ਜੀ ਐਸ ਪੰਨੂ
ਪਟਿਆਲਾ, 23 ਮਈ, 2022: ਪੰਜਾਬੀ ਯੂਨੀਵਰਸਿਟੀ ਪਟਿਆਲਾ ਦੀਆਂ ਤੀਰਅੰਦਾਜ਼ ਲੜਕੀਆਂ ਵੱਲੋਂ ਲਗਾਤਾਰ ਕੀਤੀਆਂ ਜਾ ਰਹੀਆਂ ਕੌਮੀ ਅਤੇ ਕੌਮਾਂਤਰੀ ਪ੍ਰਾਪਤੀਆਂ ਦੇ ਮੱਦੇਨਜ਼ਰ ਘਨੌਰ ਹਲਕੇ ਤੋਂ ਵਿਧਾਇਕ ਗੁਰਲਾਲ ਸਿੰਘ ਇਨ੍ਹਾਂ ਦਾ ਸਨਮਾਨ ਕਰਨ ਲਈ ਉਚੇਚੇ ਤੌਰ ਉੱਤੇ ਪੰਜਾਬੀ ਯੂਨੀਵਰਸਿਟੀ ਪਹੁੰਚੇ। ਤੀਰਅੰਦਾਜ਼ੀ ਰੇਂਜ ਵਿਖੇ ਉਨ੍ਹਾਂ ਵੱਲੋਂ ਕੌਮਾਂਤਰੀ ਅਤੇ ਕੌਮੀ ਪੱਧਰ ਦੇ ਮੈਡਲ ਜਿੱਤਣ ਵਾਲੀਆਂ ਖਿਡਾਰੀ ਲੜਕੀਆਂ ਪ੍ਰਨੀਤ ਕੌਰ, ਤਨਿਸ਼ਾ ਵਰਮਾ, ਅਮਨਦੀਪ ਕੌਰ ਅਤੇ ਸਹਿਜਪ੍ਰੀਤ ਕੌਰ ਦਾ ਸਨਮਾਨ ਕੀਤਾ ਗਿਆ।
ਇਸ ਮੌਕੇ ਬੋਲਦਿਆਂ ਉਨ੍ਹਾਂ ਵਿਸ਼ਵਾਸ਼ ਦਿਵਾਇਆ ਕਿ ਪੰਜਾਬ ਦੀ ਸਰਕਾਰ ਖੇਡਾਂ ਨੂੰ ਤਰਜੀਹ ਦੇ ਰਹੀ ਹੈ। ਇਸ ਲਈ ਹਰ ਖਿਡਾਰੀ ਨੂੰ ਉਸ ਦਾ ਬਣਦਾ ਹੱਕ ਦਿੱਤਾ ਜਾਵੇਗਾ। ਉਨ੍ਹਾਂ ਖਿਡਾਰੀਆਂ ਨੂੰ ਕਿਹਾ ਕਿ ਤੁਸੀਂ ਬੱਸ ਆਪਣੀ ਖੇਡ ਉੱਤੇ ਧਿਆਨ ਦਿਉ ਅਤੇ ਪ੍ਰਾਪਤੀਆਂ ਕਰੋ। ਤੁਹਾਡਾ ਧਿਆਨ ਸਰਕਾਰ ਰੱਖੇਗੀ। ਉਨ੍ਹਾਂ ਇੱਥੇ ਮੌਜੂਦਾ ਹੋਰ ਬਹੁਤ ਸਾਰੇ ਖਿਡਾਰੀਆਂ ਨੂੰ ਵੀ ਹੱਲਾਸ਼ੇਰੀ ਦਿੱਤੀ ਅਤੇ ਕਿਹਾ ਕਿ ਤੁਸੀਂ ਵੱਧ ਤੋਂ ਵੱਧ ਮੈਡਲ ਲਓ, ਪੰਜਾਬ ਦਾ ਨਾਮ ਰੌਸ਼ਨ ਕਰੋ ਅਤੇ ਦੇਸ ਦਾ ਨਾਮ ਰੌਸ਼ਨ ਕਰੋ, ਆਉਣ ਵਾਲੇ ਸਮੇਂ ਵਿੱਚ ਤੁਹਾਡੀਆਂ ਇਨ੍ਹਾਂ ਪ੍ਰਾਪਤੀਆਂ ਦਾ ਪੂਰਾ ਮੁੱਲਾ ਪਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਭਵਿੱਖ ਲਈ ਨਕਦ ਇਨਾਮ ਸੰਬੰਧੀ ਨੀਤੀ ਨੂੰ ਮੁੜ ਤੋਂ ਵਿਉਂਤਿਆ ਜਾ ਰਿਹਾ ਹੈ। ਇਸ ਨਾਲ ਨਕਦ ਐਵਾਰਡ ਦਾ ਮਸਲਾ ਹੱਲ ਹੋ ਜਾਵੇਗਾ। ਇਸ ਤੋਂ ਇਲਾਵਾ ਖਿਡਾਰੀਆਂ ਲਈ ਹੋਰ ਸਭ ਬੁਨਿਆਦੀ ਸਹੂਲਤਾਂ ਪੈਦਾ ਕੀਤੀਆਂ ਜਾਣਗੀਆਂ। ਖਿਡਾਰੀਆਂ ਲਈ ਨੌਕਰੀਆਂ ਵਿੱਚ ਰਾਖਵਾਂਕਰਨ ਨੂੰ ਯਕੀਨੀ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਵੱਖ-ਵੱਖ ਪ੍ਰਾਪਤੀਆਂ ਕਰ ਰਹੇ ਕੋਚ ਸਾਹਿਬਾਨ ਵੱਲ ਵੀ ਵਿਸ਼ੇਸ਼ ਤੌਰ ਉੱਤੇ ਤਵੱਜੋ ਦਿੱਤੀ ਜਾਵੇਗੀ।
ਇਸ ਮੌਕੇ ਖੇਡ ਵਿਭਾਗ ਦੇ ਸਹਾਇਕ ਨਿਰਦੇਸ਼ਕ ਦਲਬੀਰ ਸਿੰਘ ਰੰਧਾਵਾ, ਦਲ ਸਿੰਘ ਬਰਾੜ, ਨਰਿੰਦਰ ਸਿੰਘ ਪੰਧੇਰ, ਗੁਰਮੁਖ ਸਿੰਘ ਅਤੇ ਖਿਡਾਰੀ ਲੜਕੀਆਂ ਦੇ ਮਾਪੇ ਮੌਜੂਦ ਰਹੇ
ਅੰਤ ਵਿੱਚ ਕੋਚ ਸੁਰਿੰਦਰ ਸਿੰਘ ਵੱਲੋਂ ਰਸਮੀ ਰੂਪ ਵਿੱਚ ਧੰਨਵਾਦ ਕਰਦਿਆਂ ਵਿਸ਼ਵਾਸ਼ ਦਿਵਾਇਆ ਗਿਆ ਕਿ ਇਸ ਜੇਤੂ ਲੜੀ ਨੂੰ ਇਸੇ ਤਰ੍ਹਾਂ ਬਰਕਰਾਰ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਲੋੜੀਂਦੀਆਂ ਬੁਨਿਆਦੀ ਸਹੂਲਤਾਂ ਲਈ ਸਰਕਾਰ ਮਦਦ ਕਰੇ ਤਾਂ ਇਸ ਖੇਡ ਮੈਦਾਨ ਦੇ ਬੱਚੇ ਦੁਨੀਆਂ ਉੱਤੇ ਛਾ ਸਕਦੇ ਹਨ।