ਮੁੱਲ ਵਿਕੇਂਦਾ ਪਾਣੀ ‘ਪੰਜ ਦਰਿਆਵਾਂ ਦੀ ਧਰਤੀ ਪੰਜਾਬ ਦੇ ਪਿੰਡਾਂ ’ਚ
ਅਸ਼ੋਕ ਵਰਮਾ
ਬਠਿੰਡਾ,22ਮਈ2022: ਪੰਜਾਬ ਦੀ ਟੇਲ ‘ਤੇ ਪੈਂਦੇ ਕਈ ਪਿੰਡਾਂ ‘ਚ ਹੁਣ ਪਾਣੀ ਮੁੱਲ ਵਿਕਦਾ ਹੈ। ਪਾਣੀ ਦੀ ਕਿੱਲਤ ਨੇ ਇਨ੍ਹਾਂ ਪਿੰਡਾਂ ਦੀ ਜ਼ਿੰਦਗੀ ਨੂੰ ਬੰਨ ਮਾਰ ਦਿੱਤਾ ਹੈ। ਪੰਜਾਬ ਸਰਕਾਰ ਨੇ ਇਨਾਂ ਪਿੰਡਾਂ ‘ਚ ਠੰਢੀ ਬੀਅਰ ਤਾਂ ਪਹੁੰਚਾ ਦਿੱਤੀ ਹੈ ਪਰ ਲੋਕਾਂ ਦੀ ਪਾਣੀ ਦੀ ਪਿਆਸ ਬੁਝਾਉਣ ਦਾ ਕੋਈ ਹੀਲਾ ਨਹੀਂ ਕੀਤਾ ਹੈ। ਪੰਜਾਬ ਤੇ ਹਰਿਆਣਾ ਦੀ ਹੱਦ ‘ਤੇ ਪੈਂਦੇ ਇਨਾਂ ਪਿੰਡਾਂ ‘ਚ ਪਾਣੀ ਦਾ ਧੰਦਾ ਗਰਮੀ ਜ਼ੋਰ ਫੜਨ ਨਾਲ ਹੀ ਸ਼ੁਰੂ ਹੋ ਜਾਂਦਾ ਹੈ। ਭਾਖੜਾ ਨਹਿਰ ਦਾ ਮੋਘਾ ਹਰਿਆਣੇ ਵਿੱਚ ਹੋਣ ਕਰਕੇ ਪਿਛਲੇ ਲੰਮੇ ਸਮੇ ਤੋਂ ਇਹ ਪਿੰਡ ਪਾਣੀ ਦੀ ਘਾਟ ਨਾਲ ਜੂਝ ਰਹੇ ਹਨ ਜਿੰਨ੍ਹਾਂ ਵਿੱਚ ਸਭ ਤੋਂ ਅਹਿਮ ਪਿੰਡ ਗਿਆਨਾ ਹੈ ਜਿੱਥੇ ਹਰਿਆਣੇ ਦਾ ਪਾਣੀ ਧੜਾਧੜ ਵਿਕਦਾ ਹੈ।
ਭਾਖੜਾ ਨਹਿਰ ਦੇ ਅਖੀਰ ‘ਤੇ ਹਰਿਆਣਾ ਦਾ ਇਲਾਕਾ ਹੈ, ਜਿੱਥੇ ਗਰਮੀ ਦੇ ਦਿਨਾਂ ਵਿੱਚ ਟੈਂਕੀਆਂ ਵਾਲੇ ਟਰੈਕਟਰਾਂ ਦੀ ਲੰਮੀ ਕਤਾਰ ਲੱਗ ਜਾਂਦੀ ਹੈ। ਹਰਿਆਣਾ ਦੇ ਨਾਲ ਲੱਗਦੇ ਕਈ ਪਿੰਡਾਂ ਲਈ ਪਾਣੀ ਅੱਜ ਵੀ ਨਦਾਰਦ ਹੈ। ਧਰਤੀ ਹੇਠਲਾ ਪਾਣੀ ਪੀਣ ਯੋਗ ਨਹੀਂ ਹੈ ਜਿਸ ਕਰਕੇ ਕਈ ਥਾਵਾਂ ਤੇ ਤਾਂ ਆਰ.ਓ. ਪਲਾਂਟਾਂ ’ਤੇ ਲਾਏ ਕਰੋੜਾਂ ਰੁਪਏ ਖੂਹ ਖਾਤੇ ਪੈਣ ਵਰਗੇ ਹਨ। ਉਪਰੋਂ ਪੇਂਡੂ ਲੋਕਾਂ ਵੱਲੋਂ ਇਨ੍ਹਾਂ ਪਲਾਂਟਾਂ ਦਾ ਪਾਣੀ ਵਰਤਣ ਤੋਂ ਵੀ ਪਾਸਾ ਵੱਟਿਆ ਜਾ ਰਿਹਾ ਹੈ। ਯੋਜਨਾਬੰਦੀ ਦੀ ਘਾਟ ਕਰਕੇ ਸਰਕਾਰ ਲੋਕਾਂ ਦਾ ਪੀਣ ਵਾਲੇ ਪਾਣੀ ਦਾ ਮਸਲਾ ਹੱਲ ਨਹੀਂ ਕਰ ਸਕੀ ਹੈ। ਇੰਨ੍ਹਾਂ ਕਾਰਨਾ ਕਰਕੇ ਹਰਿਆਣੇ ਵਿਚਲਾ ਨਹਿਰੀ ਪਾਣੀ ਮੁੱਲ ਖਰੀਦਣਾ ਇੰਨ੍ਹਾਂ ਪਿੰਡਾਂ ਦੀ ਮਜਬੂਰੀ ਬਣਿਆ ਹੋਇਆ ਹੈ।
ਲੀਡਰਾਂ ਅਤੇ ਅਫਸਰਾਂ ਦੇ ਹਾੜ੍ਹੇ ਕੱਢਦੇ ਲੋਕਾਂ ਦੀ ਜੀਭ ਤਾਲੂ ਨਾਲ ਲੱਗ ਗਈ ਹੈ ਜਿਸ ਨੂੰ ਗਿੱਲੀ ਕਰਨ ਲਈ ਵੀ ਪਾਣੀ ਮੁੱਲ ਹੀ ਸਹਾਰਾ ਬਣਦਾ ਹੈ। ਬਠਿੰਡਾ ਦੇ ਪਿੰਡਾਂ ਵਿੱਚ ਪਾਣੀ ਵਾਲੀਆਂ ਟੈਂਕੀਆਂ ਰਾਹੀਂ ਪਿੰਡਾਂ ਨੂੰ ਮੁੱਲ ਦਾ ਪਾਣੀ ਸਪਲਾਈ ਹੁੰਦਾ ਹੈ। ਪ੍ਰਤੀ ਟੈਂਕੀ 350 ਤੋਂ 4000 ਰੁਪਏ ਕੀਮਤ ਹੈ, ਜਦੋਂ ਭਾਖੜਾ ਬੰਦ ਹੁੰਦੀ ਹੈ ਤਾਂ ਪਾਣੀ ਦੀ ਵੇਟਿੰਗ ਸ਼ੁਰੂ ਹੋ ਜਾਂਦੀ ਹੈ। ਬਜ਼ੁਰਗ ਔਰਤਾਂ ਨੇ ਤਾਂ ਪਾਣੀ ਢੋਂਦਿਆਂ ਜ਼ਿੰਦਗੀ ਗੁਜ਼ਾਰ ਦਿੱਤੀ ਹੈ। ਔਰਤਾਂ ਦਾ ਕਹਿਣਾ ਹੈ ਕਿ ਪਾਣੀ ਢੋਣ ਕਾਰਨ ਉਨਾਂ ਦੇ ਸਿਰ ਗੰਜੇ ਹੋ ਗਏ ਹਨ। ਕਈ ਥਾਵਾਂ ਤੇ ਤਾਂ ਧਰਤੀ ਹੇਠਲਾ ਪਾਣੀ ਮਾੜਾ ਹੋਣ ਕਰਕੇ ਕੈਂਸਰ ਦਾ ਕਹਿਰ ਝੁੱਲਣ ਦਾ ਖਤਰਾ ਬਣ ਗਿਆ ਹੈ।
ਪਿੰਡ ਗਿਆਨਾ ’ਚ ਜਲ ਘਰ ਮੌਜੂਦ ਹੈ ਪਰ ਉਸ ਦੇ ਪਾਣੀ ਸਟੋਰ ਕਰਨ ਵਾਲੇ ਟੈਂਕ ਕਦੇ ਸਾਫ ਹੀ ਨਹੀਂ ਕੀਤੇ ਗਏ ਹਨ। ਜਲ ਘਰ ਤੇ ਕਰੋੜਾਂ ਰੁਪਿਆ ਖਰਚ ਹੋਇਆ ਹੈ ਫਿਰ ਲੋਕਾਂ ਨੂੰ ਪੀਣ ਵਾਲਾ ਸਾਫ ਸੁਥਰਾ ਪਾਣੀ ਨਸੀਬ ਨਹੀਂ ਹੋ ਰਿਹਾ ਹੈ । ਇਸ ਪਿੰਡ ਦੇ ਲੋਕਾਂ ਨੇ ਤਾਂ ਘਰਾਂ ਵਿੱਚ ਪਾਣੀ ਸਟੋਰ ਕਰਨ ਲਈ ਡਿੱਗੀਆਂ ਬਣਾਈਆਂ ਹੋਈਆਂ ਹਨ। ਵੱਡੀ ਗੱਲ ਹੈ ਕਿ ਪਾਣੀ ਦੀ ਕਿੱਲਤ ਨੇ ਲੋਕਾਂ ਨੂੰ ਸਰਫੇ ਦੇ ਰਾਹ ਪਾਇਆ ਹੋਇਆ ਹੈ। ਪਿੰਡ ਵਾਸੀਆਂ ਨੇ ਦੱਸਿਆ ਕਿ ਸੰਜਮ ਨਾਲ ਵਰਤਣ ਦੇ ਬਾਵਜੂਦ ਪਾਣੀ ਲਗਾਤਾਰ ਮੰਗਵਾਉਣਾ ਪੈਂਦਾ ਹੈ ਕਿਉਂਕਿ ਇੱਕ ਡਿੱਗੀ ਕਿੰਨਾਂ ਕੁ ਚਿਰ ਡੰਗ ਟਪਾ ਸਕਦੀ ਹੈ।
ਕੁੱਝ ਪਿੰਡ ਵਾਸੀਆਂ ਨੇ ਦੱਸਿਆ ਕਿ ਜਦੋਂ ਭਾਖੜਾ ਬੰਦ ਹੋ ਜਾਂਦੀ ਹੈ ਤਾਂ ਨਹਿਰ ਵਿੱਚ ਖਲੋਤਾ ਪਾਣੀ ਹੀ ਲੋਕਾਂ ਦੀ ਪਿਆਸ ਬੁਝਾਉਂਦਾ ਹੈ। ਸਿਰਫ ਪਿੰਡ ਗਿਆਨਾ ਹੀ ਨਹੀਂ ਹੋਰ ਵੀ ਕਾਫੀ ਪਿੰਡਾਂ ਵਿੱਚ ਗਰਮੀ ਦੇ ਦਿਨਾਂ ਵਿੱਚ ਮੁੱਲ ਦੇ ਪਾਣੀ ਦੀ ਵਿਕਰੀ ਵੱਧ ਜਾਂਦੀ ਹੈ। ਇਸ ਇਲਾਕੇ ਦੇ ਲੋਕ ਦੱਸਦੇ ਹਨ ਕਿ ਪਾਣੀ ਵਾਲੀਆਂ ਟੈਂਕੀਆਂ ਨੂੰ ਸਾਹ ਲੈਣਾ ਨਹੀਂ ਮਿਲਦਾ। ਇੱਕ ਟੈਂਕੀ ਵਾਲੇ ਨੇ ਦੱਸਿਆ ਕਿ ਗਰਮੀ ਦੇ ਦਿਨਾਂ ਵਿੱਚ ਉਹ ਹਰਿਆਣੇ ਵਾਲੇ ਪਾਸਿਓਂ ਪਾਣੀ ਲਿਆਉਂਦਾ ਹੈ ਅਤੇ ਕਈ ਵਾਰ ਤਾਂ ਦਿਨ ਵਿਚ ਦਸ-ਦਸ ਗੇੜੇ ਵੀ ਲੱਗ ਜਾਂਦੇ ਹਨ। ਤਲਵੰਡੀ ਸਾਬੋ ਇਲਾਕੇ ਦੀਆਂ ਕਾਫੀ ਢਾਣੀਆਂ ਨੂੰ ਮੁੱਲ ਦਾ ਪਾਣੀ ਪੀਣਾ ਪੈਂਦਾ ਹੈ।
ਨਹਿਰਾਂ ਬੰਦ ਹੋਣ ਸਮੇਂ ਤਾਂ ਟੈਂਕੀਆਂ ਵਾਲਿਆਂ ਦੀ ਦੋ-ਦੋ ਦਿਨ ਦੀ ਵੇਟਿੰਗ ਚੱਲਦੀ ਹੈ। ਵੱਡੀ ਗਿਣਤੀ ਪਿੰਡਾਂ ਵਿੱਚ ਗਰਮੀ ਦੇ ਦਿਨ ਸੰਕਟ ਵਾਲੇ ਬਣ ਜਾਂਦੇ ਹਨ। ਪਿੰਡ ਗਿਆਨਾ ਦਾ ਪਾਣੀ ਤਾਂ ਸਿੰਚਾਈ ਕਰਨ ਦੇ ਯੋਗ ਵੀ ਨਹੀਂ ਹੈ ਪੀਣਾ ਤਾਂ ਦੂਰ ਦੀ ਗੱਲ। ਧਰਤੀ ਹੇਠਲੇ 18 ਸੌ ਫੁੱਟ ਡੂੰਘੇ ਪਾਣੀ ਦੀ ਜਾਂਚ ਦੌਰਾਨ ਖਾਰਾਪਣ ਸਾਹਮਣੇ ਆਇਆ ਹੈ ਜਿਸ ਕਰਕੇ ਇਹ ਪਾਣੀ ਵੀ ਵਰਤਿਆ ਨਹੀਂ ਜਾ ਸਕਦਾ ਹੈ। ਮਹੱਤਵਪੂਰਨ ਤੱਥ ਹੈ ਕਿ ਨਹਿਰੀ ਪਾਣੀ ਦੀ ਘਾਟ ਦਾ ਫਸਲਾਂ ਤੇ ਬੁਰਾ ਪ੍ਰਭਾਵ ਪੈ ਰਿਹਾ ਹੈ। ਇਸ ਪਿੰਡ ਦੀ ਕਾਫੀ ਜਮੀਨ ਪਾਣੀ ਦੀ ਘਾਟ ਕਾਰਨ ਬੰਜਰ ਹੋ ਚੁੱਕੀ ਹੈ । ਸਰਕਾਰਾਂ ਨੂੰ ਜਾਣਕਾਰੀ ਹੋਣ ਦੇ ਬਾਵਜੂਦ ਪਹਿਲਾਂ ਵੀ ਕੋਈ ਸਾਰ ਨਹੀਂ ਲਈ ਤੇ ਹੁਣ ਵੀ ਇਹ ਖਿੱਤਾ ਸਰਕਾਰ ਦੇ ਏਜੰਡੇ ਤੇ ਨਹੀਂ ਜਾਪਦਾ ਹੈ।
ਦੋ ਵਿਭਾਗਾਂ ਦੀ ਡਿਊਟੀ ਲਾਈ:ਡੀਸੀ
ਡਿਪਟੀ ਕਮਿਸ਼ਨਰ ਬਠਿੰਡਾ ਸ਼ੌਕਤ ਅਹਿਮ ਪਰ੍ਹੇ ਦਾ ਕਹਿਣਾ ਸੀ ਕਿ ਸਮੱਸਿਆ ਉਨ੍ਹਾਂ ਦੇ ਧਿਆਨ ’ਚ ਆਉਣ ਉਨ੍ਹਾਂ ਨੇ ਦੋ ਮਹਿਕਮਿਆਂ ਨੂੰ ਇਸ ਸਬੰਧ ’ਚ ਡਿਊਟੀ ਲਾਈ ਹੈ। ਉਨ੍ਹਾਂ ਦੱਸਿਆ ਕਿ ਜਲਦੀ ਹੀ ਇਹ ਮਸਲਾ ਹੱਲ ਕਰ ਲਿਆ ਜਾਏਗਾ।