ਰੋਪੜ ਦੀ ਅਦਾਲਤ ਨੇ ਆਪ ਵਿਧਾਇਕ ਨੂੰ ਫ਼ੌਜਦਾਰੀ ਕੇਸ ਵਿਚ 3 ਸਾਲ ਕੈਦ ਦੀ ਸੁਣਾਈ ਸਜ਼ਾ
ਰੋਪੜ, 23 ਮਈ, 2022: ਰੋਪੜ ਦੀ ਇਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਪਟਿਆਲਾ ਦਿਹਾਤੀ ਤੋਂ ਵਿਧਾਇਕ ਡਾ. ਬਲਬੀਰ ਸਿੰਘ ਨੂੰ ਇਕ ਫ਼ੌਜਦਾਰੀ ਕੇਸ ਵਿਚ 3 ਸਾਲ ਬਾਮੁਸ਼ੱਕਤ ਕੈਦ ਦੀ ਸਜ਼ਾ ਸੁਣਾਈ ਹੈ। ਐਡੀਸ਼ਨਲ ਚੀਫ਼ ਜੁਡੀਸ਼ੀਅਲ ਮੈਜਿਸਟਰੇਟ ਰਵੀ ਇੰਦਰ ਸਿੰਘ ਨੇ ਤਿੰਨ ਹੋਰਨਾਂ ਦੇ ਨਾਲ ਡਾ. ਬਲਬੀਰ ਸਿੰਘ ਨੂੰ ਇਹ ਸਜ਼ਾ ਸੁਣਾਈ। ਡਾ. ਬਲਬੀਰ ਸਿੰਘ ਨੂੰ ਮੌਕੇ ’ਤੇ ਜ਼ਮਾਨਤ ਦੇ ਦਿੱਤੀ ਗਈ।
ਡਾਕਟਰ ਬਲਬੀਰ ਸਿੰਘ ਨੂੰ 11 ਸਾਲ ਪੁਰਾਣੇ ਲੜਾਈ ਝਗੜੇ ਦੇ ਮਾਮਲੇ ਵਿਚ ਇਹ 3 ਸਾਲ ਦੀ ਸਜ਼ਾ ਸੁਣਾਈ ਹੈ। ਇਸ ਤੋਂ ਇਲਾਵਾ ਵਿਧਾਇਕ ਡਾਕਟਰ ਬਲਬੀਰ ਸਿੰਘ ਪਤਨੀ, ਪੁੱਤਰ ਅਤੇ ਇਕ ਹੋਰ ਵਿਅਕਤੀ ਨੂੰ ਵੀ 3 ਸਾਲ ਦੀ ਸਜ਼ਾ ਸੁਣਾਈ ਹੈ। ਅਦਾਲਤ ਨੇ 50-50 ਹਜ਼ਾਰ ਰੁਪਏ ਦੇ ਨਿੱਜੀ ਬਾਂਡ ਉਤੇ ਵਿਧਾਇਕ ਡਾਕਟਰ ਬਲਬੀਰ ਸਿੰਘ ਸਮੇਤ ਉਨ੍ਹਾਂ ਦੀ ਪਤਨੀ ਰੁਪਿੰਦਰਜੀਤ ਕੌਰ, ਪੁੱਤਰ ਰਾਹੁਲ ਸੈਣੀ ਅਤੇ ਪਰਮਿੰਦਰ ਸਿੰਘ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿੱਤਾ ਹੈ।