ਆਪ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦੇ ਖਿਲਾਫ ਵੱਖ ਵੱਖ ਜੱਥੇਬੰਦੀਆਂ ਨੇ ਸ਼ਿਕਾਇਤ ਭੇਜੀ, ਪੜ੍ਹੋ ਪੂਰਾ ਵੇਰਵਾ
ਰਣਜੀਤ ਸਿੰਘ ਢਿੱਲੋਂ, ਬਾਬੂਸ਼ਾਹੀ ਨੈੱਟਵਰਕ
ਖੰਨਾ, 24 ਮਈ 2022- ਆਮ ਆਦਮੀ ਪਾਰਟੀ ਦੇ ਪਾਇਲ ਤੋਂ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਦਾ ਵਿਵਾਦਾਂ ਦੇ ਨਾਲ ਪੁਰਾਣਾ ਰਿਸ਼ਤਾ ਹੈ। ਸਰਕਾਰ ਬਣਨ ਤੋਂ ਬਾਅਦ ਆਏ ਦਿਨ ਨਵੇਂ ਵਿਵਾਦਾਂ ਚ ਘਿਰਨ ਵਾਲੇ ਵਿਧਾਇਕ ਗਿਆਸਪੁਰਾ ਲਈ ਹੁਣ ਨਵੀਂ ਮੁਸ਼ਕਲ ਖੜ੍ਹੀ ਹੋ ਗਈ ਹੈ। ਐਸਐਚਓ ਨਾਲ ਦੁਰਵਿਵਹਾਰ ਕਰਨ ਦੇ ਮਾਮਲੇ ਚ ਵਿਧਾਇਕ ਖਿਲਾਫ ਦਰਜ ਡੀਡੀਆਰ ਦੇ ਸਬੰਧ ਚ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਐਸਐਸਪੀ ਖੰਨਾ ਕੋਲ ਸ਼ਿਕਾਇਤ ਦੇ ਕੇ ਵਿਧਾਇਕ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਹੈ। ਇਹ ਮਾਮਲਾ ਤਫਤੀਸ਼ ਦੇ ਲਈ ਡੀਐਸਪੀ ਪਾਇਲ ਕੋਲ ਭੇਜਿਆ ਗਿਆ ਹੈ।
ਸ਼ਿਕਾਇਤ ਦੇਣ ਵਾਲੇ ਜੋਰਾ ਸਿੰਘ ਚੀਮਾ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਵਿਧਾਇਕ ਗਿਆਸਪੁਰਾ ਨੇ ਐਸਐਚਓ ਨਾਲ ਗਲਤ ਵਿਵਹਾਰ ਕੀਤਾ। ਸਰਕਾਰੀ ਡਿਉਟੀ ਚ ਵਿਘਨ ਪਾਇਆ। ਜਿਸ ਸਬੰਧੀ 20 ਅਪ੍ਰੈਲ 2022 ਨੂੰ ਡੀਡੀਆਰ ਦਰਜ ਕੀਤੀ ਗਈ ਸੀ। ਪੁਲਸ ਅਧਿਕਾਰੀਆਂ ਨੇ ਵਿਧਾਇਕ ਖਿਲਾਫ ਕਾਰਵਾਈ ਦੀ ਥਾਂ ਉਲਟਾ ਐਸਐਚਓ ਦਾ ਤਬਾਦਲਾ ਕਰਦੇ ਹੋਏ ਉਸਦੇ ਜਿਲ੍ਹੇ ਤੋਂ ਬਾਹਰ ਬਦਲ ਕਰ ਦਿੱਤੀ ਸੀ। ਹੁਣ ਉਹਨਾਂ ਦੀ ਐਕਸ਼ਨ ਕਮੇਟੀ ਵੱਲੋਂ ਇਸ ਸਬੰਧੀ ਸ਼ਿਕਾਇਤ ਦਿੱਤੀ ਗਈ ਹੈ ਕਿ ਵਿਧਾਇਕ ਖਿਲਾਫ ਐਫਆਈਆਰ ਦਰਜ ਕਰਕੇ ਐਸਐਚਓ ਨੂੰ ਇਨਸਾਫ ਦਿੱਤਾ ਜਾਵੇ। ਜੋਰਾ ਸਿੰਘ ਨੇ ਇਹ ਵੀ ਕਿਹਾ ਕਿ ਗਿਆਸਪੁਰਾ ਦੇ ਇਸ ਧਮਕੀ ਭਰੇ ਵਿਵਹਾਰ ਮਗਰੋਂ ਪਾਇਲ ਅੰਦਰ ਪੁਲਸ ਡਰੀ ਹੋਈ ਹੈ ਅਤੇ ਲੋਕਾਂ ਨੂੰ ਇਨਸਾਫ ਨਹੀਂ ਮਿਲ ਰਿਹਾ ਹੈ। ਜੇਕਰ ਪੁਲਸ ਨੇ ਕੋਈ ਕਾਰਵਾਈ ਨਹੀਂ ਕੀਤੀ ਤਾਂ ਉਹ ਧਰਨੇ ਪ੍ਰਦਰ੍ਸ਼ਨ ਲਈ ਮਜਬੂਰ ਹੋਣਗੇ।
ਉਥੇ ਹੀ ਐਸਪੀ (ਹੈਡਕੁਆਟਰ) ਦਿਗ ਵਿਜੈ ਕਪਿਲ ਨੇ ਕਿਹਾ ਕਿ ਇਸ ਸ਼ਿਕਾਇਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਇਸ ਸਬੰਧੀ ਡੀਐਸਪੀ ਪਾਇਲ ਕੋਲੋਂ ਪੂਰੀ ਰਿਪੋਰਟ ਮੰਗੀ ਗਈ ਹੈ। ਰਿਪੋਰਟ ਆਉਣ ਤੇ ਹੀ ਕੁੱਝ ਕਿਹਾ ਜਾ ਸਕਦਾ ਹੈ।