ਪੁਲਿਸ ਭਰਤੀ ਵਿਚ ਨੌਜਵਾਨਾਂ ਦੀ ਸਹਾਇਤਾ ਲਈ ‘ਮਿਸ਼ਨ ਖਾਕੀ’ ਦੀ ਸ਼ੁਰੂਆਤ
- ਡਿਪਟੀ ਕਮਿਸ਼ਨਰ ਤੇ ਐਸ.ਐਸ.ਪੀ. ਵਲੋਂ ਸਾਂਝੇ ਤੌਰ ’ਤੇ ਮੁਹਿੰਮ ਦਾ ਆਗਾਜ਼-ਨਿਵੇਕਲੀ ਪਹਿਲ ਵਾਲਾ ਪਹਿਲਾ ਜਿਲ੍ਹਾ ਬਣਿਆ ਕਪੂਰਥਲਾ
- ਮਾਹਿਰਾਂ ਵਲੋਂ ਨੌਜਵਾਨਾਂ ਨੂੰ ਮੁਫਤ ਲਿਖਤੀ ਪ੍ਰੀਖਿਆ ਤੇ ਸਰੀਰਕ ਸਿਖਲਾਈ ਲਈ 31 ਮਈ ਤੱਕ ਹੋਵੇਗੀ ਰਜਿਸਟ੍ਰੇਸ਼ਨ
- ਉਲੰਪੀਅਨ ਤੇ ਏਸ਼ੀਅਨ ਗੋਲਡ ਮੈਡਲਿਸਟ ਅਥਲੀਟ ਮਨਜੀਤ ਕੌਰ ਐਸ.ਪੀ. ਹੋਣਗੇ ਸਰੀਰਕ ਸਿਖਲਾਈ ਦੇ ਨਿਗਰਾਨ
ਬਲਵਿੰਦਰ ਸਿੰਘ ਧਾਲੀਵਾਲ
ਸੁਲਤਾਨਪੁਰ ਲੋਧੀ, 24 ਮਈ 2022 - ਪੰਜਾਬ ਸਰਕਾਰ ਵਲੋਂ ਪੰਜਾਬ ਪੁਲਿਸ ਵਿਚ ਭਰਤੀ ਲਈ ਹਾਲ ਹੀ ਵਿਚ ਕੱਢੀਆਂ ਗਈਆਂ 10 ਹਜ਼ਾਰ ਤੋਂ ਵੱਧ ਅਸਾਮੀਆਂ ਵਿਚ ਕਪੂਰਥਲਾ ਜਿਲ੍ਹੇ ਦੇ ਨੌਜਵਾਨਾਂ ਦੀ ਵੱਧ ਤੋਂ ਵੱਧ ਭਰਤੀ ਲਈ ਸਿਵਲ ਤੇ ਪੁਲਿਸ ਪ੍ਰਸ਼ਾਸ਼ਨ ਵਲੋਂ ਸਾਂਝੇ ਤੌਰ ’ਤੇ ‘ਮਿਸ਼ਨ ਖਾਕੀ -ਕਰ ਹਰ ਮੈਦਾਨ ਫਤਹਿ’ ਦੀ ਸ਼ੁਰੂਆਤ ਕੀਤੀ ਗਈ ਹੈ।
ਇਸ ਮਿਸ਼ਨ ਦੀ ਰਸਮੀ ਸ਼ੁਰੂਆਤ ਅੱਜ ਜਿਲ੍ਹਾ ਰੋਜ਼ਗਾਰ ਬਿਊਰੋ ਵਿਖੇ ਡਿਪਟੀ ਕਮਿਸ਼ਨਰ ਸ਼੍ਰੀ ਵਿਸ਼ੇਸ਼ ਸਾਰੰਗਲ ਤੇ ਐਸ.ਐਸ.ਪੀ. ਸ਼੍ਰੀ ਰਾਜਬਚਨ ਸਿੰਘ ਸੰਧੂ ਵਲੋਂ ਕੀਤੀ ਗਈ।
ਇਸ ਮੌਕੇ ਡਿਪਟੀ ਕਮਿਸ਼ਨਰ ਨੇ ਦੱਸਿਆ ਕਿ 10314 ਪੰਜਾਬ ਪੁਲਿਸ ਦੀਆਂ ਅਸਾਮੀਆਂ ਲਈ ਕਪੂਰਥਲਾ ਜਿਲ੍ਹੇ ਦੇ ਨੌਜਵਾਨਾਂ ਦੇ ਮਾਰਗ ਦਰਸ਼ਨ ਤੇ ਸਹਾਇਤਾ ਲਈ ‘ਮਿਸ਼ਨ ਖਾਕੀ, ਕਰ ਹਰ ਮੈਦਾਨ ਫਤਹਿ’ ਦੀ ਸ਼ੁਰੂਆਤ ਕੀਤੀ ਗਈ ਹੈ। ਇਸ ਮੁਹਿੰਮ ਲਈ ਜਿਲ੍ਹਾ ਰੋਜ਼ਗਾਰ ਤੇ ਕਾਰੋਬਾਰ ਬਿਊਰੋ ਨੂੰ ਨੋਡਲ ਏਜੰਸੀ ਵਜੋਂ ਅਧਿਕਾਰਤ ਕੀਤਾ ਗਿਆ ਹੈ।
ਇਸ ਮਿਸ਼ਨ ਦੇ ਦੋ ਪੜਾਅ ਹਨ ਜਿਸ ਤਹਿਤ ਸਰੀਰਕ ਸਿਖਲਾਈ ਦੇ ਨਾਲ-ਨਾਲ ਲਿਖਤੀ ਪ੍ਰੀਖਿਆ ਲਈ ਸਿਖਲਾਈ ਦਿੱਤੀ ਜਾਵੇਗੀ। ਸਰੀਰਕ ਸਿਖਲਾਈ ਲਈ ਐਸ.ਪੀ. ਮਨਜੀਤ ਕੌਰ ਜੋ ਕਿ ਦੋ ਵਾਰ ਦੀ ਉਲੰਪੀਅਨ ਅਤੇ ਏਸ਼ੀਅਨ ਖੇਡਾਂ ਵਿਚ 3 ਵਾਰ ਸੋਨ ਤਗਮਾ ਜੇਤੂ ਹਨ, ਦੀ ਨਿਗਰਾਨੀ ਹੇਠ ਸਰੀਰਕ ਸਿਖਲਾਈ ਦਿੱਤੀ ਜਾਵੇਗੀ।
ਡਿਪਟੀ ਕਮਿਸ਼ਨਰ ਵਲੋਂ ਬਿਊਰੋ ਦੇ ਅਧਿਕਾਰੀਆਂ ਨੂੰ ਕਿਹਾ ਗਿਆ ਕਿ ਉਹ ਨੌਜਵਾਨਾਂ ਨੂੰ ਨੌਕਰੀ ਲਈ ਤਿਆਰ ਕਰਨ ਵਾਸਤੇ 31 ਮਈ ਤੱਕ ਰਜਿਸਟ੍ਰੇਸ਼ਨ ਕਰਨ ਅਤੇ ਸਵੇਰੇ ਤੇ ਸ਼ਾਮ ਦੇ ਬੈਚਾਂ ਵਿਚ ਲਿਖਤੀ ਤੇ ਸਰੀਰਕ ਸਿੱਖਿਆ ਲਈ ਸਿਖਲਾਈ ਦਿੱਤੀ ਜਾਵੇ। ਇਸ ਤੋਂ ਇਲਾਵਾ ਨੌਜਵਾਨਾਂ ਦੀ ਇਸ ਮੁਹਿੰਮ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਲਈ ਕਪੂਰਥਲਾ, ਫਗਵਾੜਾ, ਭੁਲੱਥ ਤੇ ਸੁਲਤਾਨਪੁਰ ਲੋਧੀ ਵਿਚ ਪ੍ਰਮੁੱਖ ਥਾਵਾਂ ’ਤੇ ਰਜਿਸਟ੍ਰੇਸ਼ਨ, ਸਿਖਲਾਈ, ਭਰਤੀ ਆਦਿ ਬਾਰੇ ਜਾਣਕਾਰੀ ਭਰਪੂਰ ਹੋਰਡਿੰਗ ਲਗਾਏ ਜਾਣ।
ਇਸ ਮੌਕੇ ਐਸ.ਐਸ.ਪੀ. ਕਪੂਰਥਲਾ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਕੁੱਲ 26454 ਅਸਾਮੀਆਂ ਵਿਚੋਂ 10314 ਪੰਜਾਬ ਪੁਲਿਸ ਵਲੋਂ ਭਰੀਆਂ ਜਾਣੀਆਂ ਹਨ, ਜਿਸ ਲਈ ਕਪੂਰਥਲਾ ਜਿਲ੍ਹੇ ਦੇ ਨੌਜਵਾਨਾਂ ਨੂੰ ਤਿਆਰ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਪੰਜਾਬ ਪੁਲਿਸ ਦੇ ਸਰੀਰਕ ਫਿਟਨੈਸ ਮਾਹਿਰਾਂ, ਕੋਚਾਂ ਵਲੋਂ ਸੀ. ਪਾਇਟ ਤੇ ਪੁਲਿਸ ਲਾਇਨ ਵਿਖੇ ਸਵੇਰੇ ਤੇ ਸ਼ਾਮ ਨੂੰ ਸਰੀਰਕ ਸਿਖਲਾਈ ਦਿੱਤੀ ਜਾ ਰਹੀ ਹੈ, ਜਿਸ ਵਿਚ ਦੌੜ, ਉੱਚੀ ਤੇ ਲੰਬੀ ਛਾਲ, ਭਾਰ ਢੋਣ ਆਦਿ ਮੁੱਖ ਰੂਪ ਵਿਚ ਸ਼ਾਮਿਲ ਹਨ।
ਦੱਸਣਯੋਗ ਹੈ ਕਿ ‘ਮਿਸ਼ਨ ਖਾਕੀ’ ਤਹਿਤ ਪੋਸਟਾਂ ਦੀ ਲੋੜ ਅਨੁਸਾਰ ਸਿਖਲਾਈ ਦੇਣ ਦੀ ਵਿਵਸਥਾ ਕੀਤੀ ਗਈ ਹੈ, ਜਿਸ ਲਈ ਮੁਕਾਬਲੇ ਵਾਲੀ ਲਿਖਤੀ ਪ੍ਰੀਖਿਆ ਲਈ ‘ਚੇਤਨ ਭਰਤ ਲਰਨਿੰਗ’ ਦੇ ਮਾਹਿਰ ਨੌਜਵਾਨਾਂ ਦਾ ਮਾਰਗ ਦਰਸ਼ਨ ਕਰਨਗੇ। ਸਿਖਲਾਈ ਦੌਰਾਨ ਤਿਆਰੀ ਲਈ ਆਨਲਾਇਨ ਪੜ੍ਹਾਈ ਦੀ ਸਮੱਗਰੀ ਵੀ ਮੁਹੱਈਆ ਕਰਵਾਈ ਜਾਵੇਗੀ।
ਇਸ ਮੌਕੇ ਮਿਸ਼ਨ ਖਾਕੀ ਦਾ ਲੋਗੋ, ਪੋਸਟਰ ਤੇ ਜਾਣਕਾਰੀ ਭਰਪੂਰ ਦਸਤਾਵੇਜ ਵੀ ਜਾਰੀ ਕੀਤਾ ਗਿਆ । ਇਸ ਤੋ ਇਲਾਵਾ ਨੌਜਵਾਨ ਕਿਸੇ ਕਿਸਮ ਦੀ ਜਾਣਕਾਰੀ ਲਈ 98882-19247 ’ਤੇ ਵੀ ਸੰਪਰਕ ਕਰ ਸਕਦੇ ਹਨ।
ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਐਸ ਪੀ ਆਂਗਰਾ, ਪੀ.ਸੀ.ਐਸ. ਅੰਡਰ ਸਿਖਲਾਈ ਜੀਵਨਦੀਪ ਸਿੰਘ, ਰੋਜ਼ਗਾਰ ਬਿਊਰੋ ਮੁਖੀ ਸ੍ਰੀਮਤੀ ਨੀਲਮ ਮਹੇ, ਵਰੁਣ ਜੋਸ਼ੀ ਪ੍ਰੋਗਰਾਮ ਅਫਸਰ, ਸੀ.ਬੀ.ਐਲ. ਦੇ ਡਾਇਰੈਕਟਰ ਸ੍ਰੀ ਚੇਤਨ ਤੇ ਹੋਰ ਹਾਜ਼ਰ ਸਨ।