27 ਮਈ ਨੂੰ ਮੁਲਾਜ਼ਮ ਮਨਾਉਣਗੇ ਮੰਗ ਦਿਵਸ
ਬਾਬੂਸ਼ਾਹੀ ਨੈੱਟਵਰਕ
ਗੜ੍ਹਸ਼ੰਕਰ, 24 ਮਈ 2022- ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫ਼ੈਡਰੇਸ਼ਨ ਬਲਾਕ ਗੜ੍ਹਸ਼ੰਕਰ ਦੀ ਅਹਿਮ ਮੀਟਿੰਗ ਸ਼ਾਮ ਸੁੰਦਰ ਕਪੂਰ ਦੀ ਪ੍ਰਧਾਨਗੀ ਹੇਠ ਗਾਂਧੀ ਪਾਰਕ ਗੜ੍ਹਸ਼ੰਕਰ ਵਿਖੇ ਹੋਈ । ਮੀਟਿੰਗ ਵਿੱਚ ਜ਼ਿਲ੍ਹਾ ਪ੍ਰਧਾਨ ਸਾਥੀ ਰਾਮਜੀ ਦਾਸ ਚੌਹਾਨ, ਸੂਬਾਈ ਆਗੂ ਮੱਖਣ ਸਿੰਘ ਵਾਹਿਦਪੁਰੀ ਅਤੇ ਅਮਰੀਕ ਸਿੰਘ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ l ਮੀਟਿੰਗ ਦੇ ਸ਼ੁਰੂ ਵਿਚ ਅਧਿਆਪਕ ਆਗੂ ਸਾਥੀ ਦਵਿੰਦਰ ਧਨੋਤਾ ਅਤੇ ਸਾਥੀ ਅਜੀਬ ਦਿਵੇਦੀ ਅਤੇ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਸਾਥੀ ਸਤੀਸ਼ ਰਾਣਾ ਜੀ ਦੇ ਬਹਿਨੋਈ ਦੇ ਸਦੀਵੀ ਵਿਛੋੜੇ ਤੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਵਿਛੜੇ ਸਾਥੀਆਂ ਨੂੰ ਨਿੱਘੀਆਂ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ I ਮੀਟਿੰਗ ਵਿੱਚ ਹਾਜ਼ਰ ਸਾਥੀਆਂ ਵੱਲੋਂ ਜਥੇਬੰਦੀ ਦੇ ਪਿਛਲੇ ਕੰਮਾਂ ਦਾ ਲੇਖਾ ਜੋਖਾ ਕਰਦਿਆਂ ਭਵਿੱਖ ਵਿੱਚ ਆਉਣ ਵਾਲੇ ਸੰਘਰਸ਼ਾਂ ਬਾਰੇ ਗੰਭੀਰ ਚਰਚਾ ਕੀਤੀ ਗਈ I ਮੀਟਿੰਗ ਦੇ ਫੈਸਲਿਆਂ ਬਾਰੇ ਜਾਣਕਾਰੀ ਦਿੰਦਿਆਂ ਹੋਇਆ ਜਨਰਲ ਸਕੱਤਰ ਸਾਥੀ ਜੀਤ ਸਿੰਘ ਬਗਵਾਈ ਨੇ ਦੱਸਿਆ ਕਿ ਇਸ ਸਮੇ ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਲੋਕ ਅਤੇ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਫੈਸਲਾਕੁੰਨ ਲੜਾਈ ਲੜਨ ਦੀ ਜ਼ਰੂਰਤ ਹੈ l ਕੇਂਦਰ ਅਤੇ ਰਾਜ ਸਰਕਾਰਾਂ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਬਜਾਏ ਮੁਨਾਫ਼ੇ ਵਾਲੇ ਸਰਕਾਰੀ ਅਦਾਰਿਆਂ ਨੂੰ ਵੀ ਕੌਡੀਆਂ ਦੇ ਭਾਅ ਪ੍ਰਾਈਵੇਟ ਕੰਪਨੀਆਂ ਨੂੰ ਵੇਚ ਰਹੀਆਂ ਹਨ I
ਸਰਕਾਰਾਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੀ ਥਾਂ ਠੇਕੇਦਾਰੀ ਸਿਸਟਮ ਰਾਹੀਂ ਉਨ੍ਹਾਂ ਦਾ ਸ਼ੋਸ਼ਣ ਕਰ ਰਹੀਆਂ ਹਨ I 2004 ਤੋਂ ਬਾਅਦ ਭਰਤੀ ਹੋਏ ਸਰਕਾਰੀ ਮੁਲਾਜ਼ਮਾਂ ਦੀ ਪੁਰਾਣੀ ਪੈਨਸ਼ਨ ਬਹਾਲ ਕਰਨ ਦੀ ਅਹਿਮ ਮੰਗ ਵੱਲ ਵੀ ਕੇਂਦਰ ਅਤੇ ਰਾਜ ਸਰਕਾਰਾਂ ਕੋਈ ਠੋਸ ਨੀਤੀ ਨਹੀਂ ਅਪਣਾ ਰਹੀਆਂ ਹਨ ਦੂਜੇ ਪਾਸੇ ਕੇਂਦਰ ਸਰਕਾਰ ਮਹਿੰਗਾਈ, ਬੇਰੁਜ਼ਗਾਰੀ ਅਤੇ ਗ਼ਰੀਬੀ ਦੇ ਮਸਲੇ ਹੱਲ ਕਰਨ ਦੀ ਬਜਾਏ ਆਪਣੀ ਨਫ਼ਰਤ ਅਤੇ ਫ਼ਿਰਕਾਪ੍ਰਸਤ ਨੀਤੀ ਨੂੰ ਅੱਗੇ ਵਧਾ ਰਹੀ ਹੈ ਜੋ ਕਿ ਦੇਸ਼ ਲਈ ਬਹੁਤ ਘਾਤਕ ਸਿੱਧ ਹੋਵੇਗੀ I ਇਨ੍ਹਾਂ ਸਾਰੇ ਅਹਿਮ ਮੁੱਦਿਆਂ ਨੂੰ ਲੈ ਕੇ ਆਲ ਇੰਡੀਆ ਸਟੇਟ ਗੌਰਮਿੰਟ ਐਂਪਲਾਈਜ਼ ਫੈਡਰੇਸ਼ਨ ਵੱਲੋਂ ਸਮੁੱਚੇ ਦੇਸ਼ ਵਿੱਚ ਮਿਤੀ 27 ਮਈ ਨੂੰ ਮੰਗ ਦਿਵਸ ਮਨਾਇਆ ਜਾ ਰਿਹਾ ਹੈ I ਇਸ ਸੰਬੰਧ ਵਿਚ ਗੜ੍ਹਸ਼ੰਕਰ ਦੇ ਸਮੁੱਚੇ ਮੁਲਾਜ਼ਮ 27 ਮਈ ਨੂੰ ਸਵੇਰੇ 10 ਵਜੇ ਦਾਣਾ ਮੰਡੀ ਗੜ੍ਹਸ਼ੰਕਰ ਵਿਖੇ ਵਿਸ਼ਾਲ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਰੋਸ ਮੁਜ਼ਾਹਰਾ ਕਰਨਗੇ I ਉਨ੍ਹਾਂ ਗੜ੍ਹਸ਼ੰਕਰ ਦੇ ਸਮੁੱਚੇ ਮੁਲਾਜ਼ਮਾਂ ਨੂੰ ਇਸ ਦੇਸ਼ ਵਿਆਪੀ ਐਕਸ਼ਨ ਸ਼ਾਮਿਲ ਹੋਣ ਦੀ ਅਪੀਲ ਕੀਤੀ ਤਾਂਕਿ ਮੁਲਾਜ਼ਮ ਮੰਗਾਂ ਸੰਬੰਧੀ ਇਕਮੁੱਠ ਹੋ ਕੇ ਆਵਾਜ਼ ਬੁਲੰਦ ਕੀਤੀ ਜਾ ਸਕੇ l ਇਸ ਸਮੇਂ ਮੁਲਾਜ਼ਮ ਸਾਥੀ ਸੁਰਜੀਤ ਸਿੰਘ ਕਾਲਾ ,ਕੁਲਵਿੰਦਰ ਸਹੂੰਗੜਾ, ਗੁਰਨਾਮ ਸਿੰਘ , ਹਰਜਿੰਦਰ ਸੂੰਨੀ, ਰਮਨ ਕੁਮਾਰ , ਬਲਵੰਤ ਰਾਮ , ਪਰਵੀਨ ਕੁਮਾਰ, ਪਵਨ ਕੁਮਾਰ , ਬਲਵੀਰ ਬੈਂਸ ,ਜਗਦੀਸ਼ ਪੱਖੋਵਾਲ ,ਸਤੀਸ਼ ਕੁਮਾਰ, ਵਿਨੋਦ ਕੁਮਾਰ, ਪਰਮਜੀਤ ਸਿੰਘ ਹਾਜ਼ਰ ਸਨ I