ਜ਼ਿਲ੍ਹਾ ਮਾਲੇਰਕੋਟਲਾ ਵਿੱਚ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ, ਕਿਸਾਨਾਂ ਵਿੱਚ ਭਾਰੀ ਉਤਸ਼ਾਹ
-- ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮ ਐਸ ਪੀ ਦੇਣ ਦਾ ਐਲਾਨ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ - ਪ੍ਰੋ ਜਸਵੰਤ ਸਿੰਘ ਗੱਜਣਮਾਜਰਾ
-- ਪਿੰਡ ਮੰਡਿਆਲਾ ਦੇ ਕਿਸਾਨ ਸ੍ਰੀ ਨਾਜਰ ਸਿੰਘ ਨੇ ਪਹਿਲੀ ਵਾਰ ਕੀਤੀ ,14 ਏਕੜ ‘ਚ ਝੋਨੇ ਦੀ ਸਿੱਧੀ ਬਿਜਾਈ
ਮੁਹੰਮਦ ਇਸਮਾਈਲ ਏਸ਼ੀਆ
ਮਾਲੇਰਕੋਟਲਾ 22 ਮਈ ,2022 - ਪੰਜਾਬ ਸਰਕਾਰ ਦੇ ਸੱਦੇ ਉੱਤੇ ਅੱਜ ਜ਼ਿਲ੍ਹਾ ਮਾਲੇਰਕੋਟਲਾ ਦੇ ਕਿਸਾਨਾਂ ਨੇ ਵੱਡੇ ਪੱਧਰ ਉੱਤੇ ਝੋਨੇ ਦੀ ਸਿੱਧੀ ਬਿਜਾਈ ਦੀ ਸ਼ੁਰੂਆਤ ਹੋ ਚੁੱਕੀ ਹੈ ਅੱਜ ਪਿੰਡ ਮੰਡਿਆਲਾ ਵਿਖੇ ਸਿੱਧੀ ਬਿਜਾਈ ਲਈ ਕਿਸਾਨਾਂ ਦਾ ਹੌਸਲਾ ਅਫ਼ਜ਼ਾਈ ਲਈ ਹਲਕਾ ਅਮਰਗੜ੍ਹ ਦੇ ਵਿਧਾਇਕ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਖ਼ੁਦ ਟਰੈਕਟਰ ਚਲਾ ਕੇ ਕੀਤੀ।
ਵਿਧਾਇਕ ਮਾਲੇਰਕੋਟਲਾ ਪ੍ਰੋ ਜਸਵੰਤ ਸਿੰਘ ਗੱਜਣਮਾਜਰਾ ਨੇ ਦੱਸਿਆ ਕਿ ਪੰਜਾਬ ਸਰਕਾਰ ਕਿਸਾਨਾਂ ਨੂੰ ਰਵਾਇਤੀ ਫ਼ਸਲੀ ਚੱਕਰ ਵਿਚੋਂ ਕੱਢਣ ਲਈ ਹਰ ਉਪਰਾਲਾ ਕਰ ਰਹੀ ਹੈ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਮੂੰਗੀ ਅਤੇ ਹੋਰ ਫ਼ਸਲਾਂ ਉੱਤੇ ਐਮ ਐਸ ਪੀ ਦੇਣ ਦਾ ਐਲਾਨ ਸੂਬੇ ਵਿੱਚ ਫ਼ਸਲੀ ਵਿਭਿੰਨਤਾ ਵੱਲ ਵੱਡਾ ਕਦਮ ਸਾਬਤ ਹੋਵੇਗਾ। ਉਹਨਾਂ ਕਿਹਾ ਕਿ ਧਰਤੀ ਹੇਠਲੇ ਪਾਣੀ ਨੂੰ ਹੋਰ ਹੇਠਾਂ ਜਾਣ ਤੋਂ ਰੋਕਣ ਲਈ ਕਿਸਾਨਾਂ ਨੂੰ ਪੰਜਾਬ ਸਰਕਾਰ ਦੀ ਅਪੀਲ ਮੰਨ ਕੇ ਇਸ ਵਾਰ ਤੋਂ ਸਿੱਧੀ ਬਿਜਾਈ ਕਰਨੀ ਚਾਹੀਦੀ ਹੈ। ਅਜਿਹੇ ਕਿਸਾਨਾਂ ਨੂੰ ਪ੍ਰਤੀ ਏਕੜ 1500 ਰੁਪਏ ਸਹਾਇਤਾ ਰਾਸ਼ੀ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਸਿੱਧੀ ਬਿਜਾਈ ਨਾਲ ਜਿੱਥੇ ਧਰਤੀ ਹੇਠਲਾ ਪਾਣੀ ਬਚਦਾ ਹੈ ਉੱਥੇ ਹੀ ਫ਼ਸਲ ਦਾ ਝਾੜ ਵੀ ਜ਼ਿਆਦਾ ਮਿਲਦਾ ਹੈ। ਉਹਨਾਂ ਨੇ ਅਪੀਲ ਕੀਤੀ ਜੇਕਰ ਅਸੀਂ ਆਪਣੀਆਂ ਆਉਣ ਵਾਲੀਆਂ ਨਸਲਾਂ ਨੂੰ ਬਚਾਉਣਾ ਹੈ ਤਾਂ ਸਾਨੂੰ ਧਰਤੀ ਹੇਠਲੇ ਪਾਣੀ ਦੀ ਬੱਚਤ ਕਰਨੀ ਪਵੇਗੀ।
ਖੇਤੀਬਾੜੀ ਵਿਕਾਸ ਅਫ਼ਸਰ ਮਲੇਰਕੋਟਲਾ ਡਾ ਨਵਦੀਪ ਕੁਮਾਰ ਨੇ ਕਿਸਾਨਾਂ ਨੂੰ ਝੋਨੇ ਦੀ ਸਿੱਧੀ ਬਿਜਾਈ ਤੋਂ ਹੋਣ ਵਾਲੇ ਲਾਭ ਸਬੰਧੀ ਦੱਸਿਆ ਜਿਵੇਂ ਕਿ 15-20% ਪਾਣੀ ਦੀ ਬੱਚਤ, ਮਜ਼ਦੂਰੀ ਦੀ ਬੱਚਤ, ਭੂਮੀਗਤ ਪਾਣੀ ਦਾ 10 -12 % ਜ਼ਿਆਦਾ ਰੀਚਾਰਜ ਹੋਣਾ, ਝੋਨੇ ਦੀ ਪਰਾਲੀ ਦਾ ਪ੍ਰਬੰਧ ਕਰਨਾ ਸੌਖਾ, ਅਗਲੀ ਫ਼ਸਲ ਲਈ ਖੇਤ ਤਿਆਰ ਕਰਨਾ ਸੌਖਾ, ਬਿਮਾਰੀਆਂ ਅਤੇ ਕੀੜਿਆਂ ਦਾ ਘੱਟ ਹਮਲਾ ਅਤੇ ਖ਼ੁਰਾਕ ਤੱਤਾ ਦਾ ਜ਼ਿਆਦਾ ਉਪਲਬਧ ਹੋਣਾ,ਕਣਕ ਦੇ ਝਾੜ ਦਾ ਵਾਧਾ ਆਦਿ ਜਿਹੇ ਹੋਣ ਵਾਲੇ ਫ਼ਾਇਦਿਆਂ ਸਬੰਧੀ ਤਕਨੀਕੀ ਜਾਣਕਾਰੀ ਦਿੱਤੀ।
ਖੇਤੀਬਾੜੀ ਵਿਕਾਸ ਅਫ਼ਸਰ ਮਾਲੇਰਕੋਟਲਾ ਡਾ ਕੁਲਦੀਪ ਕੌਰ ਨੇ ਕਿਸਾਨਾਂ ਨੂੰ ਝੋਨੇ ਦਾ ਬੀਜ ਸੋਧ ਕੇ ਬੀਜਣ ਦੀ ਅਪੀਲ ਕੀਤੀ। ਇੰਦਰਦੀਪ ਕੌਰ ਖੇਤੀਬਾੜੀ ਉਪ ਨਿਰੀਖਕ ਨੇ ਦੱਸਿਆ ਕਿ ਝੋਨੇ ਦੀ ਸਿੱਧੀ ਬਿਜਾਈ ਸਵੇਰੇ ਜਾਂ ਸ਼ਾਮ ਨੂੰ ਕੀਤੀ ਜਾਵੇ ਅਤੇ ਦੁਪਹਿਰ ਨੂੰ ਸਿੱਧੀ ਕਰਨ ਤੋਂ ਗੁਰੇਜ਼ ਕੀਤਾ ਜਾਵੇ ਅਤੇ ਬਿਜਾਈ ਤੋਂ ਤੁਰੰਤ ਬਾਅਦ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵੱਲੋਂ ਸਿਫ਼ਾਰਸ਼ ਨਦੀਨ ਨਾਸ਼ਕਾਂ ਦੀ ਸਪਰੇਅ ਕੀਤੀ ਜਾਵੇ ਤਾਂ ਜੋ ਨਦੀਣਾਂ ਦੀ ਰੋਕਥਾਮ ਸੁਖਾਲੀ ਕੀਤੀ ਜਾਵੇ । ਪਿੰਡ ਮੰਡਿਆਲਾ ਦਾ ਕਿਸਾਨ ਸ੍ਰੀ ਨਾਜਰ ਸਿੰਘ ਨੇ ਇਸ ਵਾਰ 14 ਏਕੜ ਝੋਨੇ ਦੀ ਸਿੱਧੀ ਬਿਜਾਈ ਕੀਤੀ ਹੈ, ਨਾਜਰ ਸਿੰਘ ਪਹਿਲੀ ਵਾਰ ਝੋਨੇ ਦੀ ਸਿੱਧੀ ਬਿਜਾਈ ਕਰ ਰਿਹਾ ਹੈ। ਕਿਸਾਨਾਂ ਨੇ ਕਿਹਾ ਕਿ ਝੋਨੇ ਦੀ ਸਿੱਧੀ ਬਿਜਾਈ ਕਰਨ ਦਾ ਖਰਚਾ, ਰਵਾਇਤੀ ਕੱਦੂ ਕਰਕੇ ਝੋਨਾ ਲਾਉਣ ਦੇ ਮੁਕਾਬਲੇ ਬਹੁਤ ਘੱਟ ਖਰਚਾ ਹੁੰਦਾ ਹੈ ਅਤੇ ਕਿਸਾਨਾਂ ਨੂੰ ਲਾਭ ਜ਼ਿਆਦਾ ਹੁੰਦਾ ਹੈ।ਇਸ ਦੌਰਾਨ ਕੁਲਦੀਪ ਕੌਰ ਖੇਤੀਬਾੜੀ ਵਿਕਾਸ ਅਫ਼ਸਰ, ਮਨਵੀਰ ਸਿੰਘ ਦਲਜੀਤ ਸਿੰਘ
ਲਖਵੀਰ ਚੰਦ ਕਿਸਾਨ ਸ੍ਰੀ ਨਾਜਰ ਸਿੰਘ ਸ੍ਰੀ ਬਲਵਿੰਦਰ ਸਿੰਘ ਸ੍ਰੀ,ਹਰਦੀਪ ਸਿੰਘ, ਸ੍ਰੀ ਮਲਕੀਤ ਸਿੰਘ, ਸ੍ਰੀ ਜਸਮਪ੍ਰੀਤ ਸਿੰਘ ਸਿੰਘ, ਸ੍ਰੀ ਧਰਮਜੀਤ ਸਿੰਘ, ਸ੍ਰੀ ਦਰਸ਼ਨ ਸਿੰਘ,ਸ੍ਰੀ ਸਤਾਰ ਮੁਹੰਮਦ, ਸ੍ਰੀ ਗਾਮਾ ਸ਼ਾਹ, ਸ੍ਰੀ ਜਗਪਾਲ ਸਿੰਘ ਵੀ ਮੌਜੂਦ ਸਨ ।