ਡੇਂਗੂ ਅਤੇ ਮਲੇਰੀਆ ਬਿਮਾਰੀ ਤੋਂ ਬਚਾਅ ਸਬੰਧੀ ਐਸ.ਡੀ.ਕਾਲਜ ਵਿਖੇ ਕਰਵਾਇਆ ਜਾਗਰੂਕਤਾ ਸੈਮੀਨਾਰ
ਸੰਜੀਵ ਜਿੰਦਲ,ਬਾਬੂਸ਼ਾਹੀ ਨੈੱਟਵਰਕ
ਮਾਨਸਾ 24 ਮਈ 2022 : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਵਧੀਆ ਤੇ ਮਿਆਰੀ ਸਿਹਤ ਸਹੂਲਤਾਂ ਮੁਹੱਈਆ ਕਰਾਉਣ ਦੇ ਮਕਸਦ ਨਾਲ ਸਿਹਤ ਮੰਤਰੀ ਪੰਜਾਬ ਡਾ. ਵਿਜੈ ਸਿੰਗਲਾ ਦੀਆਂ ਹਦਾਇਤਾਂ ਅਤੇ ਡਿਪਟੀ ਕਮਿਸ਼ਨਰ ਮਾਨਸਾ ਜਸਪ੍ਰੀਤ ਸਿੰਘ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਸਿਵਲ ਸਰਜਨ ਡਾ.ਰਣਜੀਤ ਸਿੰਘ ਰਾਏ ਦੀ ਪ੍ਰਧਾਨਗੀ ਹੇਠ ਐੱਸ.ਡੀ. ਕਾਲਜ ਲੜਕੀਆਂ ਮਾਨਸਾ ਵਿਖੇ ਡੇਂਗੂ ਸਬੰਧੀ ਜਾਗਰੂਕਤਾ ਸੈਮੀਨਾਰ ਕਰਵਾਇਆ ਗਿਆ।
ਇਸ ਮੌਕੇ ਡਾ. ਰਾਏ ਨੇ ਦੱਸਿਆ ਕਿ ਗਰਮੀ ਅਤੇ ਬਰਸਾਤਾਂ ਦੇ ਮੌਸਮ ਵਿੱਚ ਸਾਨੂੰ ਮਲੇਰੀਆ ਅਤੇ ਡੇਂਗੂ ਮੱਛਰ ਦੇ ਕੱਟਣ ਨਾਲ ਫੈਲਦੀਆਂ ਹਨ। ਉਨਾਂ ਦੱਸਿਆ ਕਿ ਮਲੇਰੀਆ ਬੁਖਾਰ ਮਾਦਾ ਐਨੋਫਲੀਜ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਜਦਕਿ ਡੇਂਗੂ ਏਡੀਜ਼ ਐਜੀਪਟੀ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਉਨਾਂ ਦੱਸਿਆ ਕਿ ਮਲੇਰੀਆ ਦਾ ਮੱਛਰ ਰਾਤ ਵੇਲੇ ਕੱਟਦਾ ਹੈ ਅਤੇ ਡੇਂਗੂ ਦਾ ਮੱਛਰ ਦਿਨ ਵੇਲੇ ਕੱਟਦਾ ਹੈ। ਉਨਾਂ ਦੱਸਿਆ ਕਿ ਡੇਂਗੂ ਬੁਖਾਰ ਹੋਣ ਦੀ ਸੂਰਤ ਵਿੱਚ ਸਿਰਫ ਪੈਰਾਸੀਟਾਮੋਲ ਦੀ ਦਵਾਈ ਹੀ ਲੈਣੀ ਚਾਹੀਦੀ ਹੈ।
ਡਾ.ਅਰਸ਼ਦੀਪ ਸਿੰਘ ਜਿਲ੍ਹਾ ਐਪੀਡਮੋਲੋਜਿਸਟ ਨੇ ਦੱਸਿਆ ਕਿ ਡੇਂਗੂ ਅਤੇ ਮਲੇਰੀਆ ਦਾ ਮੱਛਰ ਖੜੇ ਪਾਣੀ ’ਤੇ ਪੈਦਾ ਹੁੰਦਾ ਹੈ ਸਾਨੂੰ ਆਪਣੇ ਘਰਾਂ ਦੇ ਆਲੇ-ਦੁਆਲੇ ਗਲੀਆਂ-ਨਾਲੀਆਂ ਵਿੱਚ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ। ਉਨਾਂ ਦੱਸਿਆ ਕਿ ਘਰਾਂ ਦੀ ਛੱਤਾਂ ਉਪਰ ਖਾਲੀ ਘੜੇ, ਬਰਤਨ, ਟਾਇਰ ਆਦਿ ਵਿੱਚ ਵੀ ਪਾਣੀ ਨਹੀਂ ਖੜਾ ਹੋਣ ਦੇਣਾ ਚਾਹੀਦਾ।
ਸਹਾਇਕ ਮਲੇਰੀਆ ਅਫ਼ਸਰ ਕੇਵਲ ਸਿੰਘ ਨੇ ਦੱਸਿਆ ਕਿ ਇਸ ਦੇ ਬਚਾਅ ਲਈ ਸਾਨੂੰ ਮੱਛਰਦਾਨੀ ਦੀ ਵਰਤੋਂ ਕਰਨੀ ਚਾਹੀਦੀ ਹੈ, ਖੜੇ ਪਾਣੀ ਉੱਤੇ ਕਾਲਾ ਤੇਲ ਪਾਉਣਾ ਚਾਹੀਦਾ ਹੈ, ਛੱਪੜਾਂ ਅਤੇ ਟੋਭਿਆਂ ਵਿੱਚ ਗੰਬੂਜ਼ੀਆਂ ਮੱਛੀਆਂ ਸਿਹਤ ਵਿਭਾਗ ਵੱਲੋਂ ਪਾਈਆਂ ਜਾਂਦੀਆਂ ਹਨ, ਸਰੀਰ ਨੂੰ ਕੱਪੜੇ ਨਾਲ ਢੱਕ ਕੇ ਰੱਖਣਾ ਚਾਹੀਦਾ ਹੈ ਅਤੇ ਐਂਟੀ ਮਾਸਕਿਟੋ ਕਰੀਮ ਦੀ ਵਰਤੋਂ ਕਰਨੀ ਚਾਹੀਦੀ ਹੈ। ਹੈਲਥ ਸੁਪਰਵਾਈਜ਼ਰ ਰਾਮ ਕੁਮਾਰ ਨੇ ਦੱਸਿਆ ਕਿ ਡੇਂਗੂ ਬੁਖਾਰ ਦੇ ਮੁੱਖ ਲੱਛਣ ਬੁਖ਼ਾਰ ਤੇਜ਼ ਬੁਖਾਰ, ਸਿਰ ਦਰਦ, ਮਾਸਪੇਸ਼ੀਆਂ ਵਿੱਚ ਦਰਦ, ਅੱਖਾਂ ਦਾ ਧਸਣਾ, ਜੀਅ ਕੱਚਾ ਹੋਣਾ, ਉਲਟੀ ਆਉਣਾ ਇਸ ਦੇ ਮੁੱਖ ਲੱਛਣ ਹਨ। ਉਨਾਂ ਕਿਹਾ ਕਿ ਜੇਕਰ ਕਿਸੇ ਨੂੰ ਬੁਖਾਰ ਹੋ ਜਾਂਦਾ ਹੈ, ਤਾਂ ਆਪਣੇ ਨੇੜੇ ਦੇ ਸਿਹਤ ਕੇਂਦਰ ਵਿੱਚ ਜਾ ਕੇ ਡਾਕਟਰ ਦੀ ਸਲਾਹ ਅਨੁਸਾਰ ਟੈਸਟ ਕਰਵਾ ਕੇ ਡੇਂਗੂ ਤੇ ਮਲੇਰੀਏ ਦੀ ਦਵਾਈ ਲੈਣੀ ਚਾਹੀਦੀ ਹੈ।
ਉਨਾਂ ਦੱਸਿਆ ਕਿ ਪੰਜਾਬ ਵਿੱਚ ਹੁਣ ਤੱਕ 24 ਡੇਂਗੂ ਦੇ ਕੇਸ ਆ ਚੁੱਕੇ ਹਨ ਜਦ ਕਿ ਮਾਨਸਾ ਜ਼ਿਲੇ ਵਿੱਚ ਡੇਂਗੂ ਦਾ ਕੋਈ ਵੀ ਕੇਸ ਪਾਜੇਟਿਵ ਨਹੀਂ ਆਇਆ। ਉਨਾਂ ਦੱਸਿਆ ਕਿ ਜੇਕਰ ਕਿਸੇ ਵੀ ਸਰਕਾਰੀ ਜਾਂ ਪ੍ਰਾਈਵੇਟ ਸੰਸਥਾ ਜਾਂ ਘਰਾਂ ਵਿੱਚ ਡੇਂਗੂ ਦਾ ਲਾਰਵਾ ਮਿਲਦਾ ਹੈ, ਤਾਂ ਸਿਹਤ ਵਿਭਾਗ ਦੀ ਟੀਮ ਵੱਲੋਂ ਚਲਾਨ ਕੱਟਿਆ ਜਾਵੇਗਾ।
ਇਸ ਮੌਕੇ ਐੱਸ.ਡੀ. ਕਾਲਜ ਮਾਨਸਾ ਦੇ ਪਿ੍ੰਸੀਪਲ ਜਗਮੋਹਣੀ ਗਾਬਾ, ਅਸਿਸਟੈਂਟ ਪ੍ਰੋਫ਼ੈਸਰ ਪਰਮਿੰਦਰ ਕੌਰ, ਸੰਤੋਸ਼ ਭਾਰਤੀ ਜਿਲ੍ਹਾ ਐਪੀਡਮੋਲੋਜਿਸਟ ਤੋਂ ਇਲਾਵਾ ਸਕੂਲ ਦਾ ਸਟਾਫ਼ ਅਤੇ ਵਿਦਿਆਰਥੀ ਹਾਜ਼ਰ ਸਨ ।