ਪੰਜਾਬ ਵਿਧਾਨ ਸਭਾ ਬੰਦੀ ਸਿੱਖਾਂ ਦੀ ਰਿਹਾਈ ਲਈ ਮਤਾ ਪਾਸ ਕਰੇ - ਖਾਲੜਾ ਮਿਸ਼ਨ
- ਬੰਦੀ ਸਿੱਖ ਰਿਹਾਈ ਮੋਰਚੇ ਵਿਚ ਖਾਲੜਾ ਮਿਸ਼ਨ ਨੇ ਭਰੀ ਹਾਜ਼ਰੀ
ਅੰਮ੍ਰਿਤਸਰ, 22 ਮਈ 2022 - ਅੱਜ ਸਰਾਭੇ ਵਿਖੇ ਬੰਦੀ ਸਿੱਖਾਂ ਦੀ ਰਿਹਾਈ ਲਈ ਲੱਗੇ ਮੋਰਚੇ ਵਿਚ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਹਾਜ਼ਰੀ ਭਰਨ ਤੋਂ ਬਾਅਦ ਕਿਹਾ ਕਿ ਸੰਗਤਾਂ ਨੂੰ ਬਲਦੇਵ ਸਿੰਘ ਸਰਾਭਾ ਦਾ ਸਹਿਯੋਗ ਕਰਕੇ ਮੋਰਚੇ ਨੂੰ ਕਾਮਯਾਬ ਕਰਨਾ ਚਾਹੀਦਾ ਹੈ। ਜਥੇਬੰਦੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਬੰਦੀ ਸਿੱਖਾਂ ਦੀ ਰਿਹਾਈ ਲਈ ਪੰਜਾਬ ਵਿਧਾਨ ਸਭਾ ਵਿਚ ਮਤਾ ਪਾਸ ਕਰਾਕੇ ਕੇਂਦਰ ਸਰਕਾਰ ਨੂੰ ਭੇਜੇ।
ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਕਿੰਨੇ ਦੁਖ ਦੀ ਗੱਲ ਹੈ, ਜਿਸ ਆਮ ਆਦਮੀ ਪਾਰਟੀ ਨੇ ਪੰਜਾਬ ਵਿਚ ਬੀ.ਐਸ.ਐਫ. ਦਾ ਘੇਰਾ ਵਧਾਉਣ ਖਿਲਾਫ ਪੰਜਾਬ ਵਿਧਾਨ ਸਭਾ ਵਿਚ ਪਾਸ ਮਤੇ ਦੀ ਹਮੈਤ ਕੀਤੀ, ਅੱਜ ਉਹ ਪਾਰਟੀ ਵਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ ਮਿਲਕੇ ਕੇਂਦਰੀ ਸੁਰੱਖਿਆ ਬਲਾਂ ਦੀ ਮੰਗ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜਿਹੜਾ ਰੋਗ ਰਵਾਇਤੀ ਪਾਰਟੀਆਂ ਨੂੰ ਲੱਗਾ ਸੀ, ਉਹੋ ਰੋਗ ਆਮ ਆਦਮੀ ਪਾਰਟੀ ਨੂੰ ਵੀ ਲੱਗ ਗਿਆ ਹੈ।
ਸਿੱਖਾਂ ਨੂੰ ਅੱਤਵਾਦੀ, ਵੱਖਵਾਦੀ ਦੱਸਣਾ ਤੇ ਜ਼ੁਲਮ ਢਾਹੁਣਾ ਰਵਾਇਤੀ ਪਾਰਟੀਆਂ ਵਾਲਾ ਰਾਹ ਫੜ ਲਿਆ ਹੈ। ਉਨ੍ਹਾਂ ਕਿਹਾ ਕਿ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੇ ਫੌਜੀ ਹਮਲਾ, ਝੂਠੇ ਮੁਕਾਬਲੇ, ਨਵੰਬਰ-84 ਕਤਲੇਆਮ, ਨਸ਼ੇ, ਬੇਅਦਬੀਆਂ ਅੱਤਵਾਦ ਸੀ। ਉਨ੍ਹਾਂ ਕਿਹ ਕਿ ਪੰਜਾਬ ਦਾ ਬੱਚਾ-ਬੱਚਾ ਚਾਹੁੰਦਾ ਹੈ ਕਿ ਬੰਦੀ ਸਿੱਖਾਂ ਦੀ ਰਿਹਾਈ ਹੋਵੇ, ਪਰ ਬਾਦਲ ਮੰਡਲੀ ਨੂੰ ਮਾਫ ਨਹੀਂ ਕਰਨਾ ਚਾਹੁੰਦਾ, ਕਿਉਂਕਿ ਇੰਨ੍ਹਾਂ ਧਰਮ ਯੁੱਧ ਮੋਰਚੇ ਨਾਲ ਗਦਾਰੀ ਕੀਤੀ, ਝੂਠੇ ਮੁਕਾਬਲੇ ਬਣਾਉਣ ਵਾਲੇ ਡੀ.ਜੀ.ਪੀ. ਲਾਏ, ਬੇਅਦਬੀਆਂ ਕਰਾਈਆਂ, ਨਸ਼ਿਆਂ ਦਾ ਪਾਪ ਕੀਤਾ। ਇਸ ਮੌਕੇ ਤੇ ਬਲਦੇਬ ਸਿੰਘ ਸਰਾਭਾ ਨਾਲ ਹਰਮਨਦੀਪ ਸਿੰਘ, ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਸਤਵਿੰਦਰ ਸਿੰਘ, ਸਤਵੰਤ ਸਿੰਘ ਮਾਣਕ ਆਦਿ ਹਾਜ਼ਰ ਸਨ।