ਹੈਲੋ! ਹੈਲੋ! ਪਵਿੱਤਰ ਨਗਰੀ ਸੁਲਤਾਨਪੁਰ ਲੋਧੀ ਦੇ ਸਿਵਲ ਹਸਪਤਾਲ 'ਚ ਐਂਬੂਲੈਂਸ ਸੇਵਾਵਾਂ ਉਪਲਬਧ ਨਹੀਂ ਹਨ!
ਸਿਵਲ ਹਸਪਤਾਲ ਵਿਖੇ ਸਟਾਫ਼ ਦੀ ਘਾਟ 'ਤੇ ਲੰਮੀਆਂ ਕਤਾਰਾਂ ਲੱਗਣ ਕਾਰਨ ਮਰੀਜ਼ਾਂ ਨੂੰ ਕਰਨਾ ਪੈਂਦਾ ਹੈ ਪੇ੍ਸ਼ਾਨੀਆਂ ਦਾ ਸਾਹਮਣਾ
ਲੋਕਾਂ ਨੂੰ ਠੀਕ ਕਰਨ ਵਾਲਾ ਹਸਪਤਾਲ ਸਟਾਫ਼ ਦੀ ਘਾਟ ਕਾਰਨ ਖ਼ੁਦ ਬਿਮਾਰ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ 23 ਮਈ 2022 ਜਗਤ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਧਰਤੀ ਸੁਲਤਾਨਪੁਰ ਲੋਧੀ ਜਿਸ ਨੂੰ ਭਾਵੇਂ ਕਿ ਸਮਾਰਟ ਸਿਟੀ ਦਾ ਦਰਜਾ ਮਿਲਿਆ ਹੋਇਆ ਹੈ ਪਰ ਹਾਲੇ ਵੀ ਇੱਥੋਂ ਦੇ ਲੋਕ ਮੁੱਖ ਸਹੂਲਤਾਂ ਤੋਂ ਸੱਖਣੇ ਹਨ। ਮੌਜੂਦਾ ਦੌਰ ਵਿੱਚ ਭਾਵੇਂ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਲੋਕਾਂ ਦੀਆਂ ਸਮੱਸਿਆਵਾਂ ਦੇ ਹੱਲ ਕਰਨ ਲਈ ਵੱਡੀ ਪੱਧਰ 'ਤੇ ਦਾਅਵੇ ਕੀਤੇ ਜਾ ਰਹੇ ਹਨ ਪਰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਅੱਜ ਵੀ ਅਨੇਕਾਂ ਮੁੱਖ ਸਹੂਲਤਾਂ ਤੋਂ ਵਾਂਝਾ ਹੈ। ਹਸਪਤਾਲ ਵਿਚ ਪਰਚੀ ਜਾਂ ਮਰੀਜ਼ ਦੀ ਰਜਿਸਟ੍ਰੇਸ਼ਨ ਕਰਵਾਉਣ ਲਈ ਲੰਮੀਆਂ ਕਤਾਰਾਂ ਲੱਗੀਆਂ ਦਿਖਾਈ ਦਿੰਦੀਆਂ ਹਨ, ਜਿਸ ਕਾਰਨ ਹਸਪਤਾਲ ਓ. ਪੀ. ਡੀ. ਵਿਖੇ ਆਉਣ ਵਾਲੇ ਮਰੀਜ਼ਾਂ ਨੂੰ ਭਾਰੀ ਪੇ੍ਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ |
ਇਸ ਤੋਂ ਇਲਾਵਾ ਸਿਵਲ ਹਸਪਤਾਲ ਵਿੱਚ ਨਾ ਤਾਂ ਜੱਚਾਬੱਚਾ ਵਿਭਾਗ ਵਿਚ ਕੋਈ ਡਾਕਟਰ ਅਤੇ ਨਾ ਹੀ ਕੋਈ ਨਰਸ ਹੈ ਅਤੇ ਨਾ ਹੀ ਕੋਈ ਹੋਰ ਸਹੂਲਤਾਂ ਇਸ ਲਈ ਜੋ ਵੀ ਕੋਈ ਮਰੀਜ਼ ਇਸ ਹਸਪਤਾਲ ਆਉਂਦਾ ਹੈ ਉਸ ਨੂੰ ਕਿਸੇ ਹੋਰ ਹਸਪਤਾਲ ਰੈਫਰ ਕਰ ਦਿੱਤਾ ਜਾਂਦਾ ਹੈ।
ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿਖੇ 3 ਐਂਬੂਲੈਂਸ ਹੋਣ ਦੇ ਬਾਵਜੂਦ ਵੀ ਮਰੀਜ਼ਾਂ ਨੂੰ ਮਿਲ ਰਹੀ ਐਂਬੂਲੈਂਸ ਦੀ ਸਹੂਲਤ, ਦੱਸਣਯੋਗ ਹੈ ਕਿ ਇੱਕ ਐਂਬੂਲੈਂਸ 108 ਨੰਬਰ ਵਾਲੀ ਹੈ ਜੋ ਕਦੇ ਵੀ ਮੌਜੂਦ ਨਹੀਂ ਹੁੰਦੀ, ਇੱਕ ਐਂਬੂਲੈਂਸ ਸਰਬੱਤ ਦਾ ਭਲਾ ਟਰੱਸਟ ਵੱਲੋਂ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਦਾਨ ਕੀਤੀ ਗਈ ਸੀ ਜੋ ਅੱਜ ਕੱਲ੍ਹ ਕੋਵਿਡ 19 ਦੇ ਸਟਾਫ ਨਾਲ ਚੱਲ ਦੀ ਜਿਸ ਕਰਨ ਉਹ ਐਮਰਜੈਂਸੀ ਮਰੀਜ਼ ਨੂੰ ਨਹੀਂ ਲੈ ਜਾ ਸਕਦੀ। ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦੀ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੀ ਐਂਬੂਲੈਂਸ ਸੀ ਉਹ ਪਿਛਲੇ ਚਾਰ ਸਾਲਾਂ ਤੋਂ ਹਸਪਤਾਲ ਦੇ ਕਿਸੇ ਕੋਨੇ ਵਿਚ ਕਵਾੜ ਬਣ ਕੇ ਖੜ੍ਹੀ ਹੈ ਇੱਥੇ ਦੱਸਣਯੋਗ ਹੈ ਕਿ ਹਸਪਤਾਲ ਵਿਚ ਐਂਬੂਲੈਂਸ ਡਰਾਈਵਰ ਵੀ ਨਹੀਂ ਹੈ। ਜਿਸ ਕਰਨ ਐਮਰਜੈਂਸੀ ਮਰੀਜ਼ ਲਿਜਾਣ ਲਈ ਲੋਕਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ।
ਗੌਰਤਲਬ ਹੈ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਸਿਵਲ ਹਸਪਤਾਲ ਨੂੰ ਰੈਨੋਵੇਸ਼ਨ ਕਰਕੇ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ ਅਤੇ ਸਿਵਲ ਹਸਪਤਾਲ ਵਿਖੇ ਮੁਰੰਮਤ ਦਾ ਕੰਮ ਵੱਡੀ ਪੱਧਰ ਤੇ ਕਰਵਾ ਕੇ ਸੁੰਦਰ ਵੀ ਬਣਾਇਆ ਗਿਆ ਅਤੇ ਜਿੰਨਾ ਕੁ ਵੀ ਸਟਾਫ਼ ਹੈ ਉਹਨਾਂ ਡਾਕਟਰਾਂ ਦੁਆਰਾ ਮਰੀਜ਼ਾਂ ਨੂੰ ਵੀ ਸਮੇਂ ਸਿਰ ਵੇਖਿਆ ਜਾ ਰਿਹਾ ਹੈ, ਪਰ ਹਸਪਤਾਲ ਦੇ ਬਾਹਰ ਮਰੀਜ਼ਾਂ ਦੀਆਂ ਪਰਚੀ ਲੈਣ ਲਈ ਅਤੇ ਓ ਪੀ ਡੀ ਲਈ ਵੱਡੀਆਂ ਕਤਾਰਾਂ ਕਈ ਵਾਰ ਹਸਪਤਾਲ ਅਤੇ ਸਰਕਾਰ ਦੇ ਸਿਸਟਮ 'ਤੇ ਸਵਾਲੀਆ ਨਿਸ਼ਾਨ ਲਗਾਉਂਦੀਆਂ ਹਨ | ਜਿਸ ਸਬੰਧੀ ਕਈ ਵਾਰੀ ਸਮਾਜ ਸੇਵੀ ਵਿਅਕਤੀਆਂ ਦੁਆਰਾ ਉੱਚ ਅਧਿਕਾਰੀਆਂ ਦੇ ਧਿਆਨ 'ਚ ਲਿਆਂਦਾ ਗਿਆ ਹੈ, ਕਿ ਹਸਪਤਾਲ ਵਿਚ ਸਟਾਫ਼ ਅਤੇ ਡਾਕਟਰਾਂ, ਨਰਸਾਂ ਦੀ ਭਰਤੀ ਪੂਰੀ ਕੀਤੀ ਜਾਵੇ ਪਰ ਪਰਨਾਲਾ ਅਜੇ ਵੀ ਉੱਥੇ ਦਾ ਉੱਥੇ ਹੀ ਹੈ | ਜ਼ਿਕਰਯੋਗ ਹੈ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਵਿੱਚ 550 ਸਾਲਾ ਪ੍ਰਕਾਸ਼ ਪੁਰਬ ਮੌਕੇ ਨਵਾਂ ਆਈ ਸੀ ਯੂ ਬਣਾਇਆ ਗਿਆ ਸੀ ਪਰ ਡਾਕਟਰ ਦੀ ਘਾਟ ਕਾਰਨ ਉਹ ਵੀ ਬੰਦ ਪਿਆ ਹੈ।
ਹਰ ਵਿਭਾਗ ਮੁੱਖ ਸਟਾਫ ਤੋਂ ਸੱਖਣਾ
ਏ ਐਨ ਐਮ ਦੀਆਂ ਸਾਰੀਆਂ ਪੋਸਟਾਂ ਖਾਲੀ ਪਈਆਂ ਹਨ ਅਤੇ ਪੂਰੇ ਹਸਪਤਾਲ ਵਿੱਚ ਵਿੱਚ ਸਿਰਫ 5 ਨਰਸਾਂ ਨਾਲ ਹੀ ਕੰਮ ਚਲਾਇਆ ਜਾਂਦਾ ਹੈ ਜਿਨ੍ਹਾਂ ਵਿੱਚੋਂ ਇੱਕ ਜਲਦੀ ਸੇਵਾ ਮੁਕਤੀ ਦੇ ਨੇੜੇ ਹੈ ਜੋ ਜਲਦ ਸੇਵਾ ਮੁਕਤ ਹੋ ਜਾਣਗੇ ਇਸ ਤੋਂ ਬਾਅਦ 80 ਬੈਂਡ ਦੇ ਹਸਪਤਾਲ ਵਿੱਚ ਸਿਰਫ 4 ਨਰਸਾਂ ਹੀ ਰਹਿ ਜਾਣਗੀਆਂ।
ਸਫ਼ਾਈ ਸੇਵਕ ਵੀ ਨਹੀਂ
ਪੂਰੇ ਹਸਪਤਾਲ ਵਿੱਚ ਇੱਕ ਵੀ ਸਫ਼ਾਈ ਸੇਵਕ ਨਹੀਂ ਹੈ 6 ਦੀਆਂ 6 ਪੋਸਟਾਂ ਖਾਲੀ ਪਈਆਂ ਹਨ ਪਰ ਇਸ ਦੇ ਬਾਵਜੂਦ ਵੀ ਹਸਪਤਾਲ ਵਿੱਚ ਸਫ਼ਾਈ ਠੀਕ ਹੈ। ਵਾਰਡ ਵਿੱਚ ਡਿਊਟੀ ਕਰਨ ਵਾਲੇ ਵੀ ਸਿਰਫ 12 ਵਿੱਚੋਂ 5 ਖ਼ਾਲੀ ਹਨ। ਪੂਰੇ ਹਸਪਤਾਲ ਵਿਚ ਨਾ ਕੋਈ ਮਾਲੀ, ਨਾ ਧੋਬੀ, ਚੌਕੀਦਾਰ ਇਹ ਸਾਰੀਆਂ ਪੋਸਟਾਂ ਖਾਲੀ ਹਨ। ਹਸਪਤਾਲ ਵਿੱਚ ਨਾ ਤਾਂ ਅੱਖਾਂ ਵਾਲੇ ਡਾਕਟਰ, ਨਾ ਤਾਂ ਬੱਚਿਆਂ ਵਾਲੇ ਡਾਕਟਰ ਹਨ। ਅਤੇ ਨਾ ਹੀ ਕੋਈ ਸਕੈਨ ਕਰਨ ਵਾਲਾ ਡਾਕਟਰ ਹੈ ਪਰ ਅਲਟਰਾਸਾਊਂਡ ਮਸ਼ੀਨਾਂ ਹਸਪਤਾਲ ਵਿੱਚ ਮੌਜੂਦ ਹਨ।
ਔਰਤਾਂ ਦੇ ਰੋਗਾਂ ਲਈ ਕੋਈ ਵੀ ਡਾਕਟਰ ਮੌਜੂਦ ਨਹੀਂ ਹੈ ਇਹ ਦੋਨੋਂ ਸੀਟਾਂ ਖਾਲੀ ਪਈਆਂ ਹਨ। ਮੈਡੀਸਿਨ ਵਾਲੇ ਡਾਕਟਰ ਦੀ ਇੱਕ ਸੀਟ ਖਾਲੀ ਪਈ ਹੈ। ਜ਼ਿਕਰਯੋਗ ਹੈ ਕਿ ਮੈਡੀਸਿਨ ਦਾ ਇੱਕ ਡਾਕਟਰ ਡਿਉਟੀ ਤੇ ਆਉਂਦਾ ਹੈ ਉਹ ਵੀ ਹਫਤੇ ਵਿਚ 2 ਦਿਨ ਫਗਵਾੜੇ ਸਿਵਲ ਹਸਪਤਾਲ ਡਿਊਟੀ ਕਰਦਾ ਹੈ। ਇੱਕ ਪੋਸਟ ਈ ਐਮ ਓ (ਮੈਡੀਕਲ ਅਫ਼ਸਰ) ਦੀ ਪੋਸਟ ਖਾਲੀ ਹੈ । ਕਾਉਟਰ ਤੇ ਇੱਕ ਵੀ ਡਿਊਟੀ ਕਰਨ ਵਾਲਾ ਮੌਜੂਦ ਨਹੀਂ ਹੈ। ਓ ਪੀ ਡੀ ਕਾਊਂਟਰ ਦੀਆਂ ਪੋਸਟਾਂ ਖਾਲੀ ਪਈਆਂ ਹਨ।
ਕੀ ਕਹਿੰਦੇ ਹਨ ਆਮ ਆਦਮੀ ਪਾਰਟੀ ਦੇ ਆਗੂ - ਸੱਜਣ ਸਿੰਘ ਚੀਮਾ
ਇਸ ਸਬੰਧੀ ਜਦੋਂ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਸੱਜਣ ਸਿੰਘ ਚੀਮਾ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ ਲਗਾਤਾਰ ਸਾਰੇ ਵਿਭਾਗਾਂ ਖ਼ਾਸ ਕਰ ਸਿਹਤ ਵਿਭਾਗ 'ਚ ਸੁਧਾਰ ਕਰ ਰਹੀ ਹੈ, ਜਿਸ ਦੇ ਚੱਲਦਿਆਂ ਸਰਕਾਰ ਵਲੋਂ ਨਵੇਂ ਉਪਕਰਨ, ਨਵੇਂ ਸਟਾਫ਼ ਦੀ ਭਰਤੀ ਜਲਦੀ ਕੀਤੀ ਜਾਣੀ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਹੀ ਸਰਕਾਰ ਵਲੋਂ ਸਿਹਤ ਵਿਭਾਗ ਦੇ ਰਹਿੰਦੇ ਅਧੂਰੇ ਕਾਰਜਾਂ ਨੂੰ ਪੂਰਾ ਕੀਤਾ ਜਾ ਰਿਹਾ ਹੈ ਤਾਂ ਜੋ ਲੋਕਾਂ ਨੂੰ ਪੇ੍ਸ਼ਾਨੀਆਂ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਕਲੈਰੀਕਲ ਸਟਾਫ਼ ਦੀ ਭਰਤੀ ਵੀ ਜਲਦੀ ਕੀਤੀ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਕਤਾਰਾਂ 'ਚ ਨਾ ਖੜਨਾ ਪਵੇ | ਉਹਨਾਂ ਕਿਹਾ ਕਿ ਸਰਕਾਰ ਦੁਆਰਾ ਨਵੀਂ ਭਰਤੀ ਪ੍ਰਕ੍ਰਿਆ ਵੀ ਸ਼ੁਰੂ ਕੀਤੀ ਜਾ ਰਹੀ ਹੈ ਤਾਂ ਜੋ ਘੱਟ ਸਟਾਫ਼ ਦੀ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕੇ |
ਕੀ ਕਹਿੰਦੇ ਹਨ ਐਸ ਐਮ ਓ
ਇਸ ਸੰਬੰਧੀ ਜਦੋਂ ਸਿਵਲ ਹਸਪਤਾਲ ਦੇ ਐੱਸ ਐਮ ਓ ਡਾ. ਰਵਿੰਦਰ ਪਾਲ ਸ਼ੁੱਭ ਨਾਲ ਗੱਲ ਕੀਤੀ ਤਾਂ ਉਨ੍ਹਾਂ ਦੱਸਿਆ ਕਿ ਸਿਵਲ ਹਸਪਤਾਲ ਵਿਖੇ ਹਰ ਇੱਕ ਸਹੂਲਤ ਹੈ ਪਰ ਸਟਾਫ਼ ਅਤੇ ਡਾਕਟਰਾਂ ਦੀ ਘਾਟ ਹੋਣ ਕਾਰਨ ਕੁੱਝ ਸਮਾਂ ਲੱਗਦਾ ਹੈ ਪਰ ਸਾਡਾ ਸਾਰਾ ਸਟਾਫ ਵੱਧ ਤੋਂ ਵੱਧ ਮਿਹਨਤ ਕਰਕੇ ਮਰੀਜ਼ਾਂ ਦੀ ਸੇਵਾ ਵਿੱਚ ਹਾਜ਼ਰ ਰਹਿੰਦਾ ਹੈ ਤਾਂ ਜੋ ਲੋਕਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਦੱਸਿਆ ਕਿ ਹਸਪਤਾਲ 'ਚ ਦੰਦਾਂ ਦੇ ਮਾਹਿਰ, ਹੱਡੀਆਂ ਦੇ ਡਾਕਟਰ, ਸਰਜਰੀ, ਮੈਡੀਕਲ ਸਪੈਸ਼ਲਿਸਟ ਆਦਿ ਹੋਰ ਵੀ ਓ. ਪੀ. ਡੀ. ਚੱਲ ਰਹੀਆਂ ਹਨ।
ਉਨ੍ਹਾਂ ਦੱਸਿਆ ਕਿ ਸਰਕਾਰ ਵਲੋਂ ਲਗਾਤਾਰ ਸਿਹਤ ਸਹੂਲਤਾਂ 'ਚ ਸੁਧਾਰ ਕੀਤੇ ਜਾ ਰਹੇ ਹਨ ਤੇ ਸਰਕਾਰੀ ਹਸਪਤਾਲ ਵਿਖੇ ਲਗਪਗ ਸਾਰੇ ਰੋਗਾਂ ਦੇ ਮਾਹਿਰ ਡਾਕਟਰ ਮਰੀਜ਼ਾਂ ਦਾ ਚੈੱਕਅਪ ਕਰਦੇ ਹਨ | ਕੁੱਝ ਡਾਕਟਰਾਂ ਦੀ ਘਾਟ ਹੈ ਉਹ ਵੀ ਅਸੀਂ ਵਿਭਾਗ ਵੱਲੋਂ ਮੰਗ ਕੀਤੀ ਹੋਈ ਹੈ ਤਾਂ ਜੋ ਸਾਰੀਆਂ ਸਹੂਲਤਾਂ ਲੋਕਾਂ ਨੂੰ ਇਕ ਛੱਤ ਥੱਲੇ ਮਿਲ ਸਕਣ | ਉਹਨਾਂ ਕਿਹਾ ਕਿ ਅਸੀਂ ਆਪਣੇ ਉੱਚ ਅਧਿਕਾਰੀਆਂ ਨੂੰ ਲਿਖ ਕੇ ਦਿੱਤਾ ਹੈ ਕਿ ਜਲਦ ਤੋਂ ਜਲਦ ਸਟਾਫ਼ ਭੇਜਿਆ ਜਾਵੇ। ਉਹਨਾਂ ਕਿਹਾ ਕਿ ਸਫਾਈ ਸੇਵਕ ਨਾ ਹੋਣ ਦੇ ਬਾਵਜੂਦ ਵੀ ਅਸੀਂ ਹਸਪਤਾਲ ਦੀ ਪੂਰੀ ਸਫ਼ਾਈ ਦਾ ਖਿਆਲ ਰੱਖਦੇ ਹਾਂ।
ਕੀ ਕਹਿੰਦੇ ਹਨ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ
ਇਸ ਮੌਕੇ ਜਦੋਂ ਸਾਬਕਾ ਵਿਧਾਇਕ ਨਵਤੇਜ ਸਿੰਘ ਚੀਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸੁਲਤਾਨਪੁਰ ਲੋਧੀ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਮਿਲਣ ਉਪਰੰਤ ਕਾਂਗਰਸ ਸਰਕਾਰ ਵੱਲੋਂ ਵੱਡੇ ਪੱਧਰ ਤੇ ਸੁਲਤਾਨਪੁਰ ਲੋਧੀ ਦੇ ਵਿਕਾਸ ਕਾਰਜ ਕਰਵਾਏ ਗਏ ਜਿਸ ਵਿੱਚ ਸਿਵਲ ਹਸਪਤਾਲ ਨੂੰ ਸਿਹਤ ਸਹੂਲਤਾਂ ਨਾਲ ਲੈਸ ਕੀਤਾ ਗਿਆ ਸੀ ਜਿਸ ਵਿੱਚ ਸਾਰੀ ਬਿਲਡਿੰਗ ਨਵੇਂ ਰੇਨੋਵੇਟ ਕੀਤੀ ਗਈ ਸੀ। ਹਸਪਤਾਲ ਵਿੱਚ ਹਰ ਇੱਕ ਸਹੂਲਤ ਲਈ 550 ਸਾਲਾ ਪ੍ਰਕਾਸ਼ ਉਤਸਵ ਮੌਕੇ ਕਰੀਬ 4 ਕਰੋੜ 33 ਲੱਖ ਰੁਪਏ ਲਗਾਂ ਕੇ ਜ਼ਿਲੇ ਦਾ ਨੰਬਰ ਇਕ ਹਸਪਤਾਲ ਬਣਿਆ ਗਿਆ ਸੀ।