ਆੜ੍ਹਤੀਏ ਤੇ ਪਰਚਾ ਦਰਜ ਕਰਵਾਉਣ ਲਈ ਲਾਇਆ ਧਰਨਾ 5 ਦਿਨ ਦਾ ਅਲਟੀਮੇਟਮ ਦੇ ਕੇ ਧਰਨਾ ਚੁੱਕਿਆ
ਦਲਜੀਤ ਕੌਰ ਭਵਾਨੀਗੜ੍ਹ
ਭਵਾਨੀਗੜ੍ਹ, 22 ਮਈ, 2022; ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵੱਲੋਂ ਜ਼ਿਲ੍ਹਾ ਪੱਧਰੀ ਧਰਨਾ ਬਲਾਕ ਭਵਾਨੀਗਡ਼੍ਹ ਦੇ ਥਾਣਾ ਕਾਲਾਝਾੜ੍ਹ ਵਿਖੇ ਦਿੱਤਾ ਗਿਆ।
ਇਹ ਧਰਨਾ ਜ਼ਿਲ੍ਹਾ ਪ੍ਰਧਾਨ ਅਮਰੀਕ ਸਿੰਘ ਗੰਢੂਆਂ ਦੀ ਅਗਵਾਈ ਹੇਠ ਦਿੱਤਾ ਗਿਆ। ਧਰਨੇ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਨੇ ਵੀ ਵਿਸ਼ੇਸ਼ ਤੌਰ ਤੇ ਸੰਬੋਧਨ ਕੀਤਾ। ਅੱਜ ਦਾ ਧਰਨਾ ਕਾਲਾਝਾੜ ਦੇ ਆੜਤੀ ਭਰਾਵਾ ਰੋਸ਼ਨ ਲਾਲ ਕਾਕਾ ਰਾਮ ਤੇ ਪਰਚਾ ਦਰਜ ਕਰਵਾਉਣ ਲਈ ਦਿੱਤਾ ਗਿਆ ਕਿਉਂਕਿ ਇਹਨਾ ਆੜ੍ਹਤੀਏ ਵੱਲੋਂ ਆਪਣੇ ਪਿੰਡ ਦੇ ਕਿਸਾਨ ਨਾਲ ਕਥਿਤ ਵੱਡੀ ਠੱਗੀ ਮਾਰੀ ਗਈ ਹੈ। ਇਸ ਆੜ੍ਹਤੀਏ ਨੇ ਕਾਲਾਝਾੜ ਪਿੰਡ ਦੇ ਕਿਸਾਨ ਸਤਨਾਮ ਸਿੰਘ ਲੱਖਾਂ ਦੀ ਠੱਗੀ ਮਾਰੀ। ਇਹ ਕਿਸਾਨ ਲਗਪਗ 30-35 ਸਾਲ ਤੋਂ ਇਸ ਆੜ੍ਹਤੀਏ ਦੇ ਆਪਣੀ ਫਸਲ ਵੇਚ ਰਹੇ ਸਨ ਪਰ ਇਹ ਆਡ਼੍ਹਤੀਆ ਪਰਿਵਾਰ ਨਾਲ ਠੱਗੀਆਂ ਮਾਰਦਾ ਰਿਹਾ।
ਇਸ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਪਿੰਡ ਕਾਲਾਝਾੜ ਵਿਖੇ ਮਿਤੀ 15.5.22 ਨੂੰ ਆਡ਼੍ਹਤੀਆਂ ਨਾਲ ਮੀਟਿੰਗ ਰੱਖੀ ਸੀ ਜਿਸ ਵਿੱਚ ਕਿਸਾਨ ਨੇ 13 ਸਾਲ ਦਾ ਹਿਸਾਬ ਮੰਗਿਆ ਪਰ ਆਡ਼੍ਹਤੀਏ ਨੇ ਸ਼ਰਾਰਤੀ ਅਨਸਰਾਂ ਰਾਹੀਂ ਜਥੇਬੰਦੀ ਦੇ ਆਗੂ ਤੇ ਹਮਲਾ ਕਰਵਾਇਆ ਇਸ ਲਈ ਆੜ੍ਹਤੀਆ ਰੌਸ਼ਨ ਲਾਲ ਤੇ ਧੋਖਾਧੜੀ ਅਤੇ ਗੁੰਡਾਗਰਦੀ ਦਾ ਪਰਚਾ ਦਰਜ ਕੀਤਾ ਜਾਵੇ।
ਆਗੂਆ ਨੇ ਕਿਹਾ ਜੇਕਰ ਆਡ਼੍ਹਤੀਆਂ ਸਹੀ ਹੈ ਤਾਂ ਆੜ੍ਹਤੀਆ 13 ਸਾਲਾ ਹਿਸਾਬ ਕਿਉਂ ਨਹੀਂ ਦੇ ਰਿਹਾ ਆਡ਼੍ਹਤੀਆ ਵਾਰ ਵਾਰ ਗੱਲ ਤੋਂ ਮੁੱਕਰ ਰਿਹਾ ਹੈ ਇਸ ਮੌਕੇ ਆਗੂਆਂ ਨੇ ਕਿਹਾ ਕਿ ਜੇਕਰ ਆੜ੍ਹਤੀ ਅਤੇ ਪਰਚਾ ਦਰਜ ਨਾ ਹੋਇਆ ਤਾਂ ਅਗਲੇ ਸੰਘਰਸ਼ਾਂ ਦੀ ਰੂਪ ਰੇਖਾ ਉਲੀਕੀ ਜਾਵੇਗੀ।
ਭਾਰਤੀ ਕਿਸਾਨ ਯੂਨੀਅਨ ਉਗਰਾਹਾ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਨੇ ਆੜ੍ਹਤੀਆ ਰੌਸ਼ਨ ਲਾਲ ਉਸ ਦੇ ਭਰਾ ਕਾਕਾ ਰਾਮ ਉਹਨਾ ਦੇ ਪੁੱਤਰ ਨੋਨੀ ਰਾਮ ਉਪਰ ਪਰਚਾ ਕਰਕੇ ਅੰਦਰ ਕਰਨ ਲਈ ਦਿੱਤਾ ਪੰਜ ਦਿਨ ਦਾ ਅਲਟੀਮੇਟਮ ਦਿੱਤਾ। ਐਸ ਪੀ ਡੀ ਵੱਲੋਂ ਆਡ਼੍ਹਤੀ ਭਰਾਵਾਂ ਵਿਰੁੱਧ ਪਰਚਾ ਦਰਜ ਦਰਜ ਕਰਨ ਦਾ ਵਿਸ਼ਵਾਸ ਦਿਵਾਉਣ ਤੋਂ ਬਾਅਦ ਧਰਨਾ ਚੁੱਕ ਦਿੱਤਾ ਗਿਆ।
ਇਸ ਮੌਕੇ ਸੂਬਾ ਮੀਤ ਪ੍ਰਧਾਨ ਜਨਕ ਸਿੰਘ ਭੁਟਾਲ, ਸੂਬਾ ਆਗੂ ਜਸਵਿੰਦਰ ਸਿੰਘ ਲੋਂਗੋਵਾਲ, ਜਗਤਾਰ ਸਿੰਘ ਕਾਲਾਝਾਡ਼, ਜ਼ਿਲਾ ਜਨਰਲ ਸਕੱਤਰ ਦਰਬਾਰਾ ਸਿੰਘ ਛਾਜਲਾ, ਹਰਪਾਲ ਪੇਧਨੀ ਜ਼ਿਲ੍ਹੇ ਦੇ ਆਗੂ ਅਤੇ ਭਵਾਨੀਗੜ੍ਹ ਬਲਾਕ ਦੇ ਪ੍ਰਧਾਨ ਅਜੈਬ ਸਿੰਘ ਲੱਖੇਵਾਲ ਸੁਨਾਮ ਬਲਾਕ ਦੇ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ, ਬਲਾਕ ਸੰਗਰੂਰ ਦੇ ਪ੍ਰਧਾਨ ਗੋਬਿੰਦਰ ਮੰਗਵਾਲ, ਲਹਿਰਾ ਬਲਾਕ ਦੇ ਪ੍ਰਧਾਨ ਹਰਮਿੰਦਰ ਪਿਸ਼ੋਰ, ਦਿੜ੍ਹਬਾ ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ ਸਾਦੀਹਰੀ, ਧੂਰੀ ਬਲਾਕ ਦੇ ਪ੍ਰਧਾਨ ਹਰਬੰਸ ਸਿੰਘ ਲੱਡਾ, ਮਲੇਰਕੋਟਲਾ ਬਲਾਕ ਦੇ ਪ੍ਰਧਾਨ ਕੁਲਵਿੰਦਰ ਸਿੰਘ ਭੂਦਨ, ਅਮਰਗੜ੍ਹ ਬਲਾਕ ਦੇ ਪ੍ਰਧਾਨ ਦਰਸ਼ਨ ਸਿੰਘ, ਅਹਿਮਦਗੜ੍ਹ ਬਲਾਕ ਦੇ ਪ੍ਰਧਾਨ ਸ਼ੇਰ ਸਿੰਘ, ਮੂਣਕ ਬਲਾਕ ਦੇ ਪ੍ਰਧਾਨ ਸੁਖਦੇਵ ਸਿੰਘ ਕੜੈਲ ਆਦਿ ਹਾਜ਼ਰ ਸਨ।
ਉੱਧਰ ਜਦੋਂ ਇਸ ਸੰਬੰਧੀ ਆਡ਼੍ਹਤੀਆ ਰੋਸ਼ਨ ਲਾਲ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਪਿੰਡ ਦੇ ਪਤਵੰਤੇ ਅਤੇ ਪੰਚਾਇਤ ਦਾ ਕੋਈ ਵੀ ਨੁਮਾਇੰਦਾ ਸਾਡੇ ਨਾਲ ਆ ਕੇ ਹਿਸਾਬ ਕਰ ਲਵੇ ਅਸੀਂ ਸਹਿਮਤ ਹਾਂ।