ਥਾਣੇ ਅੱਗੇ ਧਰਨਾ ਦੇਣ ਵਾਲੇ ਲੀਡਰਾਂ ਤੇ ਪੁਲਿਸ ਨੇ ਫੇਰਿਆ ਝਾੜੂ
ਅਸ਼ੋਕ ਵਰਮਾ
ਸ੍ਰੀ ਮੁਕਤਸਰ ਸਾਹਿਬ ,22ਮਈ2022: ਸ੍ਰੀ ਮੁਕਤਸਰ ਸਾਹਿਬ ਜਿਲ੍ਹੇ ਦੇ ਥਾਣਾ ਗਿੱਦੜਬਾਹਾ ਦੇ ਗੇਟ ਅੱਗੇ ਧਰਨਾ ਲਗਾਉਣ ਵਾਲੇ ਕਾਂਗਰਸੀ ਵਰਕਰਾਂ ਵਿਰੁੱਧ ਮਾਮਲਾ ਦਰਜ ਕੀਤਾ ਹੈ ਜਿੰਨ੍ਹਾਂ ਵਿੱਚ ਕਾਂਗਰਸ ਪਾਰਟੀ ਦੇ ਅੱਧੀ ਦਰਜਨ ਕੌਂਸਲਰ ਵੀ ਸ਼ਾਮਲ ਹਨ। ਇਹ ਧਰਨਾ ਬੀਤੇ ਦਿਨੀਂ ਹਲਕੇ ਦੇ ਪਿੰਡ ਬੁੱਟਰ ਬਖੂਹਾ ਦੀ ਸਰਪੰਚ ਅਮਰਜੀਤ ਕੌਰ ਦੇ ਪਤੀ ਹਰਬੰਸ ਸਿੰਘ ਦੀ ਪਿੰਡ ਦੇ ਹੀ ਕੁਲਵਿੰਦਰ ਸਿੰਘ ਨਾਮੀ ਵਿਅਕਤੀ ਵੱਲੋਂ ਮਾਰਕੁੱਟ ਕਰਨ ਦੇ ਮਾਮਲੇ ’ਚ ਪੁਲੀਸ ਦੀ ਕਥਿਤ ਢਿੱਲੀ ਕਾਰਵਾਈ ਨੂੰ ਲੈ ਕੇ ਕਾਂਗਰਸ ਦੇ ਵਰਕਰਾਂ ਨੇ ਆਪਣੀ ਲੀਡਰਸ਼ਿਪ ਦੀ ਅਗਵਾਈ ਹੇਠ ਲਾਇਆ ਸੀ। ਧਰਨਾਕਾਰੀਆਂ ਨੇ ਹਰਬੰਸ ਸਿੰਘ ਦੀ ਕੁੱਟਮਾਰ ਕਰਨ ਅਤੇ ਜਾਤੀ ਸੂਚਕ ਸ਼ਬਦ ਬੋਲਣ ਨੂੰ ਲੈਕੇ ਐਸ ਸੀ ਐਕਟ ਤਹਿਤ ਕਾਰਵਾਈ ਦੀ ਮੰਗ ਕੀਤੀ ਸੀ।
ਹੁਣ ਥਾਣਾ ਗਿੱਦੜਬਾਹਾ ਪੁਲਿਸ ਨੇ ਕੌਂਸਲਰ ਦੀਪਕ ਗਰਗ, ਸੰਦੀਪ ਖਟਕ, ਸੁਰਿੰਦਰ ਕੁਮਾਰ, ਦੀਪਕ ਤੇਜਾ, ਅਵਤਾਰ ਸਿੰਘ ਤਾਰੀ, ਪਵਨ ਬਾਂਸਲ ਪ੍ਰਧਾਨ ਸਹਾਰਾ ਕਲੱਬ, ਸ਼ਮਿੰਦਰ ਸਿੰਘ ਸਰਪੰਚ ਪਿਓਰੀ, ਸੂਬਾ ਸਿੰਘ ਸਰਪੰਚ ਬੁਬਾਣੀਆ, ਕੌਂਸਲਰ ਸੁਖਮੰਦਰ ਸਿੰਘ ਲੱਕੀ, ਦਵਿੰਦਰ ਸਿੰਘ ਹੰਟੀ, ਨਿੰਦਰ ਸਿੰਘ ਐਮ.ਸੀ., ਜੈ ਦੇਵ, ਨੀਰਜ ਸ਼ਰਮਾਂ, ਯੂਥ ਕਾਂਗਰਸ ਦੇ ਪ੍ਰਧਾਨ ਸੰਨੀ ਗਰੋਵਰ, ਵਕੀਲ ਕਿੰਗਰਾ, ਸ਼ਿਵਰਾਜ ਸਿੰਘ, ਪਿੰਦਰ ਸਿੰਘ, ਲਖਵਿੰਦਰ ਸਿੰਘ ਲੱਖਾ ਐਮ.ਸੀ., ਰੇਸ਼ਮ ਸਿੰਘ, ਕੁਲਵੀਰ ਸਿੰਘ, ਸੁਖਜਿੰਦਰ ਸਿੰਘ ਬਾਦਲ, ਹਰਬੰਸ ਰਾਮ, ਕੁਲਵੰਤ ਸਿੰਘ, ਕੇਵਲ ਸਿੰਘ, ਮਲਕੀਤ ਸਿੰਘ ਪ੍ਰਧਾਨ, ਰੇਸ਼ਮ ਸਿੰਘ ਪੁੱਤਰ ਮਹਿੰਦਰ ਸਿੰਘ, ਗੁਰਪਾਲ ਸਿੰਘ ਮੈਂਬਰ, ਪੋਹਲਾ ਸਿੰਘ ਮੈਂਬਰ, ਰਣਜੀਤ ਸਿੰਘ ਕਾਕਾ ਪ੍ਰਧਾਨ, ਮਹਿੰਦਰ ਸਿੰਘ ਮੈਂਬਰ, ਬਲਦੇਵ ਸਿੰਘ, ਮਹਾਸ਼ਾ ਸਿੰਘ ਅਤੇ ਬਲਵਿੰਦਰ ਸਿੰਘ ਪ੍ਰੇਮੀ ਖਿਲਾਫ ਮਾਮਲਾ ਦਰਜ ਕੀਤਾ ਹੈ।
ਪੁਲਿਸ ਨੇ ਇਹ ਆਗੂ ਥਾਣਾ ਗਿੱਦੜਬਾਹਾ ਦੇ ਗੇਟ ਅਤੇ ਰੇਲਵੇ ਸਟੇਸ਼ਨ ਨੂੰ ਜਾਣ ਵਾਲੀ ਸੜਕ ਤੇ ਇੱਕਠ ਕਰਕੇ ਆਵਾਜਾਈ ਵਿੱਚ ਵਿਘਨ ਪਾਉਣ ਅਤੇ ਪੁਲਿਸ ਦੇ ਕੰਮ ਕਾਜ ’ਚ ਰੁਕਾਵਟ ਪੈਦਾ ਕਰਨ ਦੇ ਜੁਰਮ ਤਹਿਤ ਧਾਰਾ 283, 186 ਅਧੀਨ ਨਾਮਜਦ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਕਾਂਗਰਸ ਆਗੂ ਦੀਪਕ ਗਰਗ ਅਤੇ ਅਵਤਾਰ ਸਿੰਘ ਤਾਰੀ ਨੇ ਪੁਲਿਸ ਵੱਲੋਂ ਦਰਜ ਮਾਮਲੇ ਨੂੰ ਝੂਠਾ ਅਤੇ ਸਿਆਸੀ ਦਵੇਸ਼ ਭਾਵਨਾ ਤਹਿਤ ਕੀਤੀ ਕਾਰਵਾਈ ਕਰਾਰ ਦਿੰਦਿਆਂ ਇਹ ਪੁਲਿਸ ਕੇਸ ਤੁਰੰਤ ਰੱਦ ਕਰਨ ਦੀ ਮੰਗ ਕੀਤੀ ਹੈ।