ਪ੍ਰਸ਼ਾਸਨ ਨੇ ਰੂਪਨਗਰ ਬਲਾਕ ਦੇ ਪਿੰਡ ਬੜਾ ਫੂਲ ਵਿਖੇ 6 ਏਕੜ ਪੰਚਾਇਤੀ ਜ਼ਮੀਨ ਦਾ ਨਜਾਇਜ਼ ਕਬਜਾ ਛੁਡਵਾਇਆ
ਹਰੀਸ਼ ਕਾਲੜਾ
ਰੂਪਨਗਰ, 22 ਮਈ 2022: ਪੰਜਾਬ ਸਰਕਾਰ ਵੱਲੋਂ ਪੰਚਾਇਤੀ ਜਮੀਨਾਂ ਨੂੰ ਨਜ਼ਾਇਜ ਕਾਬਜਕਾਰਾਂ ਕੋਲੋਂ ਮਿਤੀ 31 ਮਈ 2022 ਤੱਕ ਛੁਡਾਵਉਣ ਲਈ ਜਾਰੀ ਕੀਤੀਆਂ ਗਈਆਂ ਹਦਾਇਤਾਂ ਤਹਿਤ ਡਿਪਟੀ ਕਮਿਸ਼ਨਰ, ਰੂਪਨਗਰ ਡਾ: ਪ੍ਰੀਤੀ ਯਾਦਵ ਅਤੇ ਵਧੀਕ ਡਿਪਟੀ ਕਮਿਸ਼ਨਰ (ਆਰ.ਡੀ) ਸ਼੍ਰੀ ਦਮਨਜੀਤ ਸਿੰਘ ਮਾਨ ਦੀ ਅਗਵਾਈ ਅਧੀਨ ਗ੍ਰਾਮ ਪੰਚਾਇਤ ਬੜਾ ਫੂਲ ਬਲਾਕ ਰੂਪਨਗਰ ਦੀ 6 ਏਕੜ ਪੰਚਾਇਤੀ ਜਮੀਨ ਦਾ ਕਬਜਾ ਗ੍ਰਾਮ ਪੰਚਾਇਤ ਬੜਾ ਫੂਲ ਨੂੰ ਸਪੁਰਦ ਕੀਤਾ ਗਿਆ।
ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ, ਰੂਪਨਗਰ ਸ਼੍ਰੀ ਅਮਰਿੰਦਰ ਪਾਲ ਸਿੰਘ ਵੱਲੋਂ ਦੱਸਿਆ ਗਿਆ ਕਿ ਗ੍ਰਾਮ ਪੰਚਾਇਤ ਬੜਾ ਫੂਲ ਦੀ ਉਪਰੋਕਤ ਜਮੀਨ ਸਬੰਧੀ ਪੰਜਾਬ ਵਿਲੇਜ਼ ਕੋਮਨ ਲੈਂਡ ਰੈਗੂਲੇਸ਼ਨ ਐਕਟ 1961 ਦੀ ਧਾਰਾ 7 ਅਧੀਨ ਕੇਸ ਦਾ ਫੈਸਲਾ ਕੂਲੈਕਟਰ ਰੂਪਨਗਰ ਦੀ ਅਦਾਲਤ ਵੱਲੋਂ ਕਈ ਸਾਲ ਪਹਿਲਾਂ ਗ੍ਰਾਮ ਪੰਚਾਇਤ ਦੇ ਹੱਕ ਵਿੱਚ ਕੀਤਾ ਗਿਆ ਸੀ। ਹੁਣ ਸਰਕਾਰ ਵੱਲੋਂ ਪੰਚਾਇਤੀ ਜਮੀਨਾਂ ਦੇ ਕਬਜੇ ਛੁਡਵਾਉਣ ਦੇ ਮੁਹਿੰਮ ਤਹਿਤ ਇਹ ਕਾਰਵਾਈ ਕੀਤੀ ਗਈ।
ਇਸ ਸਬੰਧੀ ਸ੍ਰੀ ਹਰਬੰਸ ਸਿੰਘ ਤਹਿਸੀਲਦਾਰ ਰੂਪਨਗਰ, ਸ੍ਰੀ ਮੋਹਿਤ ਕਲਿਆਣ ਬਲਾਕ ਵਿਕਾਸ ਅਤੇ ਪੰਚਾਇਤ ਅਫਸਰ, ਸ੍ਰੀ ਚਮਕੌਰ ਸਾਹਿਬ (ਵਾਧੂ ਚਾਰਜ ਬਲਾਕ ਰੂਪਨਗਰ), ਗੁਰਦੀਪ ਸਿੰਘ ਕਾਨੂੰਗੋ, ਸ੍ਰੀ ਸੁਰਿੰਦਰ ਸਿੰਘ ਸੰਮਤੀ ਪਟਵਾਰੀ ਬਲਾਕ ਰੂਪਨਗਰ, ਸ੍ਰੀ ਗੁਰਮੁੱਖ ਸਿੰਘ ਪੰਚਾਇਤ ਸਕੱਤਰ, ਸ੍ਰੀ ਰਵਿੰਦਰ ਕੁਮਾਰ ਚੋਪੜਾ ਸਰਪੰਚ ਤੋਂ ਇਲਾਵਾ ਬਾਕੀ ਪੰਚਾਇਤ ਮੈਂਬਰ ਮੌਕੇ 'ਤੇ ਹਾਜ਼ਰ ਸਨ।