ਆਪ ਸਰਕਾਰ ਧਿਆਨ ਵੰਡਾਊ ਕੰਮਾਂ ਵਿਚ ਨਾ ਪਵੇ ਬਲਕਿ ਕੇਜਰੀਵਾਲ ਖਿਲਾਫ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਜਾਂਚ ਕਰੇ : ਅਕਾਲੀ ਦਲ
- ਮੁੱਖ ਮੰਤਰੀ ਪਾਰਟੀ ਟਿਕਟਾਂ ਵੇਚਣ ਦੇ ਨਾਲ ਨਾਲ ਵਪਾਰੀਆਂ ਵੱਲੋਂ ਰਾਜ ਸਭਾ ਟਿਕਟਾਂ ਦੀ ਖਰੀਦ ਲਈ ਰਿਸ਼ਵਤਾਂ ਦੇਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ : ਮਹੇਸ਼ਇੰਦਰ ਸਿੰਘ ਗਰੇਵਾਲ
- ਕਿਹਾ ਕਿ ਇਹ ਵੀ ਜਾਂਚ ਹੋਵੇ ਕਿ ਕੀ ਸਿਹਤ ਮੰਤਰੀ ਨੂੰ ਤਾਂ ਹਟਾਇਆ ਗਿਆ ਕਿ ਉਹਨਾਂ ਨੇ ਸੱਤਾ ਦਾ ਹਿੱਸਾ ਦਿੱਲੀ ਵਿਚ ਆਮ ਆਦਮੀ ਪਾਰਟੀ ਦੀ ਸਿਖਰਲੀ ਲੀਡਰਸ਼ਿਪ ਕੋਲ ਨਹੀਂ ਪਹੁੰਚਣ ਦਿੱਤਾ
ਚੰਡੀਗੜ੍ਹ, 24 ਮਈ 2022 - ਸ਼੍ਰੋਮਣੀ ਅਕਾਲੀ ਦਲ ਨੇ ਅੱਜ ਆਮ ਆਦਮੀ ਪਾਰਟੀ ਸਰਕਾਰ ਨੁੰ ਆਖਿਆ ਕਿ ਉਹ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਦੇ ਖਿਲਾਫ ਲੱਗੇ ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਅਤੇ ਪੰਜਾਬ ਦੇ ਲੋਕਾਂ ਨਾਲ ਕੀਤੇ ਵਾਅਦਿਆਂ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਲਈ ਮੰਤਰੀ ਨੂੰ ਬਰਖਾਸਤ ਕਰਨ ਦੀ ਥਾਂ ’ਤੇ ਪਾਰਟੀ ਦੀਆਂ ਟਿਕਟਾਂ ਵੇਚਣ ਤੇ ਵਪਾਰੀਆ ਵੱਲੋਂ ਰਾਜ ਸਭਾ ਮੈਂਬਰ ਬਣਨ ਲਈ ਕਰੋੜਾਂ ਰੁਪਏ ਖਰਚਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ।
ਇਥੇ ਜਾਰੀ ਕੀਤੇ ਇਕ ਬਿਆਨ ਵਿਚ ਪਾਰਟੀ ਦੇ ਬੁਲਾਰੇ ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਹੈਰਾਨੀ ਵਾਲੀ ਗੰਲ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਵਿਚ ਸਰਕਾਰ ਚਲਾਉਣ ਦੇ ਕੰਮ ਨੁੰ ਇਵੈਂਟ ਮੈਨੇਜਮੇਂਟ ਵਜੋਂ ਚਲਾ ਰਹੀ ਹੈ। ਉਹਨਾਂ ਕਿਹਾ ਕਿ ਜਦੋਂ ਵੀ ਮਾਰ ਪੈਂਦੀ ਹੈ ਤਾਂ ਧਿਆਨ ਵੰਡਾਊ ਹਰਕਤ ਕਰਨੀ ਸ਼ੁਰੂ ਕਰ ਦਿੱਤੀ ਜਾਂਦੀ ਹੈ। ਉਹਨਾਂ ਕਿਹਾ ਕਿ ਇਸ ਵਾਰ ਇਸ ਪਾਰਟੀ ਨੇ ਪਾਰਟੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਖਿਲਾਫ ਲੱਗੇ ਗੰਭੀਰ ਦੋਸ਼ਾਂ ਤੋਂ ਧਿਆਨ ਵੰਡਾਉਣ ਲਈ ਕੰਮ ਕੀਤਾ ਹੈ ਤੇ ਇਸ ਵਾਸਤੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਹੇਠ ਮੰਤਰ ਬਰਖ਼ਾਸਤ ਕਰ ਦਿੱਤਾ ਹੈ।
ਸਰਦਾਰ ਮਹੇਸ਼ ਇੰਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਹ ਪ੍ਰਤੀਕਰਮ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਵਾਸਤੇ ਹੈ। ਉਹਨਾਂ ਨੇ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਨੁੰ ਆਖਿਆ ਕਿ ਉਹ ਰਾਜ ਸਭਾ ਦੀ ਹਰੇਕ ਟਿਕਟ 30 ਕਰੋੜ ਰੁਪਏ ਵਿਚ ਵਪਾਰੀਆਂ ਨੁੰ ਵੇਚੇ ਜਾਣ ਦੇ ਮਾਮਲੇ ਦੀ ਸੀ ਬੀ ਆਈ ਜਾਂਚ ਦੇ ਹੁਕਮ ਦੇਣ। ਉਹਨਾ ਕਿਹਾ ਕਿ ਕੇਜਰੀਵਾਲ ਤੋਂ ਇਲਾਵਾ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਦੀ ਭੂਮਿਕਾ ਦੀ ਵੀ ਇਹਨਾਂ ਦੋਵਾਂ ਮਾਮਲਿਆਂ ਵਿਚ ਜਾਂਚ ਹੋਣੀ ਚਾਹੀਦੀ ਹੈ। ਉੁਹਨਾਂ ਕਿਹਾ ਕਿ ਸਿਰਫ ਸੀ ਬੀ ਆਈ ਜਾਂਚ ਹੀ ਮਾਮਲੇ ਦੀ ਸੱਚਾਈ ਸਾਹਮਣੇ ਲਿਆ ਸਕਦੀ ਹੈ ਕਿਉਂਕਿ ਆਮ ਆਦਮੀ ਪਾਰਟੀ ਨੇ ਸਾਰੀ ਪੁਲਿਸ ਫੋਰਸ ਦਾ ਸਿਆਸੀਕਰਨ ਕਰ ਦਿੱਤਾ ਹੈ ਤੇ ਪੁਲਿਸ ਫੋਰਸ ਮੁੱਖ ਮੰਤਰੀ ਦੇ ਹੱਕ ਵਿਚ ਨਾਅਰੇ ਲਗਾ ਰਹੀ ਹੈ। ਉਹਨਾਂ ਕਿਹਾ ਕਿ ਇਕ ਵਾਰ ਭ੍ਰਿਸ਼ਟਾਚਾਰ ਦੇ ਦੋਸ਼ਾਂ ਦੀ ਸੀ ਬੀ ਆਈ ਜਾਂਚ ਦੇ ਹੁਕਮ ਜਾਰੀ ਹੋਏ ਤਾਂ ਹੋਰ ਹਲਕਿਆਂ ਤੋਂ ਸਬੂਤ ਸਾਹਮਣੇ ਆਉਣ ਲੱਗ ਪੈ ਜਾਣਗੇੇ।
ਗਰੇਵਾਲ ਨੇ ਕਿਹਾ ਕਿ ਲੋਕ ਤਾਂ ਹੀ ਆਮ ਆਦਮੀ ਪਾਰਟੀ ’ਤੇ ਵਿਸ਼ਵਾਸ ਕਰਨਗੇ ਜੇਕਰ ਇਹ ਭ੍ਰਿਸ਼ਟਾਚਾਰ ਖਿਲਾਫ ਸਿਖਰਲੇ ਪੱਧਰ ਤੋਂ ਹੇਠਲੇ ਪੱਧਰ ਤੱਕ ਕੰਮ ਕਰੇਗੀ। ਉਹਨਾਂ ਕਿਹਾ ਕਿ ਆਪ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਇਹ ਦਾਅਵਾ ਕਰ ਰਹੇ ਹਨ ਕਿ ਪੰਜਾਬ ਵਿਚੋਂ 10 ਦਿਨਾਂ ਵਿਚ ਭ੍ਰਿਸ਼ਟਾਚਾਰ ਖਤਮ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਜੇਕਰ ਅਜਿਹੀ ਹੀ ਗੱਲ ਸੀ ਤਾਂ ਫਿਰ ਮੰਤਰੀ ਭ੍ਰਿਸ਼ਟਾਚਾਰ ਕਰਦਾ ਕਿਵੇਂ ਫੜਿਆ ਗਿਆ ? ਉਹਨਾਂ ਕਿਹਾ ਕਿ ਸੂਬੇ ਵਿਚ ਵਿਆਪਕ ਭ੍ਰਿਸ਼ਟਾਚਾਰ ਹੈ ਜਿਸਨੂੰ ਨਕੇਲ ਪਾਉਣ ਦੀ ਲੋੜ ਹੈ ਉਹਨਾਂ ਕਿਹਾ ਕਿ ਦਿੱਲੀ ਤੋਂ ਹੁੰਦੇ ਹੁਕਮਾਂ ਨਾਲ ਤਬਾਦਲਿਆਂ ਤੇ ਤਾਇਨਾਤੀਆਂ ਲਈ ਰਿਸ਼ਵਤਾਂ ਲੈਣ ਦੇ ਦੋਸ਼ ਲੱਗ ਰਹੇ ਹਨ ਜਿਹਨਾਂ ਦੀ ਪੜਤਾਲ ਦੀ ਲੋੜ ਹੈ।
ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ ਸਿਹਤ ਮੰਤਰੀ ਨੂੰ ਬਰਖ਼ਾਸਤ ਕਰਨ ਪਿੱਛੇ ਸਿਰਫ ਭ੍ਰਿਸ਼ਟਾਚਾਰ ਦਾ ਮਾਮਲਾ ਹੀ ਨਹੀਂ ਹੈ ਬਲਕਿ ਉਸ ਵੱਲੋਂ ਦਿੱਲੀ ਵਿਚ ਆਪ ਦੀ ਸਿਖ਼ਰਲੀ ਲੀਡਰਸ਼ਿਪ ਨੁੰ ਭ੍ਰਿਸ਼ਟਾਚਾਰ ਦਾ ਪੈਸਾ ਨਾ ਦੇਣਾ ਵੀ ਇਕ ਕਾਰਨ ਹੈ। ਉਹਨਾਂ ਕਿਹਾ ਕਿ ਆਪ ਸਰਕਾਰ ਨੂੰ ਇਸ ਸਾਰੇ ਮਾਮਲੇ ਦੀ ਕੇਂਦਰੀ ਏਜੰਸੀ ਜਾਂ ਫਿਰ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਮੌਜੂਦਾ ਜੱਜ ਕੋਲੋਂ ਜਾਂਚ ਕਰਵਾਉਣ ਨਾਲ ਹੀ ਸੱਚ ਸਾਹਮਣੇ ਆ ਸਕਦਾ ਹੈ।
ਅਕਾਲੀ ਆਗੂ ਨੇ ਕਿਹਾ ਕਿ ਮੁੱਖ ਮੰਤਰੀ ਆਮ ਆਦਮੀ ਪਾਰਟੀ ਦੇ ਮੁਖੀ ਅਰਵਿੰਦ ਕੇਜਰੀਵਾਲ ਸਮੇਤ ਆਪ ਦੇ ਕੌਮੀ ਆਗੂਆਂ ਵੱਲੋਂ ਵਿਦੇਸ਼ਾਂ ਤੋਂ ਫੰਡ ਪ੍ਰਾਪਤ ਕਰਨ ਦੀ ਨਿਆਂਇਕ ਜਾਂਚ ਦੇ ਹੁਕਮ ਦੇਣ। ਉੁਹਨਾਂ ਕਿਹਾ ਕਿ ਅਜਿਹਾ ਕਰਨਾ ਇਸ ਲਈ ਵੀ ਬਹੁਤ ਜ਼ਰੂਰੀ ਹੈ ਕਿਉਂਕਿ ਆਮ ਆਦਮੀ ਪਾਰਟੀ ਦੇ ਸੰਸਥਾਪਕ ਮੈਂਬਰਾਂ ਤੇ ਸੰਸਦ ਮੈਂਬਰਾਂ ਨੇ ਅਜਿਹੇ ਦੋਸ਼ ਲਗਾਏ ਹਨ।