਰੋਸ ਧਰਨਾ ਲਗਾਇਆ ਜਾਵੇਗਾ ਅਤੇ ਮੌਕੇ 'ਤੇ ਠੋਸ ਹੱਲ ਨਾ ਮਿਲਣ ਦੀ ਸੂਰਤ ਵਿੱਚ ਰਿਹਾਇਸ਼ ਦਾ ਘਿਰਾਓ ਵੀ ਕੀਤਾ ਜਾਵੇਗਾ।
ਇਸ ਮੌਕੇ ਪਵਨ ਕੁਮਾਰ, ਸੁਖਦੇਵ ਡਾਨਸੀਵਾਲ, ਨਛੱਤਰ ਸਿੰਘ ਤਰਨਤਾਰਨ, ਤੇਜਿੰਦਰ ਸਿੰਘ ਕਪੂਰਥਲਾ ਅਤੇ ਡੈਮੋਕਰੇਟਿਕ ਮੁਲਾਜ਼ਮ ਫੈੱਡਰੇਸ਼ਨ ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਤੇ ਜਨਰਲ ਸਕੱਤਰ ਹਰਦੀਪ ਟੋਡਰਪੁਰ ਵੱਲੋਂ ਸੰਘਰਸ਼ੀ ਅਧਿਆਪਕਾਂ ਨੂੰ ਇਨਸਾਫ ਦਿਵਾਉਣ ਲਈ, ਸਮੂਹ ਭਰਾਤਰੀ ਅਧਿਆਪਕ ਜਥੇਬੰਦੀਆਂ ਸਮੇਤ ਸਮੁੱਚੇ ਅਧਿਆਪਕ ਵਰਗ ਨੂੰ ਸੰਘਰਸ਼ ਦੇ ਮੈਦਾਨ ਵਿੱਚ ਨਿੱਤਰਣ ਦੀ ਅਪੀਲ ਵੀ ਕੀਤੀ ਗਈ।