ਸੰਗਤਾਂ ਨੂੰ ਧਾਰਮਿਕ ਸਾਹਿਤ ਮੁਫ਼ਤ ਵੰਡਿਆ
ਰਾਏਕੋਟ, 22 ਮਈ 2022 (ਨਿਰਮਲ ਦੋਸਤ) - ਸਮਾਜ ਸੇਵਾ ਦੇ ਖੇਤਰ 'ਚ ਨਾਮਵਾਰ ਸੰਸਥਾ ਭਾਈ ਨੂਰਾ ਮਾਹੀ ਕਲੱਬ(ਰਜਿ:), ਰਾਏਕੋਟ ਵੱਲੋਂ ਕਲੱਬ ਦੇ ਸਰਪ੍ਰਸਤ ਡਾ.ਕਰਵਿੰਦਰ ਸਿੰਘ ਯੂ.ਕੇ.(ਰਾਏਕੋਟ ਵਾਲੇ) ਦੀ ਪ੍ਰੇਰਨਾ ਸਦਕਾ ਅਤੇ ਵਾਹਿਗੁਰੂ ਸਾਹਿਬ ਜੀ ਦੀ ਅਪਾਰ ਕਿਰਪਾ ਸਦਕਾ ਸ਼੍ਰੀ ਗੁਰੂ ਅਮਰਦਾਸ ਸਾਹਿਬ ਪਾਤਸ਼ਾਹੀ ਤੀਜੀ ਦਾ ਅਵਤਾਰ ਦਿਹਾੜਾ ਇਤਿਹਾਸਕ ਪਿੰਡ ਸਿੱਧਵਾਂ ਕਲਾਂ ਵਿਖੇ ਗੁਰਦੁਆਰਾ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹੀ 6ਵੀਂ ਵਿਖੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਅਤੇ ਨਗਰ ਵਾਸੀਆਂ ਦੇ ਭਰਪੂਰ ਸਹਿਯੋਗ ਸਦਕਾ ਵਿਸ਼ਾਲ ਗੁਰਮਤਿ ਸਮਾਗਮ(ਕਥਾ, ਕੀਰਤਨ ਤੇ ਢਾਡੀ ਦਰਬਾਰ) ਕਰਵਾਇਆ ਗਿਆ। ਇਸ ਮੌਕੇ ਸੰਗਤਾਂ ਨੇ ਭਾਰੀ ਗਿਣਤੀ 'ਚ ਸ਼ਾਮਲ ਹੋ ਕੇ ਹਰ ਜੱਸ ਲਾਹਾ ਪ੍ਰਾਪਤ ਕੀਤਾ।
ਇਸ ਗੁਰਮਤਿ ਸਮਾਗਮ ਮੌਕੇ ਗੁਰਦੁਆਰਾ ਦਸ਼ਮੇਸ਼ ਦਰਬਾਰ, ਗੋਂਦਵਾਲ ਦੇ ਮੁੱਖ ਸੇਵਾਦਾਰ ਭਾਈ ਸੁਖਵਿੰਦਰ ਸਿੰਘ ਗੋਂਦਵਾਲ(ਰਾਏਕੋਟ) ਦੇ ਕੀਰਤਨੀ ਜੱਥੇ ਵੱਲੋਂ ਸੰਗਤਾਂ ਨੂੰ ਰਸਭਿੰਨਾ ਕੀਰਤਨ ਸਰਵਣ ਕਰਵਾਇਆ ਗਿਆ। ਸਿੱਖ ਕੌਮ ਦੇ ਇੰਟਰਨੈਸ਼ਨਲ ਕਥਾ ਵਾਚਕ ਭਾਈ ਦਰਸ਼ਨ ਸਿੰਘ ਲੰਮਾ ਜੱਟਪੁਰਾ ਵਾਲਿਆਂ ਨੇ ਕਥਾ ਵਖਿਆਨ ਕਰਦਿਆਂ ਕਿਹਾ ਕਿ ਜਦੋਂ ਅਸੀਂ ਗੁਰੂ ਦੇ ਲੜ ਲੱਗ ਜਾਂਦੇ ਹਾਂ ਤਾਂ ਸਾਨੂੰ ਜੀਵਨ ਜਿਉਣ ਦੀ ਜਾਚ ਆ ਜਾਂਦੀ ਹੈ। ਫਿਰ ਸਾਡਾ ਦੁਨੀਆ 'ਤੇ ਆਉਂਣਾ ਸਫਲ ਹੋ ਜਾਂਦਾ ਹੈ। ਭਾਈ ਜਸਪਾਲ ਸਿੰਘ "ਤਾਨ" ਦੇ ਢਾਡੀ ਜੱਥੇ ਨੇ ਢਾਡੀ ਵਾਰਾਂ ਸੁਣਾ ਕੇ ਸੰਗਤਾਂ ਨੂੰ ਸਿੱਖ ਇਤਿਹਾਸ ਤੋਂ ਜਾਣੂ ਕਰਵਾਇਆ। ਤਨਪ੍ਰੀਤ ਸਿੰਘ, ਮਨਪ੍ਰੀਤ ਸਿੰਘ ਜੋੜੇ ਭਰਾਵਾਂ ਨੇ ਕਵੀਸ਼ਰੀ ਪੇਸ਼ ਕੀਤੀ। ਕਲੱਬ ਵੱਲੋ ਂਂ ਸਟਾਲ ਲਗਾ ਕੇ ਸੰਗਤਾਂ ਨੂੰ ਮੁਫ਼ਤ ਤੌਰ 'ਤੇ ਧਾਰਮਿਕ ਸਾਹਿਤ ਵੰਡਿਆ ਗਿਆ। ਇਸ ਮੌਕੇ ਵੱਖ-ਵੱਖ ਆਗੂਆਂ ਨੂੰ ਸਿਰੋਪਾਓ ਦੀ ਬਖਸ਼ਿਸ਼ ਕੀਤੀ ਗਈ।
ਡਾ.ਕਰਵਿੰਦਰ ਸਿੰਘ ਦਾ ਸਨਮਾਨ ਭਾਈ ਸੁਖਵਿੰਦਰ ਸਿੰਘ ਨੇ ਪ੍ਰਾਪਤ ਕੀਤਾ। ਗੁਰਦੁਆਰਾ ਸ੍ਰੀ ਹਰਗੋਬਿੰਦ ਸਾਹਿਬ ਪਾਤਸ਼ਾਹੀ 6ਵੀਂ ਦੇ ਮੁੱਖ ਸੇਵਾਦਾਰ ਭਾਈ ਮੁਖਤਿਆਰ ਸਿੰਘ ਨੇ ਭਾਈ ਨੂਰਾ ਮਾਹੀ ਕਲੱਬ ਅਤੇ ਸਾਰੀਆਂ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸਟੇਜ ਸਕੱਤਰ ਦੀ ਸੇਵਾ ਗਿਆਨੀ ਚਰਨਜੀਤ ਸਿੰਘ ਨੇ ਬਾਖੂਬੀ ਨਿਭਾਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਗੁਰਦੁਆਰਾ ਸਾਹਿਬ ਦੀ ਕਮੇਟੀ ਦੇ ਪ੍ਰਧਾਨ ਸੋਹਣ ਸਿੰਘ ਸਿੱਧਵਾਂ, ਮੀਤ ਪ੍ਰਧਾਨ ਕਰਮਜੀਤ ਸਿੰਘ ਕਰਮਾ ਸਿੱਧੂ, ਦਲਜੀਤ ਸਿੰਘ ਕੱਕੂ ਸਿੱਧਵਾਂ, ਗਿਆਨ ਸਿੰਘ , ਪੰਚ ਹਰਦੇਵ ਸਿੰਘ, ਇੰਸਪੈਕਟਰ ਬਲਦੇਵ ਸਿੰਘ, ਨਰਿੰਦਰ ਸਿੰਘ ਸਿੱਧੂ, ਦਰਸ਼ਨ ਸਿੰਘ ਸਿਵੀਆਂ, ਸੂਬੇਦਾਰ ਹਰਪਾਲ ਸਿੰਘ, ਜਸਵੀਰ ਸਿੰਘ, ਗੁਰਮੇਲ ਸਿੰਘ, ਸੇਵਾਦਾਰ ਗੁਰਦੀਪ ਸਿੰਘ ਉਰਫ ਸਾਧੂ ਸਿੰਘ ਹਾਜ਼ਰ ਸਨ। ਵਰਣਨਯੋਗ ਹੈ ਕਿ ਭਾਈ ਨੂਰਾ ਮਾਹੀ ਕਲੱਬ(ਰਜਿ:) ਵੱਲੋਂ ਹਿੰਦ ਦੀ ਚਾਦਰ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਗੁਰਮਤਿ ਸਮਾਗਮ ਦਰਜਨ ਦੇ ਕਰੀਬ ਪਿੰਡਾਂ 'ਚ ਕਰਵਾਏ ਜਾ ਚੁੱਕੇ ਹਨ, ਜਿਸ ਦਾ ਮਕਸਦ ਸੰਗਤਾਂ ਨੂੰ ਗੁਰਬਾਣੀ ਨਾਲ ਜੋੜਨਾ ਹੈ। ਇਸ ਮੌਕੇ ਗੁਰੂ ਕਾ ਲੰਗਰ ਅਤੁੱਟ ਵਰਤਿਆ। ਇਸ ਗੁਰਮਤਿ ਸਮਾਗਮ ਦੀ ਲੋਕਾਂ ਵੱਲੋਂ ਭਰਪੂਰ ਸ਼ਲਾਘਾ ਕੀਤੀ ਜਾ ਰਹੀ ਹੈ।