ਕਾਲਾਝਾੜ ਦੇ ਆੜ੍ਹਤੀ ਅਤੇ ਕਿਸਾਨ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋਈਆਂ
ਬਾਬੂਸ਼ਾਹੀ ਨੈੱਟਵਰਕ
ਭਵਾਨੀਗੜ੍ਹ, 23 ਮਈ 2022- ਨੇੜਲੇ ਪਿੰਡ ਕਾਲਾਝਾੜ ਦੇ ਇੱਕ ਆੜ੍ਹਤੀ ਅਤੇ ਕਿਸਾਨ ਵਿਚਕਾਰ ਪੈਸਿਆਂ ਦੇ ਲੈਣ ਦੇਣ ਨੂੰ ਲੈ ਕੇ ਉਪਜਿਆ ਵਿਵਾਦ ਠੰਢਾ ਪੈਣ ਦਾ ਨਾਮ ਨਹੀਂ ਲੈ ਰਿਹਾ। ਮਾਮਲੇ ਨੂੰ ਲੈ ਕੇ ਕਿਸਾਨ ਦੀ ਪਿੱਠ ਤੇ ਜਿਥੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਖੁੱਲ ਕੇ ਆ ਖੜੀ ਹੋਈ ਹੈ , ਉੱਥੇ ਹੀ ਦਿਲਚਸਪ ਹੈ ਕਿ ਨੇੜਲੇ ਪਿੰਡਾਂ ਦੇ ਲੋਕ ਤੇ ਵੱਡੀ ਗਿਣਤੀ ਚ ਕਿਸਾਨ ਆੜ੍ਹਤੀਏ ਦੇ ਮੋਢੇ ਨਾਲ ਮੋਢਾ ਲਾ ਕੇ ਖੜ੍ਹੇ ਦਿਖਾਈ ਦੇ ਰਹੇ ਹਨ। ਜ਼ਿਕਰਯੋਗ ਹੈ ਕਿ ਦੋਵਾਂ ਧਿਰਾਂ ਵੱਲੋਂ ਇਕ ਦੂਜੇ ਖ਼ਿਲਾਫ਼ ਕਾਰਵਾਈ ਨੂੰ ਲੈ ਕੇ ਪੁਲਸ ਪ੍ਰਸ਼ਾਸਨ ਕੋਲ ਲਿਖਤੀ ਸ਼ਿਕਾਇਤਾਂ ਦਿੱਤੀਆਂ ਹੋਈਆਂ ਹਨ। ਤੇ ਆੜ੍ਹਤੀ ਖ਼ਿਲਾਫ਼ ਕਾਰਵਾਈ ਨਾ ਹੋਣ ਦੀ ਸੂਰਤ ਵਿੱਚ ਕਿਸਾਨ ਜਥੇਬੰਦੀ ਨੇ ਕਾਲਾਝਾਡ਼ ਚੌਕੀ ਦਾ ਘਿਰਾਓ ਕਰਨ ਦਾ ਅਲਟੀਮੇਟਮ ਦਿੱਤਾ ਹੋਇਆ ਸੀ,ਜਿਸ ਤਹਿਤ ਉਨ੍ਹਾਂ ਇਹ ਘਿਰਾਓ ਕੀਤਾ ਗਿਆ।
ਉੱਥੇ ਹੀ ਦੂਜੇ ਪਾਸੇ ਆੜ੍ਹਤੀਏ ਦੇ ਸਮਰਥਨ ਵਿੱਚ ਪਿੰਡ ਦੇ ਲੋਕਾਂ ਤੇ ਕਿਸਾਨਾਂ ਨੇ ਵੀ ਜਥੇਬੰਦੀ ਦੇ ਧਰਨੇ ਦੇ ਬਰਾਬਰ ਧਰਨਾ ਠੋਕ ਦਿੱਤਾ। ਜਿਸ ਵਿਚਾਲੇ ਪੁਲਸ ਪ੍ਰਸ਼ਾਸਨ ਦੋਹਾਂ ਧਿਰਾਂ ਨੂੰ ਸਮਝਾਉਣ ਵਿਚ ਬੇਵੱਸ ਨਜ਼ਰ ਆਈ ਉਥੇ ਹੀ ਪੁਲਸ ਅਧਿਕਾਰੀਆਂ ਨੇ ਕੈਮਰੇ ਮੂਹਰੇ ਬੋਲਣ ਤੋੰ ਸਾਫ ਇਨਕਾਰ ਕਰ ਦਿੱਤਾ। ਕਿਸਾਨ ਜਥੇਬੰਦੀ ਉਗਰਾਹਾਂ ਦੇ ਆਗੂਆਂ ਦਾ ਦੋਸ਼ ਹੈ ਕਿ ਆਡ਼੍ਹਤੀਆ ਪਿਛਲੇ ਕਈ ਸਾਲਾਂ ਤੋਂ ਪੀਡ਼ਤ ਕਿਸਾਨ ਨਾਲ ਪੈਸਿਆਂ ਦੀ ਠੱਗੀ ਮਾਰਦਾ ਰਿਹਾ ਹੈ ਜਦੋਂ ਕਿ ਆਡ਼੍ਹਤੀਏ ਦਾ ਕਹਿਣਾ ਹੈ ਉਸਨੇ ਕਿਸਾਨ ਤੋੰ 50-52 ਲੱਖ ਰੁਪਏ ਲੈਣੇ ਹਨ ਤੇ ਉਗਰਾਹਾਂ ਜਥੇਬੰਦੀ ਦੇ ਆਗੂ ਉਸਦੇ ਪੈਸੇ ਮੁਕਰਾਉਣ ਦੇ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ।