ਸਭਿਆਚਾਰਾਂ ਦਾ ਅੰਤਰ-ਸੰਵਾਦ ਮਨੁੱਖ ਦੇ ਵਿਕਾਸ ਦਾ ਜ਼ਰੀਆ : ਪ੍ਰੋ. ਨਿਰਮਲ ਜੌੜਾ
ਪੀ.ਏ.ਯੂ. ਵਿੱਚ ਵਿਸ਼ਵ ਸਭਿਆਚਾਰਕ ਵਿਭਿੰਨਤਾ ਦਿਹਾੜੇ ’ਤੇ ਵਿਸ਼ੇਸ਼ ਭਾਸ਼ਣ ਹੋਇਆ
ਲੁਧਿਆਣਾ, 24 ਮਈ, 2022:
ਬੀਤੇ ਦਿਨੀਂ ਪੀ.ਏ.ਯੂ. ਵਿੱਚ ਵਿਸ਼ਵ ਸਭਿਆਚਾਰਕ ਵਿਭਿੰਨਤਾ ਦਿਹਾੜੇ ’ਤੇ ਇੱਕ ਵਿਸ਼ੇਸ਼ ਭਾਸ਼ਣ ਕਰਵਾਇਆ ਗਿਆ । ਇਸ ਭਾਸ਼ਣ ਦੇ ਵਕਤਾ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਪਸਾਰ ਮਾਹਿਰ ਅਤੇ ਜਾਣੇ-ਪਛਾਣੇ ਨਾਟ ਕਰਮੀ ਡਾ. ਨਿਰਮਲ ਜੌੜਾ ਸਨ । ਡਾ. ਜੌੜਾ ਨੇ ਕਿਹਾ ਕਿ ਸੰਸਾਰ ਭਿੰਨ-ਭਿੰਨ ਸਭਿਆਚਾਰਕ ਗਤੀਵਿਧੀਆਂ ਵਿੱਚੋਂ ਵਿਗਸਿਆ ਹੈ । ਉਹਨਾਂ ਕਿਹਾ ਕਿ ਇਹਨਾਂ ਸਭਿਆਚਾਰਾਂ ਦਾ ਅੰਤਰ ਸੰਵਾਦ ਮਨੁੱਖੀ ਹੋਂਦ ਨੂੰ ਵਿਕਾਸ ਵੱਲ ਲੈ ਜਾਂਦਾ ਹੈ। ਇਸ ਲਈ ਸ਼ਾਂਤੀ ਅਤੇ ਸਦਭਾਵਨਾ ਲਈ ਦੂਜੇ ਸਭਿਆਚਾਰਾਂ ਦੀ ਇੱਜ਼ਤ ਕਰਨੀ ਅਤੇ ਆਪਣੇ ਸਭਿਆਚਾਰ ਲਈ ਕਾਰਜ ਕਰਨਾ ਬੇਹੱਦ ਲਾਜ਼ਮੀ ਹੈ ।
ਵਿਭਾਗ ਦੇ ਮੁਖੀ ਡਾ. ਕੁਲਦੀਪ ਸਿੰਘ ਨੇ ਇਸ ਵਿਸ਼ੇਸ਼ ਸਮਾਗਮ ਦੀ ਮਹੱਤਤਾ ਬਾਰੇ ਚਾਨਣਾ ਪਾਇਆ । ਉਹਨਾਂ ਕਿਹਾ ਕਿ ਪਸਾਰ ਕਰਮੀਆਂ ਨੂੰ ਸਭਿਆਚਾਰਕ ਭਿੰਨਤਾ ਦੀ ਜਾਣਕਾਰੀ ਹੋਣਾ ਬੇਹੱਦ ਲਾਜ਼ਮੀ ਹੈ ।
ਇਸ ਮੌਕੇ ਪਸਾਰ ਸਿੱਖਿਆ ਵਿਭਾਗ ਦੇ ਵਿਦਿਆਰਥੀਆਂ ਨੇ ਵੱਖ-ਵੱਖ ਰਾਜਾਂ ਦੇ ਲੋਕ-ਨਾਚ ਪੇਸ਼ ਕੀਤੇ । ਇਹ ਸਾਰੀਆਂ ਪੇਸ਼ਕਾਰੀਆਂ ਜਿਵੇਂ ਲੋਕ ਗੀਤ, ਰੰਗੋਲੀ, ਭਾਸ਼ਣ, ਕਵਿਤਾ, ਭੰਗੜਾ ਅਤੇ ਹਾਸ-ਰਸ ਵਿਦਿਆਰਥੀਆਂ ਵੱਲੋਂ ਭਿੰਨਤਾਵਾਂ ਦੇ ਪ੍ਰਦਰਸ਼ਨ ਲਈ ਕੀਤੀਆਂ ਗਈਆਂ । ਸਮਾਗਮ ਦੇ ਆਰੰਭ ਵਿੱਚ ਡਾ. ਲਖਵਿੰਦਰ ਕੌਰ ਨੇ ਸਵਾਗਤ ਦੇ ਸ਼ਬਦ ਕਹੇ ਜਦਕਿ ਡਾ. ਲਵਲੀਸ਼ ਗਰਗ ਨੇ ਸਭ ਦਾ ਧੰਨਵਾਦ ਕੀਤਾ ।