ਅਪ੍ਰੈਲ ਮਹੀਨੇ ਦੌਰਾਨ ਸਿਵਲ ਹਸਪਤਾਲ ਵਿਖੇ ਪਹਿਲਾਂ ਤੋਂ ਢਾਈ ਗੁਣਾ ਵੱਧ ਮਰੀਜ਼ਾਂ ਨੇ ਸੇਵਾਵਾਂ ਲਈਆਂ- ਐਡਵੋਕੇਟ ਚੱਢਾ
- 24 ਘੰਟੇ ਲੈਬੋਰਟਰੀ ਟੈਸਟ ਸੇਵਾ ਜਲਦ ਸ਼ੁਰੂ ਹੋਵੇਗੀ
ਹਰੀਸ਼ ਕਾਲੜਾ
ਰੂਪਨਗਰ, 22 ਮਈ 2022: ਸਿਵਲ ਹਸਪਤਾਲ ਵਿਖੇ ਅਪ੍ਰੈਲ ਮਹੀਨੇ ਵਿੱਚ 21,055 ਮਰੀਜਾਂ ਨੇ ਸਿਹਤ ਸੇਵਾਵਾਂ ਲੈ ਕੇ ਰਿਕਾਰਡ ਕਾਇਮ ਕੀਤਾ ਹੈ ਜੋ ਪਹਿਲਾਂ ਨਾਲੋਂ ਲਗਭਗ ਢਾਈ ਗੁਣਾ ਵੱਧ ਬਣਦਾ ਹੈ ਜਦਕਿ ਪਹਿਲਾਂ ਇਹ ਅੰਕੜਾ ਲਗਭਗ 10,000 ਤੱਕ ਹੀ ਰਹਿੰਦਾ ਸੀ।
ਇਸ ਬਾਰੇ ਜਾਣਕਾਰੀ ਦਿੰਦਿਆਂ ਵਿਧਾਇਕ ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਆਉਣ ਤੋਂ ਬਾਅਦ ਸਿਹਤ ਸੇਵਾਵਾਂ ਵਿਚ ਵਿਆਪਕ ਪੱਧਰ ਉੱਤੇ ਸੁਧਾਰ ਹੋਇਆ ਹੈ। ਉਨ੍ਹਾਂ ਦੱਸਿਆ ਕਿ ਉਹ ਨਿਜੀ ਤੌਰ ਉੱਤੇ ਹਸਪਤਾਲਾਂ ਤੇ ਡਿਸਪੈਂਸਰੀਆਂ ਦੇ ਦੌਰੇ ਕਰਕੇ ਅਧਿਕਾਰੀਆਂ, ਡਾਕਟਰਾਂ ਅਤੇ ਮੁਲਾਜਮਾਂ ਨੂੰ ਵਧੀਆ ਸੇਵਾਵਾਂ ਦੇਣ ਲਈ ਉਤਸ਼ਾਹਿਤ ਕੀਤਾ। ਜਿਸ ਦੇ ਚੱਲਦਿਆਂ ਸਰਕਾਰੀ ਹਸਪਤਾਲਾਂ ਵਿਚ ਆਉਣ ਵਾਲੇ ਮਰੀਜ਼ਾਂ ਵਿੱਚ ਵੀ ਵਿਸ਼ਵਾਸ ਵਧਿਆ ਤੇ ਰੂਪਨਗਰ ਹਸਪਤਾਲ ਦੀ ਓ ਪੀ ਡੀ ਵਿਚ ਹੈਰਾਨੀ ਜਨਕ ਵਾਧਾ ਹੋਇਆ ਹੈ।
ਐਡਵੋਕੇਟ ਦਿਨੇਸ਼ ਚੱਢਾ ਨੇ ਦੱਸਿਆ ਕਿ ਮੌਜੂਦਾ ਪੰਜਾਬ ਸਰਕਾਰ ਵਲੋਂ ਸਿਹਤ ਵਿਵਸਥਾ ਵੱਲ ਵਿਸ਼ੇਸ਼ ਧਿਆਨ ਦਿੱਤਾ ਜਾ ਰਿਹਾ ਹੈ ਜਿਸ ਨਾਲ ਸਿਵਲ ਹਸਪਤਾਲ ਰੂਪਨਗਰ ਦੇ ਨਾਲ ਨਾਲ ਹਲਕੇ ਦੀਆਂ ਸਾਰੀਆਂ ਡਿਸਪੈਂਸਰੀਆਂ ਵਿਚ ਸਿਹਤ ਸੇਵਾਵਾਂ ਵਿਚ ਸੁਧਾਰ ਹੋਇਆ ਹੈ। ਉਨਾਂ ਦੱਸਿਆ ਕਿ ਜਿੱਥੇ ਮੈਡੀਕਲ ਸੇਵਾਵਾਂ ਦੇ ਰਹੇ ਕਰਮਚਾਰੀਆਂ ਤੇ ਡਾਕਟਰਾਂ ਵਿੱਚ ਆਪਣੇ ਸਰਕਾਰੀ ਅਦਾਰਿਆਂ ਵਿੱਚ ਆਪਣੀ ਜ਼ਿੰਮੇਵਾਰੀ ਨੂੰ ਬਾਖੂਬੀ ਨਿਭਾਇਆ ਜਾ ਰਿਹਾ ਹੈ, ਉੱਥੇ ਹੀ ਆਮ ਲੋਕਾਂ ਦਾ ਵੱਡੀ ਗਿਣਤੀ ਵਿਚ ਸਰਕਾਰੀ ਹਸਪਤਾਲ ਵੱਲ ਰੁੱਖ ਕਰਨਾ ਇਕ ਤਸੱਲੀਬਖ਼ਸ਼ ਵਰਤਾਰਾ ਹੈ।
ਉਨ੍ਹਾਂ ਦੱਸਿਆ ਕਿ ਰੂਪਨਗਰ ਦੇ ਐਮਰਜੈਂਸੀ ਵਾਰਡ ਵਿਚ ਵੀ ਅਪ੍ਰੈਲ ਮਹੀਨੇ ਵਿਚ 4987 ਮਰੀਜ਼ ਦਾਖਲ ਹੋਏ, ਜਦਕਿ ਐਕਸਰੇ ਵਿਭਾਗ 2253 ਮਰੀਜ਼ਾਂ ਨੇ ਲਾਭ ਲਿਆ, ਈ ਸੀ ਜੀ 867, ਗਰਭਵਤੀ ਮਹਿਲਾਵਾਂ ਦੇ 687 ਅਲਟਰਾਸਾਊਂਡ ਤੇ 124 ਦੇ ਕਰੀਬ ਇੱਥੇ ਡਿਲਿਵਰੀ ਕੇਸ ਦਰਜ ਕੀਤੇ ਗਏ ਹਨ ਜੋਕਿ ਆਮ ਨਾਲੋਂ ਕਈ ਗੁਣਾ ਜ਼ਿਆਦਾ ਹਨ।
ਐਡਵੋਕੇਟ ਚੱਢਾ ਨੇ ਦੱਸਿਆ ਕਿ ਹਸਪਤਾਲ ਦੇ ਵਿੱਚ ਪੀਪੀਪੀ ਮੋਡ ਰਾਹੀਂ 24 ਘੰਟੇ ਸੀ ਟੀ ਸਕੈਨ ਦੀਆਂ ਸੇਵਾਵਾਂ ਸ਼ੁਰੂ ਹੋ ਚੁੱਕਿਆ ਹਨ ਅਤੇ 24 ਘੰਟੇ ਲੈਬੋਰਟਰੀ ਟੈਸਟਾਂ ਦਾ ਕੰਮ ਨਿਰਮਾਣ ਅਧੀਨ ਹੈ ਜੋ ਕਿ ਬਹੁਤ ਜਲਦੀ ਸ਼ੁਰੂ ਕੀਤਾ ਜਾਵੇਗਾ। ਹਸਪਤਾਲ ਦੇ ਵਿੱਚ ਸੀਨੀਅਰ ਸਿਟੀਜ਼ਨ ਲਈ ਅਲਗ ਤੋਂ ਓ ਪੀ ਡੀ ਰਜਿਸਟ੍ਰੇਸ਼ਨ ਦਾ ਕਾਉਂਟਰ ਲਗਾਉਣ ਨਾਲ ਬਜ਼ੁਰਗਾਂ ਨੂੰ ਇਸਦਾ ਲਾਭ ਮਿਲ ਰਿਹਾ ਹੈ। ਹਸਪਤਾਲ ਵਿੱਚ ਮਰੀਜਾਂ ਦੀ ਵਧਦੀ ਗਿਣਤੀ ਨੂੰ ਦੇਖਦਿਆਂ ਸਿਹਤ ਵਿਭਾਗ ਵਿਚ ਪ੍ਰਸ਼ਾਸਨਿਕ ਸੇਵਾਵਾਂ ਨਿਭਾ ਰਹੇ ਸੀਨੀਅਰ ਅਫਸਰਾਂ ਵਲੋਂ ਵੀ ਡਾਕਟਰਾਂ ਦੇ ਨਾਲ ਰੋਜਾਨਾਂ ਮਰੀਜ ਦੇਖਣੇ ਸ਼ੁਰੂ ਕਰ ਦਿੱਤੇ ਗਏ ਹਨ।